ਆਮਦਨ ਕਰ ਵਿਭਾਗ ਨੇ ਫੰਡਾਂ ‘ਚ ਗੜਬੜੀ ਦੇ ਆਧਾਰ ‘ਤੇ ‘ਆਪ’ ਦੀ ਮਾਨਤਾ ਰੱਦ ਕਰਨ ਦੀ ਕੀਤੀ ਸਿਫ਼ਾਰਸ਼

0
478

aap-di-manta-arvind-kejriwal
ਦਿੱਲੀ/ਬਿਊਰੋ ਨਿਊਜ਼ :
ਆਮਦਨ ਕਰ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਦਾਨ (ਡੋਨੇਸ਼ਨ) ਵਜੋਂ ਮਿਲੀ 27 ਕਰੋੜ ਦੀ ਰਾਸ਼ੀ ਸਬੰਧੀ ਪਾਰਟੀ ਵੱਲੋਂ ਤਿਆਰ ਆਡਿਟ ਰਿਪੋਰਟ ਵਿਚ ਕਈ ਖ਼ਾਮੀਆਂ ਹਨ ਤੇ ਰਿਪੋਰਟ ਪੂਰੀ ਤਰ੍ਹਾਂ ਗ਼ਲਤ ਹੈ। ਵਿਭਾਗ ਨੇ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪਦਿਆਂ ਸੁਝਾਅ ਦਿੱਤਾ ਹੈ ਕਿ ਰਿਪੋਰਟ ਦੇ ਆਧਾਰ ‘ਤੇ ‘ਆਪ’ ਨੂੰ ਜਿੱਥੇ ਆਈਟੀ ਐਕਟ ਤਹਿਤ ਆਮਦਨ ਕਰ ਵਿੱਚ ਮਿਲਦੀ ਛੋਟ ਨੂੰ ਖ਼ਤਮ ਕੀਤਾ ਜਾ ਸਕਦਾ ਹੈ, ਉਥੇ ਪਾਰਟੀ ਦੀ ਮਾਨਤਾ ਰੱਦ ਕਰਨ ਸਬੰਧੀ ਸਖ਼ਤ ਫ਼ੈਸਲਾ ਵੀ ਲਿਆ ਜਾ ਸਕਦਾ ਹੈ, ਪਰ ਇਹ ਫ਼ੈਸਲਾ ਲੈਣ ਦਾ ਅਧਿਕਾਰ ਸਿਰਫ਼ ਚੋਣ ਕਮਿਸ਼ਨ ਕੋਲ ਹੀ ਹੈ। ਚੋਣ ਕਮਿਸ਼ਨ ਨੂੰ ਸੌਂਪੀ ਰਿਪੋਰਟ ਵਿੱਚ ਆਮਦਨ ਕਰ ਵਿਭਾਗ ਨੇ ਕਿਹਾ ਕਿ ਉਸ ਵੱਲੋਂ ਪਿਛਲੇ ਇਕ ਸਾਲ ਤੋਂ ਆਮ ਆਦਮੀ ਪਾਰਟੀ ਦੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਲ 2013-14 ਤੇ 2014-15 ਦੇ ਰਿਕਾਰਡ ਦੀ ਕੀਤੀ ਘੋਖ ਤੋਂ ਸਪਸ਼ਟ ਹੈ ਕਿ ਇਸ ਵਿੱਚ ਕਈ ‘ਵਾਸਤਵਿਕ ਉਕਾਈਆਂ’ ਹਨ ਤੇ ਪਾਰਟੀ ਨੂੰ ਦਾਨ ਵਜੋਂ ਮਿਲੀ ਅਸਲ ਰਾਸ਼ੀ ਨਾਲ ਅੰਕੜੇ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਪਾਰਟੀਆਂ ਵੱਲੋਂ ਆਮ ਕਰਕੇ ਆਡਿਟ ਰਿਪੋਰਟ ਆਪਣੇ ਚਾਰਟਰਡ ਅਕਾਊਂਟੈਂਟਾਂ ਦੀ ਸਲਾਹ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਮਗਰੋਂ ਇਸ ਦੀ ਇਕ ਕਾਪੀ ਕਾਨੂੰਨ ਮੁਤਾਬਕ ਆਮਦਨ ਕਰ ਵਿਭਾਗ ਨੂੰ ਸੌਂਪਣੀ ਹੁੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਰਟੀ ਦੇ ਖ਼ਜ਼ਾਨਚੀ ਨੇ ਟੈਕਸ ਅਧਿਕਾਰੀਆਂ ਕੋਲ ਖਾਤਿਆਂ ਵਿਚ ‘ਕੁਝ ਖਾਮੀਆਂ’ ਹੋਣ ਦੀ ਗੱਲ ਕਬੂਲੀ ਹੈ ਤੇ ਦਾਨ ਵਜੋਂ ਮਿਲੀ 27 ਕਰੋੜ ਦੀ ਰਾਸ਼ੀ ਦੇ ਰਿਕਾਰਡ ਵਿਚ ਕੁਝ ਘਾਟਾਂ ਹਨ।
ਕੇਜਰੀਵਾਲ ਬੋਲੇ-ਮੋਦੀ ਦੀ ਇਹ ਭੈੜੀ ਸਾਜ਼ਿਸ਼ :
ਪੰਜਾਬ ਤੇ ਗੋਆ ਚੋਣਾਂ ਤੋਂ ਐਨ ਪਹਿਲਾਂ ਆਮਦਨ ਕਰ ਵਿਭਾਗ ਵੱਲੋਂ ਚੋਣ ਕਮਿਸ਼ਨ ਨੂੰ ‘ਆਪ’ ਦੀ ਮਾਨਤਾ ਰੱਦ ਕੀਤੇ ਜਾਣ ਦੇ ਦਿੱਤੇ ਸੁਝਾਅ ਤੋਂ ਖ਼ਫ਼ਾ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਭੈੜੀ ਸਾਜ਼ਿਸ਼’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ‘ਨਿਰਲੱਜ ਤਾਨਾਸ਼ਾਹ’ ਹੈ, ਜੋ ਪਾਰਟੀ ਦੀ ਮਾਨਤਾ ਰੱਦ ਕਰਾਉਣ ਦੇ ਆਹਰ ਵਿੱਚ ਹੈ।