ਰੇਤ ਮਾਫੀਆ ਵੱਲੋਂ ‘ਆਪ’ਵਿਧਾਇਕ ਨਾਲ ਕੁੱਟਮਾਰ ਕਾਂਡ ‘ਚ ਨਵਾਂ ਮੋੜ ਆਇਆ ਪ੍ਰਸ਼ਾਸਨ ਵੱਲੋਂ ਮਾਈਨਿੰਗ ਜਾਇਜ਼ ਕਰਾਰ ਖਹਿਰਾ ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਨ ਦੀ ਚੇਤਾਵਨੀ

0
177

 

 aap-mla-sandoha-case-23-june

 ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰਨ ਲੈ ਕੇ ਜਾਂਦੀ ਹੋਈ ਪੁਲੀਸ ਪਾਰਟੀ
ਸ੍ਰੀ ਆਨੰਦਪੁਰ ਸਾਹਿਬ/ਨੂਰਪੁਰ ਬੇਦੀ/ਬਿਊਰੋ ਨਿਊਜ਼ :

 
ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਬੇਸ਼ੱਕ ਕਥਿਤ ਦੋਸ਼ੀਆਂ ਖਿਲਾਫ਼ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮਾਈਨਿੰਗ ਵਿਭਾਗ ਅਤੇ ਮਾਲ ਵਿਭਾਗ ਵੱਲੋਂ ਮੌਕੇ ਉੱਤੇ ਜਾ ਕੇ ਨਿਸ਼ਾਨਦੇਹੀ ਕਰਨ ਉਪਰੰਤ ਸਾਫ ਕੀਤਾ ਗਿਆ ਕਿ ਘਟਨਾ ਵਾਲੀ ਥਾਂ ’ਤੇ ਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਮਾਈਨਿੰਗ ਵਿਭਾਗ ਦੇ ਚਾਰ ਅਧਿਕਾਰੀਆਂ ਜਿਨ੍ਹਾਂ ਵਿੱਚ ਮਾਈਨਿੰਗ ਗਾਰਡ ਸਾਧੂ ਸਿੰਘ, ਬੀਐਲਈਓ ਸ੍ਰੀ ਆਨੰਦਪੁਰ ਸਾਹਿਬ ਸ੍ਰੀਮਤੀ ਪੂਜਾ, ਫੰਕਸ਼ਨਲ ਮੈਨੇਜਰ ਰਾਕੇਸ਼ ਕਾਂਸਲ ਅਤੇ ਜਨਰਲ ਮੈਨੇਜਰ ਕਮ ਮਾਈਨਿੰਗ ਅਫਸਰ ਐਸਏਐਸ ਨਗਰ ਅਤੇ ਰੂਪਨਗਰ ਦੇ ਹਸਤਾਖਰਾਂ ਹੇਠ ਸੌਂਪੀ ਗਈ ਰਿਪੋਰਟ ਦੀ ਪੁਸ਼ਟੀ ਕਰਦੇ ਹੋਏ ਐੱਸਡੀਐੱਮ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਹਰਸ਼ਾਬੇਲਾ ਖੱਡ ’ਚ ਮਾਈਨਿੰਗ ਕਾਨੂੰਨੀ ਤੌਰ ਉੱਤੇ ਹੋ ਰਹੀ ਸੀ। ਜਿੱਥੋਂ ਤੱਕ 21 ਜੂਨ ਦੀ ਘਟਨਾ ਸਬੰਧੀ ਕੀਤੀ ਗਈ ਪੜਤਾਲ ਤਹਿਤ ਮੌਕਾ ਵੇਖਣ ਉਪਰੰਤ ਇਹ ਤੱਥ ਸਾਹਮਣੇ ਆਏ ਕਿ ਖਾਣ ਬੇਈਂਹਾਰਾ ਦੇ ਖਸਰਾ ਨੰਬਰ 10//7, 8 ਅਤੇ 9 ਨਿਲਾਮੀ ਕੀਤੇ ਨੰਬਰਾਂ ਦੀ ਸੂਚੀ ਵਿੱਚ ਹਨ। ਜਦਕਿ ਹਰਸ਼ਾਬੇਲਾ ਦੇ ਖਸਰਾ ਨੰਬਰ 83/2,3 ਵੀ ਨਿਲਾਮ ਕੀਤੇ ਗਏ ਖਸਰਾ ਨੰਬਰਾਂ ਵਿੱਚ ਆਉਂਦੇ ਹਨ। ਹੁਣ ਖਣਨ ਹਰਸ਼ਾਬੇਲਾ ਦੇ ਨਿਲਾਮ ਕੀਤੇ ਗਏ ਖਸਰਾ ਨੰਬਰਾਂ ਵਿੱਚੋਂ ਹੋਈ ਹੈ।
ਐੱਸਡੀਐਮ ਰਾਕੇਸ਼ ਕੁਮਾਰ ਗਰਗ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਰਿਪੋਰਟ ਡੀਸੀ ਰੂਪਨਗਰ ਦੇ ਦਫਤਰ ਨੂੰ ਭੇਜ ਦਿੱਤੀ ਹੈ।

