ਗਿਆਨੀ ਹਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਤੇ ਜਥੇਦਾਰ ਮੰਡ ਵੱਲੋਂ ”ਬੰਦੀ-ਛੋੜ” ਦਿਵਸ ‘ਤੇ ਕੌਮ ਦੇ ਨਾਂ ਵੱਖੋ-ਵੱਖ ਸੰਦੇਸ਼

0
61
The hardliners show black flags to contest Akal Takht Jathedar Giani Harpreet Singh during his customary address on the Bandi Chhod Divas (Diwali) at Golden Temple  on Wdnesday photo vishal kumar
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਲੀਆਂ ਝੰੰਡੀਆਂ ਦਿਖਾਉਂਦੇ ਹੋਏ ਸਿੱਖ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਇਕ ਇਤਿਹਾਸਕ ਰਵਾਇਤ ਮੁਤਾਬਕ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਨਵੇਂ ਥਾਪੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਮੁਬਾਰਕਵਾਦ ਦੇਣ ਦੇ ਨਾਲ-ਨਾਲ ਭਾਰਤ ਵਿਚ ਸਿੱਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਦੇ ਦਰਦ ਦੀ ਬਾਤ ਵੀ ਪਾਈ ਗਈ। ਇਸੇ ਦੌਰਾਨ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਜਗਤਾਰ ਸਿੰਘ ਹਵਾਰਾ ਅਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਇਸ ਮੌਕੇ ਉਤੇ ਵੱਖੋ-ਵੱਖ ਸੰਦੇਸ਼ ਸਮੂਹ ਸਿੱਖ ਕੌਮ ਲਈ ਜਾਰੀ ਕੀਤੇ।
ਆਪਣੇ ਪਹਿਲੀ ਵਾਰ ਦੇ ਸੰਦੇਸ਼ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੀਆਂ ਸਰਕਾਰਾਂ, ਕਾਨੂੰਨ ਤੇ ਅਦਾਲਤਾਂ ਨੂੰ ਲੋਕ ਕਟਹਿਰੇ ਵਿਚ ਖੜ੍ਹੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਦਰਦ ਦਿੱਤਾ ਹੈ, ਜਿਸ ਨਾਲ ਸਿੱਖਾਂ ਨੂੰ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ।
ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰਬਾਣੀ ਦੇ ਗਿਆਨ ਨਾਲ ਦੁਨੀਆਂ ਵਿਚ ਫੈਲੇ ਅੰਧਕਾਰ ਨੂੰ ਖਤਮ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸਾਰੀਆਂ ਪੰਥਕ ਧਿਰਾਂ ਇਕ-ਦੂਜੇ ਨੂੰ ਭੰਡਣ ਦੀ ਥਾਂ ਗੁਰਬਾਣੀ ਦੀ ਰੌਸ਼ਨੀ ਵਿਚ ਕੀਤੇ ਗੁਰਮਤਿ ਕਾਰਜਾਂ ਨੂੰ ਉਤਸ਼ਾਹਿਤ ਕਰਨ ਅਤੇ 2019 ਵਿਚ ਮਨਾਏ ਜਾਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਿਉਂਤਬੰਦੀ ਇਕਜੁੱਟ ਹੋ ਕੇ ਕਰਨ।
ਸਰਬੱਤ ਖ਼ਾਲਸਾ 2015 ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜੇਲ੍ਹ ਵਿਚੋਂ ਲਿਖਿਆ ਸੰਦੇਸ਼ ਜਾਰੀ ਹੋਇਆ ਹੈ, ਜਿਸ ਵਿਚ ਬੰਦੀ ਛੋੜ ਦਿਵਸ ਦੇ ਇਤਿਹਾਸ ਨੂੰ ਦੱਸਦਿਆਂ ਸਿੱਖ ਕੌਮ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕਰਦਿਆਂ ਅਕਾਲ ਤਖ਼ਤ ਦੀ ਪ੍ਰਭੂਸੱਤਾ ਦੇ ਸਿਧਾਂਤ ਨੂੰ ਸਵਾਰਥੀ ਸਿਆਸਤਦਾਨਾਂ ਦੇ ਚੁੰਗਲ ਵਿਚੋਂ ਮੁਕਤ ਕਰਾਉਣ ਲਈ ਆਖਿਆ ਹੈ। ਪੰਥਕ ਏਕਤਾ ਨੂੰ ਜ਼ਰੂਰੀ ਦੱਸਦਿਆਂ ਸਿੱਖ ਕੌਮ ਦੇ ਹਿੱਤਾਂ ਲਈ ‘ਵਰਲਡ ਸਿੱਖ ਪਾਰਲੀਮੈਂਟ’ ਦੀ ਸਥਾਪਨਾ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੌਰਾਨ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਵੱਖਰਾ ਸੰਦੇਸ਼ ਜਾਰੀ ਕੀਤਾ ਹੈ।
ਇਸ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸੰਦੇਸ਼ ਜਾਰੀ ਕਰਨ ਸਮੇਂ ਦੂਜੀਆਂ ਪੰਥਕ ਧਿਰਾਂ ਨਾਲ ਸਬੰਧਤ ਕਾਰਕੁਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਜਦੋਂ ਕਾਰਜਕਾਰੀ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਤਾਂ ਉਥੇ ਹਾਜ਼ਰ ਸਰਬੱਤ ਖ਼ਾਲਸਾ ਪ੍ਰਬੰਧਕਾਂ ਵਿਚ ਸ਼ਾਮਲ ਜਰਨੈਲ ਸਿੰਘ ਸਖੀਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਵਿਰੋਧ ਕੀਤਾ ਗਿਆ। ਇਕ ਧਿਰ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੁਤਵਾਜ਼ੀ ਜਥੇਦਾਰਾਂ ਜਗਤਾਰ ਸਿੰਘ ਹਵਾਰਾ ਅਤੇ ਧਿਆਨ ਸਿੰਘ ਮੰਡ ਪੱਖੀ ਨਾਅਰੇ ਵੀ ਲਾਏ। ਇਸ ਵਾਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਤਿੰਨ ਜਥੇਦਾਰਾਂ ਵਲੋਂ ਵੱਖ-ਵੱਖ ਥਾਵਾਂ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤੇ ਗਏ ਹਨ।