ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਪਾਸਪੋਰਟ ਮੁਅੱਤਲ

0
139

parvez-musharaf-09-june
ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨੀ ਅਧਿਕਾਰੀਆਂ ਨੇ ਵਿਸ਼ੇਸ਼ ਅਦਾਲਤ ਜਿਹੜੀ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਖਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ, ਦੇ ਹੁਕਮਾਂ ‘ਤੇ ਮੁਸ਼ੱਰਫ ਦਾ ਕੌਮੀ ਪਛਾਣ ਪੱਤਰ ਅਤੇ ਪਾਸਪੋਰਟ ਮੁਅੱਤਲ ਕਰ ਦਿੱਤਾ ਹੈ। 74 ਸਾਲਾ ਮੁਸ਼ੱਰਫ ਨੂੰ 2007 ਵਿਚ ਐਮਰਜੈਂਸੀ ਲਾਉਣ ਦੇ ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਮਾਰਚ 2014 ਵਿਚ ਦੋਸ਼ੀ ਠਹਿਰਾਇਆ ਸੀ। ਮੁਸ਼ੱਰਫ ਨੇ ਐਮਰਜੈਂਸੀ ਲਾ ਕੇ ਸੁਪਰੀਮ ਕੋਰਟ ਦੇ ਕਈ ਜੱਜਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਸੀ ਅਤੇ 100 ਤੋਂ ਵੀ ਵੱਧ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਸੀ। 18 ਮਾਰਚ 2016 ਨੂੰ ਸਾਬਕਾ ਰਾਸ਼ਟਰਪਤੀ ਇਲਾਜ ਲਈ ਦੁਬਈ ਚਲਾ ਗਿਆ ਸੀ। ਕੁਝ ਮਹੀਨੇ ਬਾਅਦ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੰਦੇ ਹੋਏ ਉਸ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਮਾਰਚ ਮਹੀਨੇ ਫੈਡਰਲ ਸਰਕਾਰ ਨੂੰ ਹੁਕਮ ਦਿੱਤਾ ਕਿ ਉਸ ਦਾ ਕੌਮੀ ਪਛਾਣ ਪੱਤਰ ਅਤੇ ਪਾਸਪੋਰਟ ਮੁਅੱਤਲ ਕਰ ਦਿੱਤਾ ਜਾਵੇ। ‘ਦੀ ਐਕਸਪ੍ਰੈਸ ਟ੍ਰਿਬਿਊਨ’ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਨੈਸ਼ਨਲ ਰਜਿਸਟਰੇਸ਼ਨ ਅਤੇ ਡਾਟਾਬੇਸ ਅਥਾਰਟੀ ਨੇ ਮੁਸ਼ੱਰਫ਼ ਦਾ ਪਛਾਣ ਪੱਤਰ ਮੁਅੱਤਲ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਉਸ ਦਾ ਪਾਸਪੋਰਟ ਆਪਣੇ ਆਪ ਮੁਅੱਤਲ ਹੋ ਗਿਆ। ਇਸ ਨੇ ਅੱਗੇ ਲਿਖਿਆ ਕਿ ਉਸ ਦਾ ਪਾਸਪੋਰਟ ਮੁਅੱਤਲ ਹੋਣ ਕਾਰਨ ਮੁਸ਼ੱਰਫ਼ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ ਕਰ ਸਕੇਗਾ ਅਤੇ ਉਸ ਦਾ ਦੁਬਈ ਵਿਚ ਰਹਿਣਾ ਵੀ ਗੈਰਕਾਨੂੰਨੀ ਹੋ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਉਹ ਹੁਣ ਰਾਜਸੀ ਸ਼ਰਨ ਦੀ ਮੰਗ ਕਰੇਗਾ ਜਾਂ ਜੇਕਰ ਪਾਕਿਸਤਾਨ ਵਾਪਸ ਆਉਣ ਦਾ ਇਰਾਦਾ ਹੋਇਆ ਤਾਂ ਵਿਸ਼ੇਸ਼ ਦਸਤਾਵੇਜ਼ਾਂ ਦਾ ਪ੍ਰਬੰਧ ਕਰੇਗਾ।