ਮੁਲਜ਼ਮਾਂ ਦਾ ਚਾਰਦਿਨਾ ਪੁਲੀਸ ਰਿਮਾਂਡ : ਸ੍ਰੀ ਆਨੰਦਪੁਰ ਸਾਹਿਬ ਤੋਂ ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਤਿੰਨ ਕਥਿਤ ਦੋਸ਼ੀਆਂ ਨੂੰ ਨੂਰਪੁਰ ਬੇਦੀ ਪੁਲੀਸ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚ ਜਸਵਿੰਦਰ ਸਿੰਘ ਗੋਲਡੀ, ਅਮਰਜੀਤ ਸਿੰਘ ਅਤੇ ਮਨਜੀਤ ਸਿੰਘ ਨਿਵਾਸੀ ਬੇਈਂਹਾਰਾ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਅਦਾਲਤ ਵੱਲੋਂ ਚਾਰ ਦਿਨਾਂ ਦੇ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਬਚਾਅ ਪੱਖ ਦੇ ਵਕੀਲ ਪਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਧਾਰਾ 307, 295 ਏ, 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਮਾਮਲੇ ਦੇ ਦੋ ਮੁਲਜ਼ਮ ਬਚਿੱਤਰ ਸਿੰਘ ਅਤੇ ਅਜਵਿੰਦਰ ਸਿੰਘ ਭਗੌੜੇ ਹਨ।

ਆਪਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਚਿਤਾਵਨੀ : ਉਧਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇ ਪੁਲੀਸ ਨੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਹਮਲੇ ਕਰਨ ਵਾਲੇ ਕਥਿਤ ਪ੍ਰਮੁੱਖ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਦੌਰਾਨ ਆਪਣਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਚਰਨਜੀਤ ਸਿੰਘ ਜੋੜ, ਹਲਕਾ ਪ੍ਰਧਾਨ ਸੋਹਣ ਸਿੰਘ ਪਲਾਟਾ ਨੇ ਵਿਧਾਇਕ ਅਮਰਜੀਤ ਸੰਦੋਆ ਉੱਤੇ ਹਮਲੇ ਦੀ ਨਿਖੇਧੀ ਕੀਤੀ ਹੈ।

