ਨੌਂ ਵਰ੍ਹਿਆਂ ਬਾਅਦ ਵੀ ਮੁੰਬਈ ਅਤਿਵਾਦੀ ਹਮਲੇ ਦੇ ਪੀੜ੍ਹਤ ਉਡੀਕਦੇ ਨੇ ਇਨਸਾਫ਼

0
1689
Mumbai: Relatives paying tribute to the victims of 26/11 terror attacks, on the occasion of its 9th anniversary, at a memorial at Cama hospital in Mumbai on Sunday. PTI Photo   (PTI11_26_2017_000166B)
ਮੁੰਬਈ ਦੇ 26/11 ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਕਾਮਾ ਹਸਪਤਾਲ ਵਿੱਚ ਸਥਾਪਤ ਯਾਦਗਾਰ ‘ਤੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ। 

ਲਾਹੌਰ/ਬਿਊਰੋ ਨਿਊਜ਼:
ਲਸ਼ਕਰ-ਏ-ਤੋਇਬਾ ਦੇ ਦਸ ਅਤਿਵਾਦੀਆਂ ਵੱਲੋਂ ਮੁੰਬਈ ਵਿੱਚ 166 ਵਿਅਕਤੀਆਂ ਦੀ ਹੱਤਿਆ ਨੂੰ ਐਤਵਾਰ ਨੂੰ 9 ਸਾਲ ਪੂਰੇ ਹੋ ਗਏ ਹਨ ਪਰ ਅਜੇ ਤਕ ਕਿਸੇ ਵੀ ਸ਼ੱਕੀ ਨੂੰ ਸਜ਼ਾ ਨਹੀਂ ਮਿਲੀ ਹੈ। ਮਾਹਿਰਾਂ ਨੇ ਕਿਹਾ ਕਿ  ਇਸ ਤੋਂ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਲਈ ਇਹ ਕੇਸ ਕਦੇ ਵੀ ਤਰਜੀਹ ਨਹੀਂ ਰਿਹਾ, ਖਾਸ ਤੌਰ ‘ਤੇ ਇਸ ਹਮਲੇ ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਨੂੰ ਰਿਹਾਅ ਕੀਤੇ ਜਾਣ ਬਾਅਦ। ਦੱਸਣਯੋਗ ਹੈ ਕਿ ਨਵੰਬਰ 2008 ਵਿੱਚ ਕਰਾਚੀ ਤੋਂ ਕਿਸ਼ਤੀ ਰਾਹੀਂ ਮੁੰਬਈ ਪੁੱਜੇ ਲਸ਼ਕਰ ਦੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ 166 ਜਣੇ ਮਾਰੇ ਗਏ ਅਤੇ 300 ਤੋਂ ਵੱਧ ਲੋਕ ਫੱਟੜ ਹੋਏ ਸਨ।
