ਆਮ ਆਦਮੀ ਪਾਰਟੀ ਦਿੱਲੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੇ ਹੁਕਮਾਂ ਉੱਤੇ ਰਾਸ਼ਟਰਪਤੀ ਨੇ ਲਾਈ ਮੋਹਰ

0
543
New Delhi: Senior AAP leaders Gopal Rai and Dilip Pandey address a press conference in New Delhi on Sunday.   PTI Photo by Kamal Kishore(PTI1_21_2018_000110B)
‘ਆਪ’ ਆਗੂ ਗੋਪਾਲ ਰਾਏ ਅਤੇ ਦਿਲੀਪ ਪਾਂਡੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਦਿੱਲੀ ਦੀ ਸੱੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਦੋਹਰੇ ਲਾਭ ਦੇ ਨਿਯਮ ਤਹਿਤ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰ ਲਿਆ ਹੈ। ਉਧਰ ‘ਆਪ’ ਨੇ ਇਸ ਕਾਰਵਾਈ ਨੂੰ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਲੋਕਤੰੰਰ ਲਈ ਖ਼ਤਰਾ ਕਰਾਰ ਦਿੱਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਚੋਣ ਕਮਿਸ਼ਨ ਦੀ ਸਿਫਾਰਸ਼ ਉੱਤੇ ਕੱਲ੍ਹ ਸਹਿਮਤੀ ਦੇ ਦਿੱਤੀ ਸੀ।
ਦੇਸ਼ ਦੇ ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟਫਿਕੇਸ਼ਨ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਗਟ ਕੀਤੀ ਰਾਇ ਦੀ ਰੋਸ਼ਨੀ ਵਿੱਚ ਦਿੱਲੀ ਵਿਧਾਨ ਸਭਾ ਦੇ 20 ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਨ੍ਹਾਂ 20 ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਸੀ ਤੇ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਵਕੀਲ ਪ੍ਰਸ਼ਾਂਤ ਪਟੇਲ ਨੇ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਸੀ, ਜਿਸ ਬਾਰੇ ਤਤਕਾਲੀ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਤੋਂ ਰਾਇ ਮੰਗੀ ਸੀ ਤੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ। ਆਪ ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਕਿਹਾ ਕਿ ਰਾਸ਼ਟਰਪਤੀ ਦਾ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਗੈਰਸੰਵਿਧਾਨਕ ਅਤੇ ਜਮਹੂਰੀਅਤ ਲਈ ਖਤਰਾ ਹੈ।
ਰਾਸ਼ਟਰਪਤੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅਯੋਗ ਠਹਿਰਾਏ ਵਿਧਾਇਕਾਂ ਵਿੱਚ ਅਦਰਸ਼ ਸਾਸ਼ਤਰੀ, ਅਲਕਾ ਲਾਂਬਾ, ਅਨਿਲ ਬਾਜਪਾਈ, ਅਵਤਾਰ ਸਿੰਘ, ਕੈਲਾਸ਼ ਗਹਿਲੋਤ, ਮਦਨ ਲਾਲ, ਮਨੋਜ ਕੁਮਾਰ, ਨਰੇਸ਼ ਯਾਦਵ, ਨਿਤਿਨ ਤਿਆਗੀ, ਪ੍ਰਵੀਨ ਕੁਮਾਰ, ਰਾਜੇਸ਼ ਗੁਪਤਾ, ਰਾਜੇਸ਼ ਰਿਸ਼ੀ, ਸੰਜੀਵ ਝਾਅ, ਸਾਰਿਤਾ ਸਿੰਘ, ਸੋਮ ਦੱਤ, ਸ਼ਰਦ ਕੁਮਾਰ, ਸ਼ਿਵ ਚਰਨ ਗੋਇਲ, ਸੁਖਬੀਰ ਸਿੰਘ, ਵਿਜੇਂਦਰ ਗਰਗ ਅਤੇ ਜਰਨੈਲ ਸਿੰਘ ਸ਼ਾਮਲ ਹਨ।