ਆਪਵੱਲੋਂ ਰੂਪਨਗਰ ਵਿੱਚ ਧਰਨਾ : ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿੱਚ ਰੇਤ ਮਾਫ਼ੀਏ ਖ਼ਿਲਾਫ਼ ਫ਼ੈਸਲਾਕੁਨ ਲੜਾਈ ਵਿੱਢੀ ਜਾਵੇਗੀ। ਇਹ ਐਲਾਨ ‘ਆਪ’ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਰੇਤ ਮਾਫ਼ੀਆ ਵੱਲੋਂ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ’ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਪਾਰਟੀ ਵੱਲੋਂ ਇੱਥੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ  25 ਜੂਨ ਨੂੰ ਰੂਪਨਗਰ ਵਿੱਚ ਵੱਡਾ ਧਰਨਾ ਦਿੱਤਾ ਜਾਵੇਗਾ ਤੇ ਪੰਜਾਬ ਵਿੱਚੋਂ ਰੇਤ ਮਾਫ਼ੀਆ ਦਾ ਖਾਤਮਾ ਕਰਨ ਲਈ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ‘ਆਪ’ ਪੰਜਾਬ ਦੀ ਲੀਡਰਸ਼ਿਪ ਤੋਂ ਇਲਾਵਾ ਵੱਡੀ  ਗਿਣਤੀ ਵਿੱਚ ਪਾਰਟੀ ਵਾਲੰਟੀਅਰ ਅਤੇ ਹੋਰ ਲੋਕ ਸ਼ਾਮਲ ਹੋਣਗੇ।   ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖਣਨ ਸਬੰਧੀ ਨੀਤੀ ਬਣਾਉਣ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਣਨ ਤੋਂ ਪ੍ਰਾਪਤ ਹੋਣ ਵਾਲਾ ਪੈਸਾ ਸਬੰਧਤ ਇਲਾਕਿਆਂ ਦੇ ਵਿਕਾਸ ਲਈ ਖ਼ਰਚਿਆ ਜਾਣਾ ਚਾਹੀਦਾ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ  ਅਮਰਜੀਤ ਸਿੰਘ ਸੰਦੋਆ ’ਤੇ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਇੱਕ ਵਿਧਾਇਕ ਮਹਿਫੂਜ਼ ਨਹੀਂ ਹੈ ਤਾਂ ਆਮ ਲੋਕਾਂ ਦੀ ਹਿਫਾਜ਼ਤ ਕੌਣ ਕਰੇਗਾ।
ਸ੍ਰੀ ਖਹਿਰਾ ਨੇ  ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਪੱਗ ਲਾਹੇ ਜਾਣ ਦੇ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੀ ਚੁੱਪ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਵਰਗੇ ਅਕਾਲੀ ਆਗੂ ਦੀ ਪੱਗ ਲੱਥੀ ਹੁੰਦੀ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਖ਼ੁਦ ਰੂਪਨਗਰ ਆ ਜਾਣਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਵਿਧਾਇਕ ਸੰਦੋਆ ’ਤੇ ਹਮਲਾ ਕਰਨ ਵਾਲਿਆਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਵਿਧਾਇਕ ਸੰਦੋਆ ’ਤੇ ਹਮਲਾ ਕਰਨ ਵਾਲਿਆਂ ਵਿੱਚ ਮੁੱਖ ਮੁਲਜ਼ਮ ਅਜਵਿੰਦਰ ਸਿੰਘ ਵੱਲੋਂ ਵਿਧਾਇਕ ’ਤੇ ਪੈਸੇ ਮੰਗਣ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਤੇ ਕਿਹਾ ਕਿ ਜੇਕਰ ਉਸ ਦੇ ਦੋਸ਼ਾਂ ਵਿੱਚ ਸੱਚਾਈ ਹੈ ਤਾਂ ਉਹ ਸਬੂਤ ਪੇਸ਼ ਕਰੇ। ਇਸ ਮਗਰੋਂ ‘ਆਪ’ ਕਰਕੁਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਧਰਨੇ ਨੂੰ ‘ਆਪ’ ਦੇ ਵਿਧਾਇਕ ਬਲਦੇਵ ਸਿੰਘ, ਬੁੱਧ ਰਾਮ, ਕੁਲਵੰਤ ਸਿੰਘ ਪੰਡੋਰੀ ਅਤੇ ਜਗਦੇਵ ਸਿੰਘ, ‘ਆਪ’ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਹਰਦਿਆਲ ਸਿੰਘ, ‘ਆਪ’ ਆਗੂ ਡਾ. ਚਰਨਜੀਤ ਸਿੰਘ, ਬਲਵੰਤ ਸਿੰਘ ਚਾਂਦਪੁਰੀ, ਚਮਨ ਲਾਲ, ਕਮਿੱਕਰ ਸਿੰਘ, ਰਣਜੀਤ ਸਿੰਘ ਪਤਿਆਲਾ, ਕੁਲਦੀਪ ਸਿੰਘ ਘਨੌਲੀ ਤੇ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ।