ਯੂ.ਏ.ਈ. ਦੇ ਜਲ ਖੇਤਰ ਵਿਚ 22 ਬੇੜਿਆਂ ‘ਚ ਸਵਾਰ 100 ਭਾਰਤੀ ਫਸੇ

0
385

100-bharti-fase
ਦੁਬਈ/ਬਿਊਰੋ ਨਿਊਜ਼ :
ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਜਲ ਖੇਤਰ ਵਿੱਚ 22 ਬੇੜਿਆਂ ਉਤੇ ਸਵਾਰ ਤਕਰੀਬਨ 100 ਭਾਰਤੀ ਜਹਾਜ਼ੀ ਫਸ ਗਏ ਹਨ। ਉਨ੍ਹਾਂ ਨੇ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੂੰ ਮਦਦ ਲਈ ਫ਼ਰਿਆਦ ਕੀਤੀ ਹੈ। ਇਹ ਖ਼ੁਲਾਸਾ ਇਕ ਮੀਡੀਆ ਰਿਪੋਰਟ ਤੋਂ ਹੋਇਆ ਹੈ। ‘ਗਲਫ ਨਿਊਜ਼’ ਨੇ ਦੁਬਈ ਵਿਚ ਭਾਰਤੀ ਕੌਂਸਲ ਜਨਰਲ ਵਿਪੁਲ ਦੇ ਹਵਾਲੇ ਨਾਲ ਲਿਖਿਆ ਕਿ ਇਸ ਗਰਮੀ ਵਿੱਚ ਯੂਏਈ ਦੇ ਜਲ ਖੇਤਰ ਵਿੱਚ ਫਸੇ ਵੱਡੀ ਗਿਣਤੀ ਜਹਾਜ਼ੀਆਂ ਨੇ ਮਦਦ ਲਈ ਬੇਨਤੀ ਕੀਤੀ ਹੈ। ਇਸ ਸਫ਼ੀਰ ਨੇ ਕਿਹਾ, ‘ਹਾਲੇ ਅਸੀਂ 22 ਬੇੜਿਆਂ ਨਾਲ ਜੁੜੇ ਮਾਮਲੇ ਨੂੰ ਦੇਖ ਰਹੇ ਹਾਂ। ਇਨ੍ਹਾਂ ਉਤੇ ਤਕਰੀਬਨ 97 ਭਾਰਤੀ ਸਵਾਰ ਹਨ।’ ਭਾਰਤੀ ਕੌਂਸਲੇਟ ਜਨਰਲ ਨੂੰ ਇਨ੍ਹਾਂ ਜਹਾਜ਼ਾਂ ਦੇ ਅਮਲੇ ਵਿੱਚ ਸ਼ਾਮਲ ਹੋਰ ਦੇਸ਼ਾਂ ਦੇ ਮੈਂਬਰਾਂ ਦੀ ਅਸਲ ਗਿਣਤੀ ਬਾਰੇ ਨਹੀਂ ਪਤਾ ਪਰ ਮਿਸ਼ਨ ਨੇ ਕਿਹਾ ਕਿ ਇਨ੍ਹਾਂ ਬੇੜਿਆਂ ਉਤੇ ਸ੍ਰੀਲੰਕਾ, ਫਿਲਪੀਨਜ਼, ਮਿਆਂਮਾਰ ਤੇ ਪਾਕਿਸਤਾਨ ਦੇ ਜਹਾਜ਼ੀ ਵੀ ਹਨ।
ਅਖ਼ਬਾਰ ਦੇ ਸਵਾਲ ਦੇ ਜਵਾਬ ਵਿੱਚ ਮਿਸ਼ਨ ਨੇ ਕਿਹਾ, ‘ਕੰਟਰੈਕਟ ਸਮਾਪਤ ਹੋਣ ਬਾਅਦ ਵੀ ਵਾਪਸ ਨਾ ਭੇਜਣ, ਬਕਾਇਆ ਤਨਖਾਹ ਨਾ ਦੇਣ, ਖਾਣਾ, ਤਾਜ਼ਾ ਪਾਣੀ ਤੇ ਈਂਧਣ ਉਪਲਬਧ ਨਾ ਕਰਾਉਣ ਉਤੇ ਜਹਾਜ਼ੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ।’ ਅਖ਼ਬਾਰ ਨੇ ਕਿਹਾ ਕਿ ਜ਼ਿਆਦਾਤਰ ਜਹਾਜ਼ੀਆਂ ਨੇ ਉਨ੍ਹਾਂ ਦੇ ਮਾਲਕਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਦਿੱਤੇ ਜਾਣ ਬਾਰੇ ਸ਼ਿਕਾਇਤ ਕੀਤੀ ਹੈ। ਉਹ ਕੰਟਰੈਕਟ ਖ਼ਤਮ ਹੋਣ ਬਾਅਦ ਆਪਣੇ ਬਕਾਏ ਲੈ ਕੇ ਘਰਾਂ ਨੂੰ ਜਾਣਾ ਚਾਹੁੰਦੇ ਹਨ।
ਕੌਂਸਲੇਟ ਜਨਰਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਕਾਏ, ਖਾਣੇ, ਪਾਣੀ ਤੇ ਤੇਲ ਦੀ ਵਿਵਸਥਾ ਲਈ ਏਜੰਟਾਂ ਤੇ ਮਾਲਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਘਰਾਂ ਨੂੰ ਭੇਜਣ ਲਈ ਬੇਨਤੀ ਕੀਤੀ ਜਾ ਰਹੀ ਹੈ। ਅਖ਼ਬਾਰ ਮੁਤਾਬਕ ਮਿਸ਼ਨ ਨੇ ਪਿਛਲੇ ਹਫਤਿਆਂ ਦੌਰਾਨ ਐਮਵੀ ਗਲਫ ਪਰਲ, ਐਮਵੀ ਅਯਾਹ, ਇੰਜਾਜ਼ 2, ਐਮਵੀ ਸਲੇਮ, ਐਮਵੀ ਰੌਕ ਅਤੇ ਏਐਲ ਹਮਾਦ-1 ਜਹਾਜ਼ਾਂ ਦੇ 36 ਨਾਵਿਕਾਂ ਦੀ ਵਤਨ ਵਾਪਸੀ ਵਿੱਚ ਮਦਦ ਕੀਤੀ ਹੈ। ਕੌਂਸਲੇਟ ਨੇ ਕੁੱਝ ਜਹਾਜ਼ੀਆਂ ਨੂੰ ਖਾਣੇ ਤੇ ਤੇਲ ਤੋਂ ਇਲਾਵਾ ਮੋਬਾਈਲ ਫੋਨ ਵੀ ਰੀਚਾਰਜ ਕਰਾ ਕੇ ਦਿੱਤੇ ਹਨ।
ਸ੍ਰੀ ਵਿਪੁਲ ਨੇ ਕਿਹਾ ਕਿ ਮਿਸ਼ਨ ਵੱਲੋਂ ਫਸੇ ਜਹਾਜ਼ੀਆਂ ਦੇ ਕੇਸ ਸਬੰਧਤ ਅਧਿਕਾਰੀਆਂ ਕੋਲ ਉਠਾਏ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ, ‘ਅਸੀਂ ਇਕੱਲੇ ਉਨ੍ਹਾਂ ਦੀਆਂ ਸਮੱਸਿਆਵਾਂ ਖਾਸ ਤੌਰ ‘ਤੇ ਉਨ੍ਹਾਂ ਦੀਆਂ ਬਕਾਇਆ ਤਨਖ਼ਾਹਾਂ ਨੂੰ ਹੱਲ ਨਹੀਂ ਕਰ ਸਕਦੇ।’ ਉਨ੍ਹਾਂ ਨੇ ਭਾਰਤੀ ਜਹਾਜ਼ੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਅਜਿਹੀ ਸਥਿਤੀ ਤੋਂ ਬਚਣ ਲਈ ਜੁਆਇਨ ਕਰਨ ਤੋਂ ਪਹਿਲਾਂ ਸ਼ਿੱਪਿੰਗ ਕੰਪਨੀਆਂ ਦੀ ਮਾਲੀ ਹਾਲਤ ਤੇ ਭਰੋਸੇਯੋਗਤਾ ਪੜਤਾਲ ਲਿਆ ਕਰਨ।