ਉਧਰ ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਤੋਂ ਅਯੋਗ ਠਹਿਰਾਈ ਵਿਧਾਇਕਾ ਅਲਕਾ ਲਾਂਬਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਐਤਵਾਰ ਨੂੰ ਛੁੱਟੀ ਦੇ ਦਿਨ ਹੀ ਇਹ ਨੋਟੀਫਿਕੇਸ਼ਨ ਜਾਰੀ ਕਰਨ ਦੀ ਕਾਹਲ਼ ਕੀਤੀ ਗਈ। ‘ਆਪ’ ਵਿਧਾਇਕ ਬੀਤੇ ਦਿਨ ਤੋਂ ਰਾਸ਼ਟਰਪਤੀ ਅੱਗੇ ਆਪਣਾ ਪੱਖ ਰੱਖਣ ਲਈ ਸਮਾਂ ਮੰਗ ਰਹੇ ਸਨ ਪਰ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸੰਵਿਧਾਨਕ ਸੰਸਥਾਵਾਂ ਦੀ ਕਥਿਤ ਦੁਰਵਰਤੋਂ ਕਰ ਰਹੀ ਹੈ ਤੇ ‘ਆਪ’ ਸਰਕਾਰ ਨੂੰ ਕਮਜ਼ੋਰ ਕਰਨ ਦੀ ਤਿੰਨ ਸਾਲ ਤੋਂ ਕੋਸ਼ਿਸ਼ ਕੀਤ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ‘ਆਪ’ ਨੇ ਦਿੱਲੀ ਹਾਈਕੋਰਟ ਤੱਕ ਪਹੁੰਚ ਕੀਤੀ ਹੈ ਅਤੇ ਅਦਾਲਤ ਨੇ ਸਟੇਅ ਨਾ ਦਿੰਦਿਆਂ ਮਾਮਲੇ ਉੱਤੇ 22 ਜਨਵਰੀ ਨੂੰ ਸੁਣਵਾਈ ਨਿਰਧਾਰਤ ਕੀਤੀ ਹੈ। ਹੁਣ ਜੇ ਵਿਧਾਇਕਾਂ ਨੂੰ ਅਦਾਲਤ ਦੇ ਵੱਲੋਂ ਕੋਈ ਰਾਹਤ ਨਹੀ ਮਿਲਦੀ ਤਾਂ ਦਿੱਲੀ ਵਿੱਚ 20 ਵਿਧਾਨ ਸਭਾ ਸੀਟਾਂ ਉੱਤੇ ਜ਼ਿਮਨੀ ਚੋਣ ਲਈ ਰਸਤਾ ਪੱਧਰਾ ਹੋ ਜਾਵੇਗਾ।
ਮੋਦੀ ਦਾ ਇੱਕ ਹੋਰ ਹਮਲਾ: ਕੇਜਰੀਵਾਲ
ਨਵੀਂ ਦਿੱਲੀ: ਰਾਸ਼ਟਰਪਤੀ ਵੱਲੋਂ ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ ਆਪਣੀ ਚੁੱਪ ਤੋੜਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੂੰ ਉਨ੍ਹਾਂ ਦੀ ਪਾਰਟੀ ਉੱਤੇ ‘ਮੋਦੀ ਸਰਕਾਰ ਦਾ ਇੱਕ ਹੋਰ ਹਮਲਾ’ ਕਰਾਰ ਦਿੰਦਿਆਂ ਕਹਾ ਕਿ ਉਨ੍ਹਾਂ ਨੂੰ ਤੇ ਪਾਰਟੀ ਆਗੂਆਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਪਰ ਸਾਰੀ ਤਾਕਤ ਝੋਕ ਕੇ ਵੀ ‘ਉਹ’ ਦਿੱਲੀ ਸਰਕਾਰ ਖ਼ਿਲਾਫ਼ ਕੁਝ ਨਹੀਂ ਲੱਭ ਸਕੇ । ਨਜ਼ਫਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾਕਿ ਉਪ ਰਾਜਪਾਲ ਨੇ ਉਨ੍ਹਾਂ ਦੇ 2 ਸਾਲ ਦੇ ਕਾਰਜਕਾਲ ਦੀਆਂ ਕਰੀਬ 400 ਫਾਈਲਾਂ ਮੰਗਵਾਈਆਂ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦੋਂ ਕੁੱਝ ਵੀ ਨਹੀਂ ਕਰ ਸਕੇ ਤਾਂ ਅੱਜ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।

ਕਾਂਗਰਸ ਤੇ ਭਾਜਪਾ ਵੱਲੋਂ ਸਿਆਸੀ ਹਮਲੇ ਤੇਜ
