ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਿਵਾਸ ਵੱਲ ਰੋਸ ਮਾਰਚ

0
127
New Delhi: AAP workers march from Mandi House to Prime Minister's residence in support of Delhi Chief Minister Arvind Kejriwal's dharna at LG's office, in New Delhi on Sunday, June 17, 2018. (PTI Photo/Kamal Kishore) (PTI6_17_2018_000126A)
ਆਪ ਦੇ ਵਰਕਰ ਅਰਵਿੰਦ ਕੇਜਰੀਵਾਲ ਦੇ ਧਰਨੇ ਦੇ ਹੱਕ ‘ਚ ਮੰਡੀ ਹਾਊਸ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਦੇ ਹੋਏ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਹਜ਼ਾਰਾਂ ਕਾਰਕੁਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਸ ਕੋਰਸ ਰੋਡ ਵਾਲੇ ਨਿਵਾਸ ਵੱਲ ਕੂਚ ਕਰ ਕੇ ਮੰਗ ਕੀਤੀ ਗਈ ਕਿ ਉਹ ਦਿੱਲੀ ਦੇ ਆਈਏਐਸ ਅਧਿਕਾਰੀਆਂ ਦੀ ‘ਅਣਐਲਾਨੀ ਹੜਤਾਲ’ ਖਤਮ ਕਰਵਾਉਣ ਲਈ ਉਪ ਰਾਜਪਾਲ ਅਨਿਲ ਬੈਜਲ ਨੂੰ ਹਦਾਇਤ ਕਰਨ। ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸੀਪੀਆਈਐਮ ਦੇ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਭਾਜਪਾ ਸਰਕਾਰ ਰਾਜਾਂ ਵਿਚ ਰਾਜਪਾਲਾਂ ਤੇ ਉਪ ਰਾਜਪਾਲਾਂ ਜ਼ਰੀਏ ਗ਼ੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਵੇਂ ਦੇਸ਼ ਦੇ ਸੰਘੀ ਢਾਂਚੇ ਨੂੰ ਬਰਬਾਦ ਕਰ ਰਹੀ ਹੈ।
ਦਿੱਲੀ ਦੇ ਮੰਡੀ ਹਾਊਸ ਮੈਟਰੋ ਸਟੇਸ਼ਨ ਨੇੜੇ ਇਕੱਠੇ ਹੋਏ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਕੂਚ ਕੀਤਾ। ਭਾਰੀ ਪੁਲੀਸ ਬੰਦੋਬਸਤ ਵਿੱਚ ‘ਆਪ’ ਆਗੂਆਂ ਤੇ ਕਾਰਕੁਨਾਂ ਦਾ ਕਾਫ਼ਲਾ ਸੰਸਦ ਮਾਰਗ ਤਕ ਪੁੱਜਣ ਵਿੱਚ ਸਫ਼ਲ ਰਿਹਾ ਜਿਸ ਨੂੰ ਅੱਗੋਂ ਪੁਲੀਸ ਨੇ ਵਧਣ ਤੋਂ ਰੋਕ ਦਿੱਤਾ। ਰੋਸ ਮਾਰਚ ਕਾਰਨ ਕੇਂਦਰੀ ਦਿੱਲੀ ਜਾਮ ਹੋ ਕੇ ਰਹਿ ਗਈ। ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਨਿਵਾਸ ਨੇੜੇ ਜਾਣ ਤੋਂ ਰੋਕਣ ਲਈ ਦਿੱਲੀ ਪੁਲੀਸ ਵੱਲੋਂ ਸਵੈਟ ਕਮਾਂਡੋ ਦਸਤੇ ਸਮੇਤ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ। ਦਿੱਲੀ ਮੈਟਰੋ ਦੇ ਪੰਜ ਸਟੇਸ਼ਨ ਲੋਕ ਕਲਿਆਣ ਮਾਰਗ, ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ ਤੇ ਜਨਪਥ ਲੋਕਾਂ ਦੇ ਆਉਣ, ਜਾਣ ਲਈ ਬੰਦ ਕਰ ਦਿੱਤੇ ਗਏ।
