ਕੈਪਟਨ ਤੇ ਰਣਇੰਦਰ ਖ਼ਿਲਾਫ਼ ਵਿਦੇਸ਼ `ਚ ਸੰਪਤੀ ਦਾ ਦੋਸ਼ ਪੱਤਰ

0
592

amrinder-singh-1-6amrinder-singh-1-6

6 ਸਾਲ ਪੁਰਾਣੇ ਕੇਸ `ਚ ਕਾਂਗਰਸ ਪ੍ਰਧਾਨ ਖ਼ਿਲਾਫ਼ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮਦਨ ਕਰ ਵਿਭਾਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਬਿਨਾਂ ਆਮਦਨ ਕਰ ਭੁਗਤਾਨ ਵਾਲੀਆਂ ਵਿਦੇਸ਼ੀ ਸੰਪਤੀਆਂ ਦੇ ਮਾਮਲੇ ਵਿਚ ਜਾਂਚ ਨੂੰ ਲੈ ਕੇ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਭਾਗ ਨੇ ਲੁਧਿਆਣਾ ਦੀ ਇਕ ਅਦਾਲਤ ਵਿਚ ਕੈਪਟਨ ਨੂੰ ਆਮਦਨ ਕਰ ਐਕਟ ਦੀ ਧਾਰਾ 277 ਅਤੇ ਆਈਪੀਸੀ ਦੀਆਂ ਧਾਰਾਵਾਂ 176, 177 ਤੇ 193 ਤਹਿਤ ਕੇਸ ਪਾਇਆ ਗਿਆ ਹੈ। ਚਾਰਜਸ਼ੀਟ ਵਿਦੇਸ਼ ਵਿਚ ਸੰਪਤੀ ਅਤੇ ਸਵਿਸ ਬੈਂਕ ਵਿਚ ਪੈਸੇ ਦੇ ਦੋਸ਼ਾਂ ਨਾਲ ਜੁੜੇ 6 ਸਾਲ ਪੁਰਾਣੇ ਕੇਸ ਵਿਚ ਲੁਧਿਆਣਾ ਦੀ ਅਦਾਲਤ ਵਿਚ ਦੇਰ ਸ਼ਾਮ ਦਾਇਰ ਕੀਤਾ ਗਿਆ ਪਰ ਇਸ ਦੀ ਸੂਚਨਾ ਅਗਲੇ ਦਿਨ ਸ਼ੁੱਕਰਵਾਰ ਨੂੰ ਦਿੱਤੀ। ਸ਼ਿਕਾਇਤ ਅਨੁਸਾਰ ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਜਾਂਚ ਦੌਰਾਨ ਕੈਪਟਨ ਅਤੇ ਉਨ੍ਹਾਂ ਦੇ ਲੜਕੇ ਵੱਲੋਂ ਵਿਦੇਸ਼ ਵਿਚ ਟਰੱਸਟ ਅਤੇ ਹੋਰ ਸੰਪਤੀਆਂ ਵਿਚ ਲਾਭਪਾਤਰੀ ਪਾਇਆ ਗਿਆ ਹੈ।
ਅਮਰਿੰਦਰ ਬੋਲੇ- ਜੇਤਲੀ ਨੂੰ ਚੁਣੌਤੀ ਦੇਣ ਕਾਰਨ ਹੋਈ ਕਾਰਵਾਈ :
ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਵਿੱਤ ਮੰਤਰੀ ਅਰੁਣ ਜੇਤਲੀ `ਤੇ ਉਨ੍ਹਾਂ ਨੂੰ ਫਸਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ, ”ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਤੋਂ ਜ਼ਿਮਨੀ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਜਵਾਬ ਵਿਚ ਉਨ੍ਹਾਂ ਇਹ ਕਾਰਵਾਈ ਕੀਤੀ ਹੈ। ਅਰੁਣ ਜੇਤਲੀ ਕਹਿ ਰਹੇ ਸਨ ਕਿ ਨੋਟਬੰਦੀ ਨੂੰ ਪੂਰੇ ਦੇਸ਼ ਦਾ ਸਮਰਥਨ ਹੈ।