ਇਕ ਸੀਨੀਅਰ ਵਕੀਲ ਨੇ ਕਿਹਾ, ‘ਮੁੰਬਈ ਹਮਲੇ ਦਾ ਕੇਸ ਇਸਲਾਮਾਬਾਦ ਵਿੱਚ ਅਤਿਵਾਦ-ਵਿਰੋਧੀ ਅਦਾਲਤ (ਏਟੀਸੀ) ਵਿੱਚ 2009 ਤੋਂ ਚੱਲ ਰਿਹਾ ਹੈ। ਮੁਲਕ ‘ਚ ਕਿਸੇ ਅਤਿਵਾਦ-ਵਿਰੋਧੀ ਅਦਾਲਤ ਵਿੱਚ ਅੱਠ ਸਾਲ ਤੋਂ ਵੱਧ ਸਮਾਂ ਚੱਲਣ ਵਾਲਾ ਕੋਈ ਵਿਰਲਾ ਹੀ ਕੇਸ ਹੋਵੇਗਾ, ਜੋ ਹਾਲੇ ਵੀ ਪੈਂਡਿੰਗ ਹੋਵੇ। ਏਟੀਸੀ ਤੇਜ਼ੀ ਨਾਲ ਸੁਣਵਾਈ ਲਈ ਹੁੰਦੀ ਹੈ ਪਰ ਇਸ ਕੇਸ ‘ਚ ਉਹ ਸੈਸ਼ਨ ਅਦਾਲਤ ਵਾਂਗ ਕੰਮ ਕਰ ਰਹੀ ਹੈ।’ 26/11 ਹਮਲੇ ਦੀ 9ਵੀਂ ਬਰਸੀ ਤੋਂ ਪਹਿਲਾਂ ਪਾਕਿ ਨੇ ਲਸ਼ਕਰ-ਏ-ਤੋਇਬਾ ਦੇ ਬਾਨੀ ਸਈਦ ਨੂੰ ਰਿਹਾਅ ਕੀਤੇ ਜਾਣ ਦੇ ਦੋ ਦਿਨ ਬਾਅਦ ਇਸ ਵਕੀਲ ਨੇ ਕਿਹਾ, ‘ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਇਸ ਕੇਸ ਨੂੰ ਜਲਦੀ ਨਹੀਂ ਨਿਬੇੜਨਾ ਚਾਹੁੰਦੀ ਕਿਉਂਕਿ ਇਹ ਮਾਮਲਾ ਉਸ ਦੇ ਰਿਵਾਇਤੀ ਵਿਰੋਧੀ ਭਾਰਤ ਨਾਲ ਸਬੰਧਤ ਹੈ।’
ਸੁਪਰੀਮ ਕੋਰਟ ਦੇ ਵਕੀਲ ਮੋਬੀਨ ਅਹਿਮਦ ਕਾਜ਼ੀ ਨੇ ਕਿਹਾ, ‘ਮੈਂ ਹੈਰਾਨ ਹਾਂ ਕਿ ਪਾਕਿਸਤਾਨ ਇਸ ਅਪਰਾਧਕ ਕੇਸ ਦੇ ਫ਼ੈਸਲੇ ਉਤੇ ਐਨਾ ਸਮਾਂ ਕਿਉਂ ਲੈ ਰਿਹਾ ਹੈ। ਜੇਕਰ ਭਾਰਤ ਠੋਸ ਸਬੂਤ ਨਹੀਂ ਦਿੰਦਾ ਤਾਂ ਸ਼ੱਕੀਆਂ ਨੂੰ ਸਬੂਤਾਂ ਦੀ ਘਾਟ ਦੇ ਲਾਹਾ ਦੇ ਕੇ ਬਰੀ ਕਰ ਦੇਣਾ ਚਾਹੀਦਾ ਹੈ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਪਾਕਿਸਤਾਨ ਨੂੰ ‘ਕੌਮਾਂਤਰੀ ਦਬਾਅ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਸ ਨੇ ‘ਬਿਨਾਂ ਸਬੂਤ’ ਦੇ ਮੁੰਬਈ ਹਮਲੇ ਦੇ ਸ਼ੱਕੀਆਂ ਨੂੰ ਜੇਲ੍ਹ ‘ਚ ਰੱਖਿਆ ਹੈ।’ ਸਈਦ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਸਈਦ ਦੀ ਰਿਹਾਈ ਨੇ ਇਸ ਕੇਸ ਦਾ ਸਾਹਮਣਾ ਕਰ ਰਹੇ ਛੇ ਸ਼ੱਕੀਆਂ ਦਾ ‘ਹੌਸਲਾ ਬੁਲੰਦ’ ਕੀਤਾ ਹੈ। ਸੱਤਵਾਂ ਸ਼ੱਕੀ ਲਸ਼ਕਰ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਦੋ ਸਾਲ ਪਹਿਲਾਂ ਜ਼ਮਾਨਤ ‘ਤੇ ਰਿਹਾਅ ਹੋ ਗਿਆ ਸੀ ਅਤੇ ਉਦੋਂ ਤੋਂ ਉਹ ਅਣਦੱਸੀ ਜਗ੍ਹਾ ‘ਤੇ ਰਹਿ ਰਿਹਾ ਹੈ।