ਨਾਟਕਕਾਰ ਪ੍ਰੋ. ਅਜਮੇਰ ਔਲਖ ਦਾ ਦੇਹਾਂਤ

0
598

ajmer-singh-aulakh-1
ਮਾਨਸਾ/ਬਿਊਰੋ ਨਿਊਜ਼ :
ਪੰਜਾਬੀ ਦੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਔਲਖ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਖਰੀ ਸਾਹ ਇੱਥੇ ਆਪਣੇ ਘਰ ਵਿੱਚ ਲਿਆ। ਉਹ 75 ਸਾਲ ਦੇ ਸਨ ਤੇ ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਤੇ ਤਿੰਨ ਧੀਆਂ ਹਨ।
ਸ੍ਰੀ ਔਲਖ ਕੈਂਸਰਤੋਂ ਪੀੜਤ ਸਨ ਤੇ ਪੰਜ ਦਿਨ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚੋਂ ਆਪਣਾ ਇਲਾਜ ਕਰਵਾ ਕੇ ਮਾਨਸਾ ਆਏ ਸਨ। ਉਨ੍ਹਾਂ ਦੀ ਵੱਡੀ ਧੀ ਪ੍ਰੋ. ਸੁਪਨਦੀਪ ਕੌਰ ਨੇ ਦੱਸਿਆ ਕਿ ਪ੍ਰੋ. ਔਲਖ ਪਰਿਵਾਰ ਅਤੇ ਮਿਲਣ ਆਏ ਲੋਕਾਂ ਨਾਲ ਹੱਸਦੇ-ਖੇਡਦੇ ਰਹੇ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਸਵੇਰੇ ਤਿੰਨ ਵਜੇ ਉਨ੍ਹਾਂ ਨੂੰ ਪਾਸਾ ਦਿਵਾਇਆ ਗਿਆ ਪਰ ਜਦੋਂ ਪੰਜ ਕੁ ਵਜੇ ਉਹ ਉਨ੍ਹਾਂ ਨੂੰ ਵੇਖਣ ਗਏ ਤਾਂ ਉਦੋਂ ਸ੍ਰੀ ਔਲਖ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਸਨ। ਪ੍ਰੋ. ਔਲਖ ਦੀ ਮੌਤ ਨਾਲ ਇਨਕਲਾਬੀ ਖੱਬੇ ਪੱਖੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਪਿਛਲੀ ਅੱਧੀ ਸਦੀ ਤੋਂ ਨਾਟਕਾਂ ਰਾਹੀਂ ਦੱਬੇ-ਕੁਚਲੇ ਲੋਕਾਂ ‘ਤੇ ਆਧਾਰਤ ਨਾਟਕ ਖੇਡ ਕੇ ਕਿਸਾਨਾਂ-ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਇਨਕਲਾਬੀ ਲਹਿਰ ਦੇ ਅੰਗ-ਸੰਗ ਹੋ ਕੇ ਜੂਝਦੇ ਰਹੇ। ਉਨ੍ਹਾਂ ਦਾ ਪਿੰਡ ਕਿਸ਼ਨਗੜ੍ਹ ਫਰਵਾਹੀ (ਮਾਨਸਾ) ਹੈ ਅਤੇ 28 ਅਗਸਤ 1965 ਤੋਂ ਸਾਲ 2000 ਤੱਕ ਉਨ੍ਹਾਂ ਨੇ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚ ਪੰਜਾਬੀ ਦੇ ਲੈਕਚਰਾਰ ਵਜੋਂ ਨੌਕਰੀ ਕੀਤੀ। ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਪੁਰਸਕਾਰ 2005 ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਭਾਰਤੀ ਸਾਹਿਤ ਸੰਗੀਤ ਅਕਾਦਮੀ ਐਵਾਰਡ (2006) ਤੇ ਸ਼੍ਰੋਮਣੀ ਪੰਜਾਬੀ ਨਾਟਕਕਾਰ (2006) ਵਰਗੇ ਅਨੇਕਾਂ ਮਾਣ-ਸਨਮਾਨ ਉਨ੍ਹਾਂ ਦੀ ਝੋਲੀ ਪਏ। ਉਨ੍ਹਾਂ ਨੇ ਕਲਾਕਾਰਾਂ ਅਤੇ ਲੇਖਕਾਂ ਦੇ ਹੱਕ ਵਿੱਚ ਖੜ੍ਹਦਿਆਂ ਸਰਕਾਰ ਵਿਰੁੱਧ ਰੋਸ ਵਜੋਂ ਸੰਗੀਤ ਨਾਟਕ ਪੁਰਸਕਾਰ ਵਾਪਸ ਵੀ ਕਰ ਦਿੱਤਾ ਸੀ। ਸ੍ਰੀ ਔਲਖ ਦਾ ਜਨਮ ਪਿੰਡ ਕੁੰਭੜਵਾਲ (ਸੰਗਰੂਰ) ਵਿੱਚ ਸੰਨ 1944-45 ਦੇ ਨੇੜੇ-ਤੇੜੇ ਹੋਇਆ ਅਤੇ ਉਸ ਤੋਂਪਿਛੋਂਉਨ੍ਹਾਂ ਦਾ ਪਰਿਵਾਰ ਪਿੰਡ ਛੱਡ ਕੇ ਭੀਖੀ ਨੇੜੇ ਕਿਸ਼ਨਗੜ੍ਹ ਫਰਵਾਹੀ (ਮਾਨਸਾ) ਆ ਵਸਿਆ। 1952 ਵਿੱਚ ਇਸੇ ਪਿੰਡ ਦੇ ਸਕੂਲ ਤੋਂਉਨ੍ਹਾਂ ਨੇ ਪ੍ਰਾਇਮਰੀ ਪਾਸ ਕੀਤੀ ਅਤੇ ਦਸਵੀਂ 1958 ਵਿੱਚ ਭੀਖੀ ਤੋਂ ਕੀਤੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 1965 ਵਿੱਚ ਐਮ.ਏ ਕੀਤੀ। ਉਨ੍ਹਾਂ ਦਾ ਸਮੁੱਚਾ ਪਰਿਵਾਰ ਨਾਟਕ ਕਲਾ ਨਾਲ ਹੀ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜਵਾਈ ਗੁਰਵਿੰਦਰ ਬਰਾੜ ਜਾਣਿਆ-ਪਛਾਣਿਆ ਲੋਕ ਗਾਇਕ ਹੈ।
ਪ੍ਰੋ. ਅਜਮੇਰ ਸਿੰਘ ਔਲਖ ਨੇ 29 ਨਵੰਬਰ 2013 ਨੂੰ ਆਪਣੀ ਅੰਤਿਮ ਇੱਛਾ ਲਿਖ ਕੇ ਰੱਖੀ ਸੀ। ਉਨ੍ਹਾਂ ਲਿਖਿਆ ਕਿਹਾ ਕਿ ਚਿਤਾ ਨੂੰ ਅਗਨੀ ਵਿਖਾਉਣ ਦੀ ਰਸਮ ਪਹਿਲਾਂ ਉਨ੍ਹਾਂ ਦੀਆਂ ਧੀਆਂ, ਜੋ ਉਸ ਸਮੇਂ ਹਾਜ਼ਰ ਹੋਣ, ਕਰਨ। ਭੋਗ ਦੀ ਕੋਈ ਧਾਰਮਿਕ ਰਸਮ ਨਹੀਂ ਹੋਣੀ ਚਾਹੀਦੀ, ਸਿਰਫ਼ ਸ਼ਰਧਾਂਜਲੀ ਸਮਾਗਮ ਰੱਖਿਆ ਜਾਵੇ ਤੇ ਕੋਈ ਸਿਆਸੀ ਬੁਲਾਰਾ ਨਾ ਸੱਦਿਆ ਜਾਵੇ। ਸਮਾਗਮ ਬੇਲੋੜਾ ਤੇ ਲੰਬਾ ਵੀ ਨਾ ਹੋਵੇ।
ਵਿਧਾਨ ਸਭਾ ਵਲੋਂ ਸ਼ਰਧਾਂਜਲੀ:
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਨਾਟਕਕਾਰ ਪ੍ਰੋ. ਅਜਮੇਰ ਔਲਖ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸ਼ਰਧਾਂਜਲੀ ਮਤਾ ਪੜ੍ਹਦਿਆਂ ਕਿਹਾ ਕਿ ਪ੍ਰੋ. ਔਲਖ ਨੇ ਆਪਣੇ ਨਾਟਕਾਂ ਨਾਲ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ ਅਤੇ ਪੰਜਾਬੀ ਸਾਹਿਤ ਦਾ ਦੇਸ਼ ਅਤੇ ਦੁਨੀਆਂ ਵਿੱਚ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋ. ਔਲਖ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਮੂਹ ਮੈਂਬਰਾਂ ਵਲੋਂ ਸਦਨ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਪ੍ਰੋ. ਔਲਖ ਨੂੰ ਸ਼ਰਧਾਂਜਲੀ ਦਿੱਤੀ ਗਈ।