ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਨਵੀਂ ਸਿਆਸੀ ਪਾਰਟੀ ‘ਸਵਰਾਜ ਇੰਡੀਆ’ ਬਣਾਈ

0
457

Swaraj Abhiyan leaders Prashant Bhushan, Shanti Bhushan and Yogendra Yadav during the launch of their new political patry 'Sawraj India' in New Delhi on Sunday. Tribune Photo

ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼ ਦੀ ਚੋਣ ਸਿਆਸਤ ਵਿੱਚ ਜਵਾਬਦੇਹੀ, ਪਾਰਦਰਸ਼ੀ ਪਹੁੰਚ ਅਤੇ ਇਮਾਨਦਾਰੀ ਦੀ ਭਾਵਨਾ ਭਰਨ ਦੇ ਉਦੇਸ਼ ਨਾਲ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਨਵੀਂ ਸਿਆਸੀ ਪਾਰਟੀ ‘ਸਵਰਾਜ ਇੰਡੀਆ’ ਦੇ ਗਠਨ ਦਾ ਐਲਾਨ ਕੀਤਾ। ਪਾਰਟੀ ਨੇ ਇੱਥੇ ਆਪਣੀ ਸਥਾਪਤੀ ਕਨਵੈਨਸ਼ਨ ਕੀਤੀ, ਜਿਸ ਵਿੱਚ ਨਵੀਂ ਸਿਆਸੀ ਪਾਰਟੀ ਦੇ ‘ਦ੍ਰਿਸ਼ਟੀਕੋਣ ਅਤੇ ਮਿਸ਼ਨ’ ਲਈ ਜਦੋਜਹਿਦ ਕਰਨ ਦੇ ਅਹਿਦ ਨਾਲ ਵੱਖ ਵੱਖ ਰਾਜਾਂ ਦੇ 400 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ। ਟਵਿੱਟਰ ਉਤੇ ਦਿੱਤੇ ਸੰਦੇਸ਼ ਵਿੱਚ ਯੋਗੇਂਦਰ ਯਾਦਵ ਨੇ ਕਿਹਾ ਕਿ ”ਅਸੀਂ ਸਵਰਾਜ ਇੰਡੀਆ ਰਾਹੀਂ ਸਦਾਚਾਰਕ ਸਿਆਸਤ ਦੇ ਆਦਰਸ਼ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਅਸੀਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਸੀ ਕਿ ਸਵਰਾਜ ਅਭਿਆਨ ਸਿਆਸੀ ਪਾਰਟੀ ਬਣਾਏਗਾ ਪਰ ਇਸ ਦਾ ਇਕ ਦ੍ਰਿਸ਼ਟੀਕੋਣ ਅਤੇ ਸਿਧਾਂਤ ਹੋਵੇਗਾ। ਅੱਜ ਅਸੀਂ ਸਵਰਾਜ ਇੰਡੀਆ ਦਾ ਗਠਨ ਕੀਤਾ ਹੈ।” ਉਨ੍ਹਾਂ ਕਿਹਾ ਕਿ ਬਦਲਵੀਂ ਸਿਆਸਤ ਦੇ ਕੀ ਪੈਮਾਨੇ ਹਨ? ਇਹ ਅੰਦਰੂਨੀ ਜਮਹੂਰੀਅਤ, ਪਾਰਦਰਸ਼ੀ ਪਹੁੰਚ ਅਤੇ ਜਵਾਬਦੇਹੀ ਹਨ। ਸਵਰਾਜ ਅਭਿਆਨ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਪ੍ਰਚਾਰ ਮੁਹਿੰਮ ਜਾਰੀ ਰੱਖਣਗੇ। ਕਨਵੈਨਸ਼ਨ ਦੌਰਾਨ ਸਾਬਕਾ ਕਾਨੂੰਨ ਮੰਤਰੀ ਤੇ ਉੱਘੇ ਵਕੀਲ ਸ਼ਾਂਤੀ ਭੂਸ਼ਨ ਨੇ ਉਮੀਦ ਜਤਾਈ ਕਿ ਨਵੀਂ ਸਿਆਸੀ ਪਾਰਟੀ, ਭ੍ਰਿਸ਼ਟ ਪਾਰਟੀਆਂ ਨੂੰ ਫੈਸਲਾਕੁਨ ਟੱਕਰ ਦੇ ਕੇ ਦੇਸ਼ ਵਿੱਚ ਅਸਲ ‘ਸਵਰਾਜ’ ਲਿਆਏਗੀ।