ਪੰਜਾਬ ‘ਚ ‘ਆਪ’ ਦੀ ਮਜ਼ਬੂਤੀ ਲਈ ਛੋਟੇਪੁਰ ਸਮੇਤ ਸਾਰੇ ਵਲੰਟੀਅਰਾਂ ਨੂੰ ਵਾਪਸੀ ਦੀ ਅਪੀਲ

0
239

ਛੋਟੇਪੁਰ ਦਾ ਜਾਣਾ ਹਾਰ ਦੇ ਕਾਰਨਾਂ ਵਿਚੋਂ ਵੱਡਾ ਕਾਰਨ ਸੀ : ਅਮਨ ਅਰੋੜਾ

AAP leader Aman Arora addressing press conference in Jalandhar on Thursday.Tribune Photo:Malkiat Singh
ਕੈਪਸ਼ਨ- ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ।

ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿੱਚ ‘ਆਪ’ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਪਾਰਟੀ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਨੇ ਸੁੱਚਾ ਸਿੰਘ ਛੋਟੇਪੁਰ ਸਮੇਤ ਪਾਰਟੀ ਛੱਡ ਗਏ ਸਾਰੇ ਵਾਲੰਟੀਅਰਾਂ ਅਤੇ ਆਗੂਆਂ ਨੂੰ ਵਾਪਸੀ ਦੀ ਅਪੀਲ ਕੀਤੀ ਹੈ। ਇੱਥੇ ਪਾਰਟੀ ਦਫ਼ਤਰ ਵਿੱਚ ਵਾਲੰਟੀਅਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਹਾਰ ਦੇ ਕਾਰਨਾਂ ਵਿੱਚ ਛੋਟੇਪੁਰ ਵੀ ਵੱਡਾ ਕਾਰਨ ਸਨ। ਸ੍ਰੀ ਅਰੋੜਾ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਕਾਰਜਕਾਲ ਨੂੰ ਵਧੀਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੂੰ ਟਾਲਿਆ ਜਾ ਸਕਦਾ ਸੀ। ਜਿਹੜੇ ਵਾਲੰਟੀਅਰ ਪਾਰਟੀ ਛੱਡ ਗਏ ਹਨ ਜਾਂ ਕੱਢਿਆ ਗਿਆ, ਉਨ੍ਹਾਂ ਦਾ ‘ਆਪ’ ਵਿੱਚ ਸਵਾਗਤ ਕੀਤਾ ਜਾਵੇਗਾ।
ਗੁਰਪ੍ਰੀਤ ਘੁੱਗੀ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਫ਼ਿਲਮਾਂ ਵੱਲ ਝੁਕਾਅ ਜ਼ਿਆਦਾ ਸੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਘੱਟੋ-ਘੱਟ 70 ਸੀਨੀਅਰ ਅਹੁਦੇਦਾਰਾਂ ਨਾਲ ਗੱਲਬਾਤ ਕਰ ਕੇ ਘੁੱਗੀ ਸਬੰਧੀ ਫ਼ੈਸਲਾ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਛੱਡਣ ਤੋਂ ਪਹਿਲਾਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਘਰ ਉਨ੍ਹਾਂ ਦੀ ਗੁਰਪ੍ਰੀਤ ਘੁੱਗੀ ਨਾਲ ਢਾਈ ਘੰਟੇ ਤੱਕ ਗੱਲਬਾਤ ਹੋਈ, ਜਿਸ ਵਿੱਚ ਘੁੱਗੀ ਨੇ ਕਿਹਾ ਸੀ ਕਿ ਉਹ ਬਤੌਰ ਵਾਲੰਟੀਅਰ ‘ਆਪ’ ਦੀ ਸੇਵਾ ਕਰਨਗੇ। ਕੇਜਰੀਵਾਲ ਚਾਹੁੰਦੇ ਸਨ ਕਿ ਘੁੱਗੀ ਨੂੰ ਪਾਰਟੀ ਦੀ ਸੂਬਾਈ ਪ੍ਰਧਾਨਗੀ ਤੋਂ ਵੀ ਵੱਡਾ ਅਹੁਦਾ ਦਿੱਤਾ ਜਾਵੇ, ਪਰ ਉਹ ਖ਼ੁਦ ਹੀ ਪਾਰਟੀ ਛੱਡ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦਾ ਜਥੇਬੰਦਕ ਢਾਂਚਾ ਇੱਕ ਮਹੀਨੇ ਦੇ ਅੰਦਰ-ਅੰਦਰ ਬਣਾ ਦਿੱਤਾ ਜਾਵੇਗਾ ਤੇ ਇਸ ਵਿੱਚ ਦਿੱਲੀ ਹਾਈ ਕਮਾਂਡ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਪਰਵਾਸੀ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਮਾਨ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਰਹਿਣ ਲਈ ਮਨਾ ਲਿਆ। ਪਾਰਟੀ ਨੂੰ ਆਉਂਦੇ ਫੰਡਾਂ ਬਾਰੇ ਜਾਣਕਾਰੀ ਵੀ ਛੇਤੀ ਹੀ ਵੈੱਬਸਾਈਟ ‘ਤੇ ਪਾਈ ਜਾਵੇਗੀ।
