ਅਮਰਨਾਥ ਯਾਤਰਾ ‘ਤੇ ਦਹਿਸ਼ਤੀ ਹਮਲੇ ਦੌਰਾਨ 7 ਮੌਤਾਂ, 15 ਜ਼ਖ਼ਮੀ

0
197

amarnath-yatra
ਕੈਪਸ਼ਨ-ਜੰਮੂ ਕਸ਼ਮੀਰ ‘ਚ ਅਨੰਤਨਾਗ ਵਿੱਚ ਦਹਿਸ਼ਤੀ ਹਮਲੇ ਤੋਂ ਬਾਅਦ ਮੁਸਤੈਦ ਖੜ੍ਹੇ ਸੁਰੱਖਿਆ ਮੁਲਾਜ਼ਮ (ਇਨਸੈੱਟ) ਹਮਲੇ ਵਿੱਚ ਜ਼ਖ਼ਮੀ ਹੋਏ ਦੋ ਸ਼ਰਧਾਲੂ।
ਅਨੰਤਨਾਗ/ਬਿਊਰੋ ਨਿਊਜ਼ :
ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅਤਿਵਾਦੀਆਂ ਤੇ ਪੁਲੀਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਵਿਚ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਅਤੇ 15 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਕੁਝ ਟੀਵੀ ਚੈਨਲਾਂ ਮੁਤਾਬਕ ਕਸ਼ਮੀਰ ਵਿੱਚ ਤਿੰਨ ਥਾਈਂ ਹਮਲੇ ਹੋਏ।
ਪੁਲੀਸ ਦੇ ਇੰਸਪੈਕਟਰ ਜਨਰਲ ਮੁਨੀਰ ਖ਼ਾਨ ਨੇ 7 ਮੌਤਾਂ ਤੇ 15 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਖ਼ਮੀਆਂ ਵਿੱਚ ਇਕ ਪੁਲੀਸ ਮੁਲਾਜ਼ਮ ਸ਼ਾਮਲ ਹੈ। ਇਸ ਬੱਸ ਵਿੱਚ ਸਵਾਰ ਯਾਤਰੀ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਮਗਰੋਂ ਬਾਲਟਾਲ ਤੋਂ ਪਰਤ ਰਹੇ ਸਨ। ਸੀਆਰਪੀਐਫ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਬੱਸ ਇਸ ਅਧਿਕਾਰਤ ਯਾਤਰਾ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਇਹ ਅਮਰਨਾਥ ਧਾਮ ਬੋਰਡ ਕੋਲ ਰਜਿਸਟਰਡ ਸੀ।
ਇਹ ਹਮਲਾ ਅਜਿਹੇ ਸਮੇਂ ਹੋਇਆ, ਜਦੋਂ ਕੁੱਝ ਘੰਟੇ ਪਹਿਲਾਂ ਹੀ ਜੰਮੂ-ਕਸ਼ਮੀਰ ਪੁਲੀਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਢਾਂਚੇ ਨੂੰ ਤੋੜਨ ਦਾ ਦਾਅਵਾ ਕਰਦਿਆਂ ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਦੇ ਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ਼ ਆਦਿਲ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਸੀ।
ਮਹਿਬੂਬਾ ਮੁਫ਼ਤੀ ਸਰਕਾਰ ਦੇ ਸੀਨੀਅਰ ਮੰਤਰੀ ਨਈਮ ਅਖ਼ਤਰ ਨੇ ਇਸ ਹਮਲੇ ਨੂੰ ਕਸ਼ਮੀਰ ਦੇ ਇਤਿਹਾਸ ਦਾ ਕਾਲਾ ਧੱਬਾ ਦੱਸਿਆ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਇਸ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਨੀ ਘੱਟ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ ਨੂੰ ਅਤਿਵਾਦੀਆਂ ਵਿਰੁੱਧ ਮਿਲੀ ਹਾਲੀਆ ਸਫ਼ਲਤਾ ਮਗਰੋਂ ਇਸ ਤਰ੍ਹਾਂ ਦੇ ਹਮਲੇ ਦੀ ਸੰਭਾਵਨਾ ਸੀ।
ਵਾਦੀ ਵਿੱਚ ਕਾਨੂੰਨ ਵਿਵਸਥਾ ਦੀ ਬਣੀ ਸਥਿਤੀ ਕਾਰਨ ਸ਼ਨਿੱਚਰਵਾਰ ਨੂੰ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਵਾਨੀ ਦੀ ਬਰਸੀ ਕਾਰਨ ਵਾਦੀ ਵਿੱਚ ਕਰਫਿਊ ਲਾਇਆ ਗਿਆ ਸੀ।
ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਫ਼ੌਜ ਨੇ ਘੁਸਪੈਠ ਦਾ ਯਤਨ ਨਾਕਾਮ ਕਰਦਿਆਂ ਤਿੰਨ ਅਤਿਵਾਦੀ ਮਾਰ ਦਿੱਤੇ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੌਗਾਮ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਸ਼ੱਕੀ ਗਤੀਵਿਧੀਆਂ ਬਾਰੇ ਪਤਾ ਲੱਗਿਆ। ਜਵਾਨਾਂ ਵੱਲੋਂ ਵੰਗਾਰੇ ਜਾਣ ਉਤੇ ਅਤਿਵਾਦੀਆਂ ਨੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ 3 ਅਤਿਵਾਦੀ ਮਾਰੇ ਗਏ। ਇਸ ਦੌਰਾਨ ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਪੁਣਛ ਸੈਕਟਰ ਵਿੱਚ ਕੰਟਰੋਲ ਰੇਖਾ ਨਾਲ ਸਰਹੱਦੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ।

