ਪਿਤਾ ਤੇ ਚਾਚੇ ਨੂੰ ਮਾਤ ਦਿੰਦਿਆਂ ਅਖਿਲੇਸ਼ ਯਾਦਵ ਫੇਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਬਣੇ

0
370

akhilesh-yadav
ਆਗਰਾ (ਯੂ.ਪੀ.) /ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਅਤੇ ਚਾਚਾ ਸ਼ਿਵਪਾਲ ਯਾਦਵ ਨੂੰ ਪਾਸੇ ਕਰ ਪਾਰਟੀ ਉੱਪਰ ਆਪਣੀ ਪਕੜ੍ਹ ਬਣਾਉਂਦਿਆਂ ਅਗਲੇ ਪੰਜ ਸਾਲਾ ਲਈ ਦੋਬਾਰਾ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਚੁਣੇ ਗਏ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਇੱਥੇ ਪਾਰਟੀ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ ਨੇ ਉਨ੍ਹਾਂ ਦੇ ਦੋਬਾਰਾ ਚੁਣੇ ਜਾਣ ਦਾ ਐਲਾਨ ਕੀਤਾ। ਇਸ ਸਮੇਂ ਪਾਰਟੀ ਦੇ ਸੰਵਿਧਾਨ ਵਿਚ ਸੋਧ ਕਰਦਿਆਂ ਪਾਰਟੀ ਮੁਖੀ ਦੇ ਕਾਰਜਕਾਲ ਦਾ ਸਮਾਂ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਕਰ ਦਿੱਤਾ ਗਿਆ। ਹੁਣ ਸਾਲ 2019 ਦੀਆਂ ਲੋਕ ਸਭਾ ਸੀਟਾਂ ਅਤੇ ਸਾਲ 2022 ਵਿਚ ਉੱਪ ਵਿਧਾਨ ਸਭਾ ਦੀਆਂ ਚੋਣਾਂ ਅਖਿਲੇਸ਼ ਯਾਦਵ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ। ਮੁਲਾਇਮ ਯਾਦਵ ਤੇ ਸ਼ਿਵਪਾਲ ਯਾਦਵ ਦੋਵੇਂ ਹੀ ਇਸ ਐਸ.ਪੀ. ਸਮਾਰੋਹ ਤੋਂ ਦੂਰ ਰਹੇ। ਇਸ ਐਲਾਨ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਫਿਰ ਤੋਂ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਭਾਜਪਾ ਨੂੰ ਧੋਖੇ ਤੇ ਝੂਠ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਕਰਾਰ ਦਿੰਦੇ ਹੋਏ ਕਿਹਾ ਕਿ ਹੁਣ ਸਪਾ ਭਾਜਪਾ ਦੇ ਸਾਰੇ ਕਾਰਨਾਮਿਆਂ ਦਾ ਪਰਦਾਫਾਸ਼ ਕਰੇਗੀ। ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਜਯਾ ਬੱਚਨ ਤੇ ਸਾਬਕਾ ਸੰਸਦ ਮੈਂਬਰ ਡਿੰਪਲ ਯਾਦਵ ਵੀ ਮੰਚ ‘ਤੇ ਹਾਜ਼ਰ ਸਨ।