“ ਉਨ੍ਹਾਂ ਆਮਦਨ ਕਰ ਵਿਭਾਗ `ਤੇ ਵੀ ਦੋਸ਼ ਲਾਇਆ ਕਿ ਉਹ ਚੋਣਾਂ ਦੀ ਉਡੀਕ ਕਿਉਂ ਕਰ ਰਿਹਾ ਸੀ ਜਦਕਿ ਦੋ ਸਾਲ ਪਹਿਲਾਂ ਵੀ ਇਹ ਮਾਮਲਾ ਖੋਲ੍ਹਿਆ ਜਾ ਸਕਦਾ ਸੀ।
ਚੀਮਾ ਨੇ ਕਿਹਾ-ਅਮਰਿੰਦਰ ਦੀ ‘ਨਾਜਾਇਜ਼` ਜਾਇਦਾਦ ਜ਼ਬਤ ਹੋਵੇ :
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਜਾਇਜ਼ ਤੌਰ `ਤੇ ਸਵਿਸ ਬੈਂਕਾਂ ਵਿਚ ਜਮ੍ਹਾ ਕੀਤੀ ਗਈ ਦੌਲਤ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਮੋੜਿਆ ਜਾਵੇ। ਪਾਰਟੀ ਦੇ ਬੁਲਾਰੇ ਡਾ[ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਲ 2002 ਵਿੱਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀਵਾਲੀਆ ਹੋ ਚੁੱਕਾ ਸੀ। ਇਹ ਸਾਫ ਹੈ ਕਿ ਉਸ ਦੁਆਰਾ ਵਿਦੇਸ਼ ਵਿੱਚ ਲਿਜਾਏ ਗਏ ਕਰੋੜਾਂ ਰੁਪਏ ਪੰਜਾਬ ਤੋਂ ਕਥਿਤ ਤੌਰ `ਤੇ ਲੁੱਟੇ ਗਏ ਸਨ। ਡਾ[ ਚੀਮਾ ਨੇ ਅੱਗੇ ਕਿਹਾ ਕਿ ਇਹ ਤਾਂ ਕੁਦਰਤੀ ਤੌਰ `ਤੇ ਇੰਨਸਾਫ ਦੀ ਮੰਗ ਹੈ ਕਿ ਇਹ ਪੈਸਾ ਸੂਬੇ ਨੂੰ ਵਾਪਸ ਕੀਤਾ ਜਾਵੇ।` ਇਸ ਮੁੱਦੇ `ਤੇ ਕੈਪਟਨ ਅਮਰਿੰਦਰ ਖਿਲਾਫ਼ ਸ਼ਿਕਾਇਤ ਦਾਇਰ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਇਕ ਵਾਰ ਇਹ ਪੈਸਾ ਸੂਬੇ ਨੂੰ ਵਾਪਸ ਮੋੜ ਦਿੱਤਾ ਜਾਵੇ ਤਾਂ ਇਸ ਦਾ ਇਸਤੇਮਾਲ ਲੋਕਾਂ ਦੀ ਭਲਾਈ ਲਈ ਕੀਤਾ ਜਾਵੇਗਾ। ਡਾ[ ਚੀਮਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਵਲੋਂ ਅਮਰਿੰਦਰ ਖਿਲਾਫ਼ ਦਾਇਰ ਕੀਤੀ ਗਈ ਸ਼ਿਕਾਇਤ ਨੇ ਪੰਜਾਬ ਕਾਂਗਰਸ ਪ੍ਰਧਾਨ ਦੀਆਂ ਉਨ੍ਹਾਂ ਖੋਖਲੀਆਂ ਸ਼ਿਕਾਇਤਾਂ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਸੀ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡਾ[ ਚੀਮਾ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਪੂਰੀ ਜਾਂਚ ਤੋਂ ਬਾਅਦ ਹੀ ਦਾਇਰ ਕੀਤੀਆਂ ਜਾਂਦੀਆਂ ਹਨ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਇਹ ਬਿਆਨਬਾਜ਼ੀ ਸਿਆਸਤ ਤੋਂ ਪ੍ਰੇਰਿਤ ਹੈ।