ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਦਿੱਤਾ ਅਸਤੀਫ਼ਾ

0
640

najeeb-jang
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਤੋਂ ਬਾਅਦ ਨਜੀਬ ਜੰਗ ਨੇ ਅਸਤੀਫ਼ੇ ਨੂੰ ਲੈ ਕੇ ਬਿਆਨ ਵੀ ਜਾਰੀ ਕਰ ਦਿੱਤਾ ਹੈ। ਜੰਗ ਨੇ ਆਪਣਾ ਅਸਤੀਫਾ ਦੇਣ ਤੋਂ ਬਾਅਦ ਸਭ ਤੋਂ ਪਹਿਲਾਂ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ। ਦਰਅਸਲ ਨਜੀਬ ਜੰਗ ਨੇ ਜੁਲਾਈ 2013 ਨੂੰ ਦਿੱਲੀ ਦੇ ਉਪ ਰਾਜਪਾਲ ਦਾ ਅਹੁਦਾ ਸੰਭਾਲਿਆ ਸੀ ਅਤੇ ਅਜੇ ਉਨ੍ਹਾਂ ਦੇ ਕਾਰਜਕਾਲ ਦਾ ਡੇਢ ਸਾਲ ਬਾਕੀ ਰਹਿੰਦਾ ਸੀ। ਜਾਣਕਾਰੀ ਅਨੁਸਾਰ ਨਜੀਬ ਜੰਗ ਫਿਰ ਸਿੱਖਿਆ ਦੇ ਖੇਤਰ ਵਿਚ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਜੰਗ ਇਸ ਤੋਂ ਪਹਿਲਾਂ ਜਾਮੀ ਮਿਲਿਆ ਇਸਲਾਮੀਆ ਦੇ ਚਾਂਸਲਰ ਵੀ ਰਹਿ ਚੁੱਕੇ ਹਨ। ਨਜੀਬ ਜੰਗ ਦੇ ਅਸਤੀਫ਼ਾ ਦਿੰਦਿਆਂ ਕਈ ਤਰ੍ਹਾਂ ਰਾਜਨੀਤਕ ਬਿਆਨਬਾਜ਼ੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ। ਇਸ ਦੌਰਾਨ ਕਾਂਗਰਸ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਈ ਤਾਂ ਕਾਰਨ ਹੋਵੇਗਾ ਜਿਸ ਦੀ ਵਜ੍ਹਾ ਨਾਲ ਜੰਗ ਨੂੰ ਅਸਤੀਫਾ ਦੇਣਾ ਪਿਆ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਪਿਲ ਮਿਸ਼ਰਾ ਨੇ ਨਜੀਬ ਜੰਗ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਜੰਗ ਤੋਂ ਬਾਅਦ ਵੀ ਜੰਗ ਜਾਰੀ ਰਹੇਗੀ।

ਕੇਜਰੀਵਾਲ ਨੇ ਕਿਹਾ-ਅਸਤੀਫ਼ੇ ਤੋਂ ਹੈਰਾਨੀ ਹੋਈ :
ਉਪ ਰਾਜਪਾਲ ਨਜੀਬ ਜੰਗ ਦੇ ਅਸਤੀਫ਼ੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਹੈਰਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਵਿਚ ਲਿਖਿਆ ਕਿ ਉਹ ਜੰਗ ਦੇ ਅਸਤੀਫ਼ੇ ਤੋਂ ਹੈਰਾਨ ਹਨ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਭਵਿੱਖ ਲਈ ਸ਼ੁੱਭ-ਕਾਮਨਾਵਾਂ। ਇਸ ਦੇ ਨਾਲ ਹੀ ‘ਆਪ’ ਨੇ ਵਿਅੰਗ ਕੱਸਦਿਆਂ ਕਿਹਾ ਕਿ ਉਪ ਰਾਜਪਾਲ ਨੇ ਨਰਿੰਦਰ ਮੋਦੀ ਵਿਵਸਥਾ ਦੇ ਪ੍ਰਭਾਵ ਹੇਠ ਕੰਮ ਕੀਤਾ। ਕੇਜਰੀਵਾਲ ਅਤੇ ਸਿਸੋਦੀਆ ਨੇ ਜੰਗ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਜੰਗ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਥਕਾਵਟ ਮਹਿਸੂਸ ਕਰ ਰਹੇ ਹਨ ਅਤੇ ਸਿੱਖਿਆ ਲਈ ਕੰਮ ਕਰਨਾ ਚਾਹੁੰਦੇ ਹਨ। ਸਿਸੋਦੀਆ ਨੇ ਕਿਹਾ ਕਿ ਉਪ-ਰਾਜਪਾਲ ਅਤੇ ਅਸੀਂ ਸਿਹਤ, ਸਿੱਖਿਆ ਅਤੇ ਬਿਜਲੀ ਦੇ ਖੇਤਰ ਵਿਚ ਇਕੱਠਿਆਂ ਕੰਮ ਕੀਤਾ। ਸਿਸੋਦੀਆ ਨੇ ਕਿਹਾ ਕਿ ਖੱਟੇ-ਮਿੱਠੇ ਤਜਰਬਿਆਂ ਦੇ ਬਾਵਜੂਦ ਉਹ ਆਖ ਸਕਦੇ ਹਨ ਕਿ ਨਜੀਬ ਜੰਗ ਨਾਲ ਅਸੀਂ ਦਿੱਲੀ ਲਈ ਵਧੀਆ ਕੰਮ ਕੀਤਾ।

ਕਾਂਗਰਸ ਵਲੋਂ ਜੰਗ ਦਾ ਅਸਤੀਫ਼ਾ ਅਸਨਮਾਨਜਨਕ ਵਿਦਾਈ ਕਰਾਰ :
ਦਿੱਲੀ ਕਾਂਗਰਸ ਨੇ ਉਪ ਰਾਜਪਾਲ ਨਜੀਬ ਜੰਗ ਦੇ ਅਸਤੀਫ਼ੇ ਨੂੰ ਅਸਨਮਾਨਜਨਕ ਵਿਦਾਈ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਜਨਤਕ ਕਰਨਾ ਚਾਹੀਦਾ ਹੈ ਕਿ ਇਸ ਤਿਆਗ ਪੱਤਰ ਪਿੱਛੇ ਉਨ੍ਹਾਂ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀ ਡੀਲ ਹੋਈ ਹੈ। ਜੰਗ ਦੇ ਅਸਤੀਫ਼ੇ ਦੇ ਬਾਅਦ ਕਾਹਲੀ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਦਿੱਲੀ ਕਾਂਗਰਸ ਪ੍ਰਧਾਨ ਅਜੈ ਮਾਕਨ ਨੇ ਕੇਂਦਰ ਸਰਕਾਰ ਨੂੰ ਆਗਾਹ ਕੀਤਾ ਕਿ ਜੇਕਰ ਉਹ ਉਪ ਰਾਜਪਾਲ ਦੇ ਅਹੁਦੇ ‘ਤੇ ਆਪਣੀ ਕਿਸੇ ਕਠਪੁਤਲੀ ਜਾਂ ਆਰ. ਐਸ. ਐਸ. ਦੇ ਵਿਅਕਤੀ ਨੂੰ ਲਾਉਣਾ ਚਾਹੇਗੀ ਤਾਂ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।