ਸਿੱਖ ਜਥੇਬੰਦੀਆਂ ਸਿੱਖ ਕਤਲੇਆਮ ਸਬੰਧੀ ਟਰੰਪ ਸਰਕਾਰ ਕੋਲ ਭੇਜਣਗੀਆਂ ਪਟੀਸ਼ਨਾਂ

0
464

trump-124
ਅੰਮ੍ਰਿਤਸਰ/ਬਿਊਰੋ ਨਿਊਜ਼ :
ਨਵੰਬਰ 1984 ਸਿੱਖ ਨਸਲਕੁਸ਼ੀ ਮਾਮਲੇ ਵਿੱਚ ਨਿਆਂ ਪ੍ਰਾਪਤੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਇਕ ਦਸਤਖ਼ਤੀ ਪਟੀਸ਼ਨ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ 26 ਨਵੰਬਰ ਨੂੰ ਅਮਰੀਕਾ ਦੀ ਟਰੰਪ ਸਰਕਾਰ ਨੂੰ ਸੌਂਪੀ ਜਾਵੇਗੀ।
ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਇਸ ਸਬੰਧੀ ਪਹਿਲੀ ਨਵੰਬਰ ਨੂੰ ਹਰਿਮੰਦਰ ਸਾਹਿਬ ਸਮੂਹ ਵਿੱਚ ਕੈਂਪ ਲਾਇਆ ਜਾਵੇਗਾ, ਜਿੱਥੇ ਲੋਕਾਂ ਕੋਲੋਂ ਇਸ ਪਟੀਸ਼ਨ ‘ਤੇ ਦਸਤਖ਼ਤ ਕਰਾਏ ਜਾਣਗੇ। ਇਹ ਪਟੀਸ਼ਨ 26 ਨਵੰਬਰ ਨੂੰ ਟਰੰਪ ਸਰਕਾਰ ਨੂੰ ਸੌਂਪੀ ਜਾਵੇਗੀ, ਜਿਸ ਰਾਹੀਂ ਉਨ੍ਹਾਂ ਨੂੰ ਸਿੱਖ ਨਸਲਕੁਸ਼ੀ ਦੇ 33 ਵਰ੍ਹੇ ਬੀਤਣ ਮਗਰੋਂ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਨਿੰਦਾ ਮਤਾ ਪਾਉਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਪਟੀਸ਼ਨ ਵ੍ਹਾਈਟ ਹਾਊਸ ਨੂੰ ਭੇਜੀ ਜਾਵੇਗੀ ਤੇ ਕਥਿਤ ਤੌਰ ‘ਤੇ ਕਾਤਲਾਂ  ਨੂੰ ਬਚਾਅ ਰਹੀ ਕੇਂਦਰ ਸਰਕਾਰ ਦੀ ਨਿੰਦਾ ਲਈ ਅਪੀਲ ਕੀਤੀ ਜਾਵੇਗੀ।
ਇੰਦਰਾ ਗਾਂਧੀ ਦੇ ਬੁੱਤ ਦਾ ਦਮਦਮੀ ਟਕਸਾਲ ਵੱਲੋਂ ਵਿਰੋਧ :
ਦਮਦਮੀ ਟਕਸਾਲ ਨੇ ਲੁਧਿਆਣਾ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੇ ਅਜਿਹਾ ਹੋਇਆ ਤਾਂ ਸਿੱਖਾਂ ਵੱਲੋਂ ਆਪਣੇ ਨਾਇਕਾਂ ਦੇ ਬੁੱਤ ਲਾਏ ਜਾਣਗੇ। ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਕਾਂਗਰਸ ਨੇ ਲੁਧਿਆਣਾ ਵਿੱਚ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਵੱਲੋਂ ਕੇਹਰ ਸਿੰਘ, ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੇ ਬੁੱਤ ਲਾਏ ਜਾਣਗੇ।