ਲਸ਼ਕਰ ਦਾ ਹਿੰਦੂ ਚਿਹਰਾ ਗ੍ਰਿਫ਼ਤਾਰ :
ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ਲਸ਼ਕਰ-ਏ-ਤੋਇਬਾ ਗਰੁੱਪ ਦਾ ਪਰਦਾਫਾਸ਼ ਕਰਦਿਆਂ ਉੱਤਰ ਪ੍ਰਦੇਸ਼ ਵਾਸੀ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਦੱਖਣੀ ਕਸ਼ਮੀਰ ਵਿੱਚ 6 ਪੁਲੀਸ ਮੁਲਾਜ਼ਮਾਂ ਦੀ ਹੱਤਿਆ ਕਰਨ ਵਾਲੇ ਇਸ ਗਰੁੱਪ ਦੇ ਸਰਗਰਮ ਮੈਂਬਰ ਸਨ। ਕਸ਼ਮੀਰ ਦੇ ਆਈਜੀਪੀ ਮੁਨੀਰ ਖਾਨ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਸਮੇਤ ਕਈ ਸੰਗੀਨ ਅਪਰਾਧਾਂ ਵਿੱਚ ਸ਼ਾਮਲ ਇਕ ਗਰੁੱਪ ਦਾ ਪਰਦਾਫਾਸ਼ ਕੀਤਾ ਹੈ। ਯੂਪੀ ਦੇ ਮੁਜ਼ੱਫਰਨਗਰ ਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ਼ ਆਦਿਲ ਅਤੇ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਵਸਨੀਕ ਮੁਨੀਬ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਨੂੰ ਉਸੇ ਮਕਾਨ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਬਸ਼ੀਰ ਲਸ਼ਕਰੀ ਪਹਿਲੀ ਜੁਲਾਈ ਨੂੰ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਬਾਅਦ ਮੁਨੀਬ ਸ਼ਾਹ ਕਾਬੂ ਆਇਆ। ਆਈਜੀਪੀ ਨੇ ਦੱਸਿਆ, ”ਸਾਨੂੰ ਹੈਰਾਨੀ ਹੋਈ ਸੀ ਕਿ ਸਥਾਨਕ ਵਸਨੀਕ ਨਾ ਹੋਣ ਦੇ ਬਾਵਜੂਦ ਸੰਦੀਪ ਉਸ ਮਕਾਨ ਵਿੱਚ ਕੀ ਕਰ ਰਿਹਾ ਹੈ, ਜਿੱਥੇ ਲਸ਼ਕਰੀ ਸ਼ਰਨ ਲੈਂਦਾ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਸੰਦੀਪ 2012 ਵਿੱਚ ਵਾਦੀ ਵਿੱਚ ਆਇਆ ਸੀ ਅਤੇ ਉਹ ਗਰਮੀਆਂ ਵਿੱਚ ਇੱਥੇ ਵੈਲਡਰ ਵਜੋਂ ਕੰਮ ਕਰਦਾ ਸੀ ਅਤੇ ਸਿਆਲ ਵਿੱਚ ਉਹ ਪਟਿਆਲਾ ਚਲਾ ਜਾਂਦਾ ਸੀ।”