ਰੋਸ ਮਾਰਚ ਦੌਰਾਨ ‘ਐਲਜੀ ਸਾਬ੍ਹ ਦਿੱਲੀ ਛੱਡੋ’ ਦੇ ਨਾਅਰੇ ਲਾਏ ਗਏ ਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਰਾਜ ਸਭਾ ਮੈਂਬਰ ਸੰਜੇ ਸਿੰਘ, ਆਸ਼ੂਤੋਸ਼ ਤੇ ਹੋਰਨਾਂ ਨੇ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਅਤੇ ਉਪ ਰਾਜਪਾਲ ‘ਤੇ ਦਿੱਲੀ ਸਰਕਾਰ ਦੇ ਵਿਕਾਸ ਕੰਮਾਂ ਵਿਚ ਢੁੱਚਰਾਂ ਡਾਹੁਣ ਦੇ ਦੋਸ਼ ਲਾਏ। ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਸਮੇਤ ਹੋਰ ਵਿਧਾਇਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੱਸਾਂ ਲਿਆਉਣ ਤੋਂ ਰੋਕਿਆ ਗਿਆ ਤੇ ਦਫ਼ਤਰਾਂ ਨੇੜੇ ਵੀ ਘੇਰੇ ਪਾਏ ਗਏ। ਸਾਬਕਾ ਮੰਤਰੀ ਸੋਮਨਾਥ ਭਾਰਤੀ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਵੱਲੋਂ ਲੋਕਾਂ ਨੂੰ ਇਕੱਠੇ ਹੋਣ ਤੋ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਦਿੱਲੀ ਵਾਸੀ ਅਧਿਕਾਰਾਂ ਲਈ ਸੜਕਾਂ ਉਪਰ ਉੱਤਰੇ। ਸ਼ਹਿਰ ਦੀਆਂ ਕਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੇ ਵੀ ਪ੍ਰਦਰਸ਼ਨ ਦਾ ਸਮਰਥਨ ਕੀਤਾ। ਦਿੱਲੀ ਪੁਲੀਸ ਅਧਿਕਾਰੀ ਅਜੇ ਚੌਧਰੀ ਮੁਤਾਬਕ ਇਸ ਪ੍ਰਦਰਸ਼ਨ ਦੀ ਆਗਿਆ ਲੈਣ ਲਈ ਕੋਈ ਅਰਜ਼ੀ ਨਹੀਂ ਦਿੱਤੀ ਗਈ ਸੀ ਤੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ 3 ਕੈਬਨਿਟ ਮੰਤਰੀਆਂ ਵੱਲੋਂ ਸੱਤਵੇਂ ਦਿਨ ਵੀ ਦਿੱਲੀ ਦੇ ਉਪ ਰਾਜਪਾਲ ਦੇ ਰਾਜਨਿਵਾਸ ਵਿਖੇ ਧਰਨਾ ਜਾਰੀ ਰਿਹਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ ਵੱਲੋਂ ਭੁੱਖ ਹੜਤਾਲ ਵੀ ਜਾਰੀ ਰਹੀ। ਕਿਰਤ ਮੰਤਰੀ ਗੋਪਾਲ ਰਾਇ ਵੀ ਉਨ੍ਹਾਂ ਨਾਲ ਧਰਨੇ ‘ਤੇ ਡਟੇ ਹੋਏ ਹਨ। ਸ੍ਰੀ ਸਤਿੰਦਰ ਜੈਨ ਨੇ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਧਰਨੇ ਨੂੰ ‘ਏਸੀ ਕਮਰਾ ਧਰਨਾ’ ਕਰਾਰ ਦੇਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਦਿੱਲੀ ਦੀ ਜਨਤਾ ਦੀ ਲੜਾਈ ਲੜ ਰਹੇ ਹਨ ਤੇ ਉਨ੍ਹਾਂ ਉੱਥੇ ਸਿਰਫ਼ ਇੱਕ ਕਮਰਾ ਜਿਸ ਵਿਚ ਦੋ ਸੋਫ਼ੇ ਤੇ ਇੱਕ ਛੋਟਾ ਜਿਹਾ ਗੁਸਲਖ਼ਾਨਾ ਹੋਣ ਦਾ ਦਾਅਵਾ ਕੀਤਾ। ਉਧਰ, ਭਾਜਪਾ ਦੇ ਵਿਧਾਇਕਾਂ ਤੇ ਆਗੂਆਂ ਵੱਲੋਂ ਆਪ ਦੇ ਧਰਨੇ ਦੇ ਵਿਰੋਧ ਵਿੱਚ ਦਿੱਲੀ ਸਕੱਤਰੇਤ ਵਿੱਚ ਧਰਨਾ ਜਾਰੀ ਰਿਹਾ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਭਾਜਪਾ ਵਿਰੋਧੀ ਤੇ ਨਰਿੰਦਰ ਮੋਦੀ ਵਿਰੋਧੀ’ ਮੋਰਚਾ ਬਣਾਉਣ ਲਈ ਸਿਆਸੀ ਸਟੰਟ ਕਰ ਰਹੇ ਹਨ।