ਨਵੀਂ ਦਿੱਲੀ/ਪੱਤਰ ਪ੍ਰੇਰਕ: ਦਿੱਲੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਮਗਰੋਂ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਉੱਤੇ ਸਿਆਸੀ ਹਮਲੇ ਕੀਤੇ। ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਰਾਸ਼ਟਰਪਤੀ ਨੇ ‘ਆਪ’ ਵਿਧਾਇਕਾਂ ਨੂੰ ਅਯੋਗ ਠਹਿਰਾਅ ਕੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਹੈ। ਦਿੱਲੀ ਕਾਂਗਰਸ ਕਮੇਟੀ ਦੇ ਸੂਬਾਈ ਪ੍ਰਧਾਨ ਅਜੈ ਮਾਕਨ ਨੇ ਸਵਾਲ ਕੀਤੇ ਕਿ 21 ਸੰਸਦੀ ਸਕੱਤਰਾਂ ਨੂੰ ਸਰਕਾਰੀ ਗੱਡੀਆਂ, ਮੰਤਰੀਆਂ ਦੇ ਦਫ਼ਤਰਾਂ ਵਿੱਚ ਥਾਂ ਦਿੱਤੀ ਗਈ ਤੇ ਫਰਨੀਚਰ ਲਈ ਕੁੱਲ 1326300 ਰੁਪਏ ਮਨਜ਼ੂਰ ਕੀਤੇ ਗਏ ਤੇ ਹੋਰ ਖਰਚਿਆਂ ਲਈ 1175828 ਖਰਚ ਕੀਤੇ ਗਏ ਸਨ। ਉਨ੍ਹਾਂ ਭਾਜਪਾ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਸਿਫਾਰਸ਼ ਦਿੱਲੀ ਤੋਂ ਤਿੰਨ ਰਾਜ ਸਭਾ ਦੀਆਂ ਸੀਟਾਂ ਭਰਨ ਬਾਅਦ ਹੀ ਕਿਉਂ ਅਮਲ ਵਿੱਚ ਲਿਆਂਦੀ ਗਈ।

‘ਆਪ’ ਦੀ ਟੇਕ ਅਦਾਲਤ ਉੱਤੇ
ਨਵੀਂ ਦਿੱਲੀ/ਬਿਊਰੋ ਨਿਊਜ਼:
ਦਿੱਲੀ ਦੇ ਅਯੋਗ ਠਹਿਰਾਏ ਵਿਧਾਇਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਟੇਕ ਅਦਾਲਤ ਉੱਤੇ ਹੈ। ਪਾਰਟੀ ਵੱਲੋਂ ਦਿੱਲੀ ਹਾਈਕੋਰਟ ਵਿੱਚ ਦਾਇਰ ਰਿੱਟ ਉੱਤੇ ਸੋਮਵਾਰ ਨੂੰ ਸੁਣਵਾਈ ਤੈਅ ਹੋਣ ਦੇ ਮੱਦੇਨਜ਼ਰ ਪਾਰਟੀ ਨੂੰ ਰਾਹਤ ਮਿਲਣ ਦੀ ਉਮੀਦ ਹੈ। ਪਾਰਟੀ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ ਉੱਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਰਾਸ਼ਟਰਪਤੀ ਵੱਲੋਂ ਆਮ ਅਦਮੀ ਪਾਰਟੀ ਦੇ ਅਯੋਗ ਠਹਿਰਾਏ 20 ਵਿਧਾਇਕਾਂ ਦੇ ਮਾਮਲੇ ਉੱਤੇ ਟਿੱਪਣੀ ਕਰਦਿਆਂ ਦਿੱਲੀ ‘ਆਪ’ ਦੇ ਕਨਵੀਨਰ ਤੇ ਕਿਰਤ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਹੈ ਤੇ ਲੋਕਤੰਤਰ ਨਾਲ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਤੋਂ ਉਮੀਦ ਸੀ ਕਿ ਉਹ ਸਾਨੂੰ ਆਪਣਾ ਪੱਖ ਰੱਖਣ ਲਈ ਮੌਕਾ ਦਿੰਦੇ। ਸ੍ਰੀ ਰਾਏ  ਨੇ ਕਿਹਾ ਕਿ ਪਾਰਟੀ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਇਸ ਫੈਸਲੇ ਵਿਰੁੱਧ ਅਪੀਲ ਕਰੇਗੀ। ਅਯੋਗ ਠਹਿਰਾਏ ਵਿਧਾਇਕਾਂ ਅਵਤਾਰ ਸਿੰਘ ਕਾਲਕਾ ਅਤੇ ਅਨਿਲ ਬਾਜਪਾਈ ਨੇ ਸਵਾਲ ਕੀਤਾ ਕਿ ਝਾਰਖੰਡ, ਹਰਿਆਣਾ, ਤੇਲੰਗਾਨਾ ਵਿੱਚ ਵੀ ਪਾਰਲੀਮਾਨੀ ਸਕੱਤਰ ਬਣਾਏ ਗਏ ਪਰ ਉੱਥੇ ਕੀ ਕਾਰਵਾਈ ਕੀਤੀ ਗਈ, ਦੱਯਿਆ ਜਾਵੇ। ਰਾਸ਼ਟਰਪਤੀ ਵੱਲੋਂ ਅਯੋਗ ਠਹਿਰਾਏ 20 ਵਿਧਾਇਕ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਡੱਟ ਕੇ ਖੜ੍ਹੇ ਹਨ।’ ਇਹ ਪ੍ਰਗਟਾਵਾ ਕਰਦਿਆਂ ਅਯੋਗ ਕਰਾਰ ਦਿੱਤੇ ਵਿਧਾਇਕ ਜਰਨੈਲ ਸਿੰਘ (ਤਿਲਕ ਨਗਰ) ਨੇ ਕਿਹਾ ਕਿ ਹਰਿਆਣਾ ਦੇ ਸਕੱਤਰਾਂ ਬਾਰੇ ਚੰਡੀਗੜ੍ਹ ਹਾਈ ਕੋਰਟ ਦਾ ਫ਼ੈਸਲਾ ਆਇਆ ਪਰ ਵਿਧਾਇਕਾਂ ਨੂੰ ਅਯੋਗ ਕਰਾਰ ਨਹੀਂ ਦਿੱਤਾ ਗਿਆ।