ਸ੍ਰੀ ਅਰੋੜਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਲੜਨ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਤੇ ਉਮੀਦਵਾਰਾਂ ਦੀ ਚੋਣ ਕਰਨ ਲਈ 7 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਡਾ. ਅਮਰਜੀਤ ਸਿੰਘ ਥਿੰਦ, ਡਾ. ਸੰਜੀਵ ਸ਼ਰਮਾ, ਚੰਦਨ ਗਰੇਵਾਲ, ਹੰਸ ਰਾਜ ਰਾਣਾ, ਦਰਸ਼ਨ ਭਗਤ, ਯੂਥ ਆਗੂ ਸੁਖਦੀਪ ਸਿੰਘ ਅੱਪਰਾ, ਬਲਵੰਤ ਭਾਟੀਆ ਹਾਜ਼ਰ ਸਨ।
ਮੀਟਿੰਗ ਦੌਰਾਨ ਹੋਈ ਤਕਰਾਰ :
‘ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਆਦਮਪੁਰ ਤੋਂ ਚੋਣ ਲੜ ਚੁੱਕੇ ਉਮੀਦਵਾਰ ਹੰਸ ਰਾਜ ਰਾਣਾ ਵਾਲੰਟੀਅਰਾਂ ਨਾਲ ਉਲਝ ਗਏ ਤੇ ਗੱਲ ਅਪਸ਼ਬਦ ਵਰਤਣ ਤੱਕ ਪੁੱਜ ਗਈ। ਇਸੇ ਦੌਰਾਨ ਰਾਣਾ ਅਤੇ ਵਾਲੰਟੀਅਰਾਂ ਨੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ। ਸੂਤਰਾਂ ਮੁਤਾਬਕ ਇਹ ਤਕਰਾਰ ਪਾਰਟੀ ਵਿਚ ‘ਗ਼ਲਤ ਬੰਦਿਆਂ’ ਨੂੰ ਟਿਕਟ ਦੇਣ ਬਾਰੇ ਕੀਤੀਆਂ ਟਿੱਪਣੀਆਂ ਤੋਂ ਹੋਇਆ। ਮਾਮਲਾ ਵਧਦਾ ਦੇਖ ਕੇ ਪਾਰਟੀ ਆਗੂ ਚੰਦਨ ਗਰੇਵਾਲ ਅਤੇ ਡਾ. ਸੰਜੀਵ ਸ਼ਰਮਾ ਨੇ ਦੋਹੇਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਡਾ. ਗਾਂਧੀ ਤੇ ਖ਼ਾਲਸਾ ਬਾਰੇ ਵੀ ਹੋ ਰਿਹਾ ਵਿਚਾਰ :
ਪਟਿਆਲਾ : ਆਮ ਆਦਮੀ ਪਾਰਟੀ ਦੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲ ਪਹਿਲਾਂ ਚੋਣ ਹਾਰ ਕੇ ਹੁਣ ਆਪਣਾ ਕਾਂਗਰਸੀ ਪਰਿਵਾਰ ਬੰਨ੍ਹ ਲਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕੋਲ ਵੀ ਪੰਜ ਸਾਲ ਹਨ ਤੇ ਉਹ ਵੀ ਆਪਣਾ ਪਰਿਵਾਰ ਸਾਂਭਣ ‘ਤੇ ਮੁੜ ਬੰਨ੍ਹਣ ਵਿੱਚ ਕਾਮਯਾਬ ਹੋਵੇਗੀ। ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਬਾਰੇ ਅਰਵਿੰਦ ਕੇਜਰੀਵਾਲ ਨਾਲ ਗੱਲ ਚੱਲੀ ਹੈ। ਆਉਂਦੇ ਸਮੇਂ ਵਿੱਚ ਪਾਰਟੀ ਮੁੜ ਇੱਕਮੁੱਠ ਹੋਵੇਗੀ ਤੇ ਡਾ. ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਸਰਗਰਮ ਭੂਮਿਕਾ ਨਿਭਾਅ ਸਕਦੇ ਹਨ। ਉਹ ਇੱਥੇ ‘ਆਪ’ ਵਾਲੰਟੀਅਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਘੁੱਗੀ ਵੱਲੋਂ ਪਾਰਟੀ ‘ਤੇ ਲਗਾਏ ਜਾ ਰਹੇ ਦੋਸ਼ ਗ਼ਲਤ ਹਨ ਕਿਉਂਕਿ ਉਹ ਪਾਰਟੀ ਵਿੱਚ ਮਾਰਚ 2016 ਵਿੱਚ ਆਏ ਸਨ ਤੇ ਉਸੇ ਸਾਲ ਮਈ-ਜੂਨ ਵਿੱਚ ਉਹ ਪ੍ਰਧਾਨ ਬਣ ਗਏ ਸਨ। ਹੁਣ ਜੇ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵਰਤਿਆ ਗਿਆ ਹੈ ਤਾਂ ਉਹ ਗ਼ਲਤ ਕਹਿ ਰਹੇ ਹਨ। ਹਰਿੰਦਰ ਸਿੰਘ ਖ਼ਾਲਸਾ ਸੁਰੱਖਿਆ ਮੰਗ ਰਹੇ ਹਨ, ਜੇ ਉਹ ਚਾਹੁਣ ਤਾਂ ਪਾਰਟੀ ਵਾਲੰਟੀਅਰ ਵੀ ਉਨ੍ਹਾਂ ਦੀ ਸੁਰੱਖਿਆ ਟੀਮ ਵਿੱਚ ਜਾ ਸਕਦੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਜੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਡੀਐਸਪੀ ਬਣਾਇਆ ਗਿਆ ਤਾਂ ਪਾਰਟੀ ਵੱਲੋਂ ਵਿਰੋਧ ਕੀਤਾ ਜਾਵੇਗਾ।