ਭਗਵੰਤ ਮਾਨ ਨੇ ‘ਆਪ’ ਦਾ ਜਥੇਬੰਦਕ ਢਾਂਚਾ ਕੀਤਾ ਭੰਗ

0
392

ਪਹਿਲੀ ਵਾਰ ਸਾਰੇ ਵਿਧਾਇਕ ਪੁੱਜੇ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ

aap-meeting

ਕੈਪਸ਼ਨ-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਮੁੱਚੀ ਲੀਡਰਸ਼ਿਪ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੀ ਲੀਡਰਸ਼ਿਪ ਵੱਲੋਂ ਸੂਬੇ ਦੇ ਬਣਾਏ ਜਥੇਬੰਦਕ ਢਾਂਚੇ ਨੂੰ ਭੰਗ ਕਰ ਕੇ ਇੱਕ ਮਹੀਨੇ ਵਿੱਚ ਪੰਜਾਬ ਦੀ ਨਵੀਂ ਬਾਡੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਸੁਖਪਾਲ ਖਹਿਰਾ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨਾਲ ਮੀਟਿੰਗਾਂ ਤੋਂ ਬਾਅਦ ਪੰਜਾਬ ਇਕਾਈ ਭੰਗ ਕਰਨ ਦਾ ਐਲਾਨ ਕੀਤਾ। ਪਾਰਟੀ ਦੀ ਮੁੱਖ ਲੀਡਰਸ਼ਿਪ ਨੇ ਅਣਕਿਆਸੀ ਹਾਰ ਤੋਂ ਬਾਅਦ ਪਹਿਲੀ ਵਾਰ ਇਕੱਠਿਆਂ ਮੀਡੀਆ ਅੱਗੇ ਆ ਕੇ ਪਾਰਟੀ ਵਿੱਚ ਸਭ ਕੁਝ ਠੀਕ ਹੋਣ ਦਾ ਸੰਕੇਤ ਦੇਣ ਦਾ ਯਤਨ ਕੀਤਾ। ਸ੍ਰੀ ਮਾਨ ਨੇ ਪ੍ਰਮੁੱਖ ਲੀਡਰਾਂ ਸਮੇਤ ਦਾਅਵਾ ਕੀਤਾ ਕਿ ਪਾਰਟੀ ਵਿੱਚ ਸਭ ਠੀਕ-ਠਾਕ ਹੈ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਨੇ ਮੁੜ ਆਪਣੇ-ਆਪ ਨੂੰ ਲਾਮਬੰਦ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੁੱਚੀ ਲੀਡਰਸ਼ਿਪ ਨਾਲ ਹਾਰ ਦਾ ਆਤਮ ਮੰਥਨ ਕੀਤਾ ਹੈ ਅਤੇ ਉਹ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਕੂੜ ਪ੍ਰਚਾਰ ਨਾਲ ਪੰਜਾਬ ਜਾਂ ਦਿੱਲੀ ਦੀਆਂ ਪਾਰਟੀ ਇਕਾਈਆਂ ਉਪਰ ਕੋਈ ਅਸਰ ਨਹੀਂ ਹੈ ਅਤੇ ਉਹ ਸੂਬੇ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਸਮੇਤ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਜ਼ੋਰ ਨਾਲ ਨਿੱਤਰਨਗੇ। ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਲੜਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਆਪ’ ਨੂੰ ਸਮਰਥਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਸਾਡੇ (ਲੀਡਰਾਂ) ਵਿੱਚ ਹੀ ਕੁਝ ਖਾਮੀਆਂ ਰਹਿ ਗਈਆਂ ਸਨ। ਹੁਣ ਸ੍ਰੀ ਫੂਲਕਾ ਵਿਧਾਨ ਸਭਾ ਅਤੇ ਉਹ ਸਮੁੱਚੀ ਲੀਡਰਸ਼ਿਪ ਸਮੇਤ ਪੰਜਾਬ ਵਿੱਚ ਕੈਪਟਨ ਸਰਕਾਰ ਦੇ ਫੋਕੇ ਵਾਅਦਿਆਂ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਸ੍ਰੀ ਮਾਨ, ਸ੍ਰੀ ਫੂਲਕਾ, ਸ੍ਰੀ ਅਰੋੜਾ, ਸਾਧੂ ਸਿੰਘ ਅਤੇ ਸ੍ਰੀ ਖਹਿਰਾ ਨੇ ਸਾਰਾ ਦਿਨ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਜ਼ੋਨਾਂ ਦੀ ਸਮੁੱਚੀ ਲੀਡਰਸ਼ਿਪ, ਵਿਧਾਇਕਾਂ, ਚੋਣ ਹਾਰੇ ਉਮੀਦਵਾਰਾਂ ਅਤੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਨਾਲ ਮੀਟਿੰਗਾਂ ਕਰਨ ਉਪਰੰਤ ਦਾਅਵਾ ਕੀਤਾ ਕਿ ਸੂਬੇ ਵਿੱਚ ਮੁੜ ਝਾੜੂ ਦਾ ਬੋਲਬਾਲਾ ਕਾਇਮ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਖਹਿਰਾ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਉਣ ਲਈ ਅਪਣਾਈ ਨੀਤੀ ਦੇ ਵਿਰੁੱਧ ਹਨ ਪਰ ਭਗਵੰਤ ਮਾਨ ਨਾਲ ਉਨ੍ਹਾਂ ਦਾ ਕੋਈ ਨਿੱਜੀ ਮਤਭੇਦ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਦਲ ਦੇ ਚੀਫ਼ ਵਿਪ੍ਹ ਦੇ ਅਹੁਦੇ ਤੋਂ ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਹਾਲੇ ਵੀ ਬਰਕਰਾਰ ਹਨ। ਪਾਰਟੀ ਦੇ ਨਵ-ਨਿਯੁਕਤ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹ 18 ਮਈ ਤੋਂ ਪੰਜਾਬ ਦਾ ਦੌਰਾ ਸ਼ੁਰੂ ਕਰਨਗੇ ਅਤੇ ਇੱਕ ਮਹੀਨੇ ਵਿੱਚ ਪੰਜਾਬ ਇਕਾਈ ਦਾ ਗਠਨ ਕਰ ਦਿੱਤਾ ਜਾਵੇਗਾ।
ਗੁਰਪ੍ਰੀਤ ਵੜੈਚ ਨੂੰ ਨਹੀਂ ਮਨਾਉਣਗੇ ਮਾਨ :
ਭਗਵੰਤ ਮਾਨ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਕਨਵੀਨਰ ਗੁਰਪ੍ਰੀਤ ਘੁੱਗੀ ਨੂੰ ਮਨਾਉਣ ਦੇ ਰੌਂਅ ਵਿੱਚ ਨਹੀਂ ਜਾਪਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਘੁੱਗੀ ਨੂੰ ਮਨਾਉਣ ਦਾ ਯਤਨ ਕਰਨਗੇ ਤਾਂ ਉਨ੍ਹਾਂ ਬੜੀ ਬੇਰੁਖ਼ੀ ਨਾਲ ਕਿਹਾ ਕਿ ਉਹ ਸਾਰੇ ਰੁੱਸੇ ਆਗੂਆਂ ਨੂੰ ਹੀ ਮਨਾਉਣ ਲਈ ਯਤਨ ਕਰਨਗੇ।