ਅਕਾਲੀ ਆਗੂ ਦੀ ਦੀਪ ਟਰਾਂਸਪੋਰਟ ਦੀ ਬੱਸ ਦੇ ਕੰਡਕਟਰ ਨੇ ਔਰਤ ਦੇ ਮਾਰਿਆ ਥੱਪੜ

0
390

akali-agu-di-bus-driver
ਕੈਪਸ਼ਨ-ਗੁੱਸੇ ਵਿਚ ਆਏ ਲੋਕਾਂ ਵੱਲੋਂ ਘੇਰੀ ਹੋਈ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ।
ਫ਼ਰੀਦਕੋਟ/ਬਿਊਰੋ ਨਿਊਜ਼ :
ਇੱਥੇ ਬਠਿੰਡੇ ਤੋਂ ਫਰੀਦਕੋਟ ਆ ਰਹੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਇੱਕ ਕੰਡਕਟਰ ਨੇ ਕਥਿਤ ਤੌਰ ‘ਤੇ ਇੱਕ ਔਰਤ ਦੇ ਥੱਪੜ ਮਾਰ ਦਿੱਤਾ। ਇਹ ਘਟਨਾ ਜੁਬਲੀ ਸਿਨੇਮੇ ਨੇੜੇ ਵਾਪਰੀ। ਇਸ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਦੀਪ ਟਰਾਂਸਪੋਰਟ ਕੰਪਨੀ ਬੱਸ ਘੇਰ ਲਈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸਿਟੀ ਪੁਲੀਸ ਫਰੀਦਕੋਟ ਨੇ ਵਿਵਾਦ ਪੈਦਾ ਹੋਣ ਤੋਂ ਬਾਅਦ ਨਿਊ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ ਜ਼ਬਤ ਕਰ ਲਈ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਡੀ.ਐੱਸ.ਪੀ. ਮਨਜੀਤ ਕੌਰ ਨੇ ਕਿਹਾ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਫੌਜਦਾਰੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਛਿੰਦਰਪਾਲ ਕੌਰ ਆਪਣੇ ਲੜਕੇ ਤੇ ਪਤੀ ਸਮੇਤ ਤਰਨ ਤਾਰਨ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਜਾ ਰਹੀ ਸੀ। ਉਸ ਨੇ ਨਹਿਰਾਂ ਨੇੜੇ ਬਾਈਪਾਸ ‘ਤੇ ਉੱਤਰਨ ਵਾਸਤੇ ਕੰਡਕਟਰ ਨੂੰ ਬੱਸ ਰੋਕਣ ਲਈ ਕਿਹਾ ਪਰ ਕੰਡਕਟਰ ਨੇ ਬੱਸ ਨਹੀਂ ਰੋਕੀ। ਜਦੋਂ ਔਰਤ ਤੇ ਉਸ ਦੇ ਪੁੱਤ ਨੇ ਇਸ ਗੱਲ ਦਾ ਬੱਸ ਮੁਲਾਜ਼ਮਾਂ ਕੋਲ ਗਿਲਾ ਕੀਤਾ ਤਾਂ ਬੱਸ ਮੁਲਾਜ਼ਮਾਂ ਨੇ ਕਥਿਤ ਤੌਰ ‘ਤੇ ਉਨ੍ਹਾਂ ਦੋਵਾਂ ਨਾਲ ਦੁਰਵਿਹਾਰ ਕੀਤਾ। ਪੀੜਤ ਔਰਤ ਦੇ ਲੜਕੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਬੱਸ ਅਮਲੇ ਨੇ ਉਸ ਦੇ ਥੱਪੜ ਮਾਰਿਆ। ਜਦੋਂ ਉਸ ਦੀ ਮਾਂ ਬਚਾਅ ਲਈ ਅੱਗੇ ਆਈ ਤਾਂ ਉਨ੍ਹਾਂ ਉਸ ਦੀ ਮਾਂ ਦੇ ਵੀ ਥੱਪੜ ਮਾਰ ਦਿੱਤਾ। ਡਾ. ਜੀਵਨ ਜੋਤ ਕੌਰ, ਕਰਨ ਸਿੰਘ, ਅਮਨ ਵੜਿੰਗ, ਵੀਨਾ ਸ਼ਰਮਾ ਤੇ ਸਵਰਨ ਸਿੰਘ ਨੇ ਕਿਹਾ ਕਿ ਦੀਪ ਟਰਾਂਸਪੋਰਟ ਕੰਪਨੀ ਹਾਕਮ ਧਿਰ ਨਾਲ ਸਬੰਧਤ ਹੈ।
ਦੀਪ ਟਰਾਂਸਪੋਰਟ ਕੰਪਨੀ ਦੇ ਅੱਡਾ ਇੰਚਾਰਜ ਸੱਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੇ ਕਿਸੇ ਸਵਾਰੀ ਨਾਲ ਦੁਰਵਿਹਾਰ ਨਹੀਂ ਕੀਤਾ, ਸਵਾਰੀ ਅੱਡੇ ਤੋਂ ਪਹਿਲਾਂ ਉਤਰਨਾ ਚਾਹੁੰਦੀ ਸੀ। ਇਸ ਕਾਰਨ ਥੋੜ੍ਹੀ ਜਿਹੀ ਬਹਿਸ ਹੋਈ ਸੀ।