ਬਾਦਲਾਂ ਦੇ ਕਿਲ੍ਹੇ ‘ਤੇ ਕੈਪਟਨ ਨੇ ਕੀਤੀ ਚੜ੍ਹਾਈ

0
240

amrinder-badal-jarnail
ਕੈਪਟਨ, ਜਰਨੈਲ ਤੇ ਬਾਦਲ ਵਿਚਾਲੇ ਤਿਕੌਣਾ ਮੁਕਾਬਲਾ
ਜੂਨੀਅਰ ਬਾਦਲ ਨੂੰ ਵੀ ਭਗਵੰਤ ਮਾਨ ਤੇ ਰਵਣੀਤ ਬਿੱਟੂ ਵਲੋਂ ਚੁਣੌਤੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਸਿਆਸਤ ਵਿਚ ਚੋਣ ਸੰਘਰਸ਼ ਕਾਫ਼ੀ ਰੌਚਕ ਹੁੰਦਾ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਚਰਚਾ ਲੰਬੀ ਸੀਟ ਨੂੰ ਲੈ ਕੇ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਰਵਾਇਤੀ ਹਲਕੇ ਪਟਿਆਲਾ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਲੰਬੀ ਸੀਟ ਤੋਂ ਵੀ ਚੋਣ ਲੜਨ ਦੇ ਐਲਾਨ ਨਾਲ ਸੰਘਰਸ਼ ਤਿਕੋਣਾ ਹੋ ਗਿਆ ਹੈ।ਕੈਪਟਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ ਤੇ ਉਹ ਬਾਦਲ ਨੂੰ ਉਨ੍ਹਾਂ ਦੇ ਜੱਦੀ ਘਰ ਵਿਚ ਹਰਾ ਕੇ ਦਮ ਲੈਣਗੇ। ਉਧਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਦੇ ਮੈਦਾਨ ਵਿਚ ਨਿਤਰਨ ਨਾਲ ਇਹ ਮੁਕਾਬਲਾ ਹੋਰ ਵੀ ਆਸਾਨ ਹੋ ਗਿਆ ਹੈ। ਕੈਪਟਨ ਤੇ ਬਾਦਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਲੰਬੀ ਤੋਂ ਉਮੀਦਵਾਰ ਹਨ। ਕੈਪਟਨ ‘ਤੇ ਇਹ ਦੋਸ਼ ਲਗਦੇ ਆ ਰਹੇ ਸਨ ਕਿ ਇਹ ਬਾਦਲਾਂ ਨਾਲ ਮਿਲੇ ਹੋਏ ਹਨ, ਪਰ ਹੁਣ ਕੈਪਟਨ ਵਲੋਂ ਲੰਬੀ ਤੋਂ ਚੋਣ ਲੜਨ ਦੇ ਐਲਾਨ ਪਿਛੇ ਭਾਵੇਂ ਉਨ੍ਹਾਂ ਵਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਬਾਦਲਾਂ ਨਾਲ ਕੋਈ ਸਾਂਝ ਨਹੀਂ। ਉਧਰ ਇਹ ਚੋਣ ਖੇਡ ਇਸ ਲਈ ਵੀ ਦਿਲਚਸਪ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਇਸ ਵਾਰ ਬਰਾਬਰ ਦੀ ਟੱਕਰ ਦੇ ਰਹੀ ਹੈ ਤੇ ਕੈਪਟਨ ਵਲੋਂ ਲੰਬੀ ਤੋਂ ਮੈਦਾਨ ਵਿਚ ਉਤਰਨ ਕਾਰਨ ਕਿਤੇ ਇਸ ਦਾ ਸਿੱਧਾ ਲਾਭ ਬਾਦਲ ਨੂੰ ਤਾਂ ਨਹੀਂ ਪਹੁੰਚਾਇਆ ਜਾ ਰਿਹਾ? ਇਹ ਸਵਾਲ ਵੀ ਆਮ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਤਾਂ ਚੱਲ ਹੀ ਰਹੀ ਹੈ, ਲੰਬੀ ਵਿਚ ਲਗਾਤਾਰ ਜਿੱਤਦੇ ਆ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਥਿਤੀ ਵੀ ਇਸ ਵਾਰ ਕਮਜ਼ੋਰ ਨਜ਼ਰ ਆ ਰਹੀ ਹੈ। ਦਰਅਸਲ, ਲੰਬੀ ਵਿਚ ਹੁਣ ਤੱਕ ਇਕ ਬਾਦਲਾਂ ਦੇ ਹੱਕ ਵਿਚ ਭੁਗਤਦਾ ਆ ਰਿਹਾ ਸੀ ਤੇ ਇਸ ਵਾਰ ਇਹ ‘ਆਪ’ ਦੇ ਹੱਕ ਵਿਚ ਨਿਤਰਿਆ ਹੋਇਆ ਹੈ। ਇਸ ਦੇ ਚਲਦਿਆਂ ਬਾਦਲ ਦੀ ਜਿੱਤ ਬੇਯਕੀਨੀ ਪ੍ਰਤੀਤ ਹੋ ਰਹੀ ਸੀ। ਕੈਪਟਨ ਵਲੋਂ ਕੀਤੇ ਐਲਾਨ ਨੇ ਇਸ ਸੀਟ ‘ਤੇ ਮੁਕਾਬਲਾ ‘ਸ਼ੱਕੀ’ ਤੇ ‘ਸਵਾਦਲਾ’ ਬਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਹਨ। ਕੈਪਟਨ ਖ਼ਿਲਾਫ਼ ਚੱਲ ਰਹੇ ਕੇਸ ਬਾਦਲ ਸਰਕਾਰ ਵੱਲੋਂ ਵਾਪਸ ਲੈਣ ਅਤੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਬਿਕਰਮ ਮਜੀਠੀਆ ਦੇ ਨਸ਼ੇ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਨੂੰ ਕੈਪਟਨ ਵੱਲੋਂ ਰੱਦ ਕੀਤੇ ਜਾਣ ਅਤੇ ਕੈਪਟਨ ਦੀ ਬਾਦਲਾਂ ਪ੍ਰਤੀ ਭਾਸ਼ਾ ਵਿੱਚ ਨਰਮੀ ਨੂੰ ਦੋਹਾਂ ਪਾਰਟੀਆਂ ਦੀ ਸਾਂਝ ਨੂੰ ਦਲੀਲ ਦੇ ਤੌਰ ਉੱਤੇ ਪੇਸ਼ ਕੀਤਾ ਜਾ ਰਿਹਾ ਸੀ।
ਆਮ ਕਾਂਗਰਸੀ ਆਗੂ ਨਿੱਜੀ ਗੱਲਬਾਤ ਵਿੱਚ ਇਹ ਕਬੂਲ ਕਰਨ ਲੱਗੇ ਸਨ ਕਿ ਇਨ੍ਹਾਂ ਦੋਸ਼ਾਂ ਦਾ ਕਿਤੇ ਨਾ ਕਿਤੇ ਵੋਟਰਾਂ ਉੱਤੇ ਅਸਰ ਹੋ ਰਿਹਾ ਹੈ। ਕੈਪਟਨ ਨੇ ਬਾਦਲ ਖ਼ਿਲਾਫ਼ ਚੋਣ ਲੜਨ ਦਾ ਐਲਾਨ ਕਰ ਕੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਖਾਰਜ ਕਰ ਦੇਣ ਦੀ ਰਣਨੀਤੀ ਅਪਣਾਈ ਹੈ। ਪਰ ਇਸ ਦੇ ਨਾਲ ਹੀ ਇੱਕ ਨੁਕਸਾਨ ਇਹ ਜ਼ਰੂਰ ਹੁੰਦਾ ਹੈ ਕਿ ਚੋਣ ਵੱਡੀਆਂ ਸ਼ਖ਼ਸੀਅਤਾਂ ਦੁਆਲੇ ਕੇਂਦਰਤ ਹੋ ਕੇ ਰਹਿ ਜਾਂਦੀ ਹੈ ਅਤੇ ਲੋਕਾਂ ਦੇ ਮੁੱਦੇ ਗਾਇਬ ਹੋਣ ਦਾ ਡਰ ਬਣ ਜਾਂਦਾ ਹੈ।
ਇਸੇ ਤਰ੍ਹਾਂ ਜਲਾਲਾਬਾਦ ਤੋਂ ਸੁਖਬੀਰ ਬਾਦਲ ਖ਼ਿਲਾਫ਼ ਕਾਂਗਰਸ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਲੜਾਉਣ ਦਾ ਫੈਸਲਾ ਕੀਤਾ ਹੈ, ਪਰ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਇੰਚਾਰਜ ਭਗਵੰਤ ਮਾਨ ਪਹਿਲਾਂ ਹੀ ਵੱਡੀ ਚੁਣੌਤੀ ਦੇ ਰਹੇ ਹਨ। ਬਾਦਲਾਂ ਨੂੰ ਪਹਿਲੀ ਵਾਰ ਇਸ ਤਰ੍ਹਾਂ ਦੀ ਵੱਡੀ ਚੁਣੌਤੀ ਨਾਲ ਜੂਝਣਾ ਪਵੇਗਾ।