ਟਰੰਪ ਨੂੰ ਵੱਡਾ ਝਟਕਾ, ਅਦਾਲਤ ਵਲੋਂ ਪਾਬੰਦੀ ਵਾਲੇ ਫੈਸਲੇ ਨੂੰ ਮੁੜ ਬਹਾਲ ਕਰਨ ਦੀ ਅਪੀਲ ਰੱਦ

0
715

trumphandshead
ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਯਾਤਰੀਆਂ ਦੇ ਦਾਖ਼ਲੇ ‘ਤੇ ਰੋਕ ਵਾਲੇ ਫ਼ੈਸਲੇ ਨੂੰ ਫ਼ੌਰੀ ਮੁੜ ਬਹਾਲ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਅਪੀਲੀ ਅਦਾਲਤ ਨੇ ਪਾਬੰਦੀ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਅਪੀਲ ਦਾ ਜਵਾਬ ਦੇਣ ਅਤੇ ਨਿਆਂ ਵਿਭਾਗ ਨੂੰ ਆਪਣਾ ਜਵਾਬੀ ਦਾਅਵਾ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਯਾਦ ਰਹੇ ਕਿ ਟਰੰਪ ਦੇ ਇਸ ਵਿਵਾਦਿਤ ਫ਼ੈਸਲੇ ਨੂੰ ਹੇਠਲੀ ਅਦਾਲਤ ਨੇ ਬੀਤੇ ਦਿਨ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ।
ਨਿਆਂ ਵਿਭਾਗ ਦੇ ਵਕੀਲਾਂ ਨੇ ਸਾਨ ਫਰਾਂਸਿਸਕੋ ਸਥਿਤ ਨੌਵੇਂ ਸਰਕਟ ਨਾਲ ਸਬੰਧਤ ਅਮਰੀਕੀ ਅਪੀਲੀ ਅਦਾਲਤ ਵਿੱਚ ਹੇਠਲੀ ਅਦਾਲਤ ਦੇ ਆਰਜ਼ੀ ਮੁਅੱਤਲੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਬਾਹਰਲੇ ਲੋਕਾਂ ਨੂੰ ਮੁਲਕ ਵਿਚ ਦਾਖ਼ਲੇ ਦੀ ਇਜਾਜ਼ਤ ਦੇਣ ਜਾਂ ਨਕਾਰਨ ਨੂੰ ਰਾਸ਼ਟਰਪਤੀ ਦਾ ‘ਅਧਿਕਾਰ ਖੇਤਰ’ ਦੱਸਦਿਆਂ ਨਿਆਂ ਵਿਭਾਗ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਵਾਸ਼ਿੰਗਟਨ ਤੇ ਮਿਨੇਸੋਟਾ ਸੂਬਿਆਂ ਨੂੰ ਪਾਬੰਦੀ ਨੂੰ ਚੁਣੌਤੀ ਦਿੱਤੇ ਜਾਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਜੱਜ ਵੱਲੋਂ ਰੋਕੇ ਜਾਣਾ ਗ਼ਲਤ ਹੈ। ਯਾਦ ਰਹੇ ਕਿ ਜੱਜ ਜੇਮਸ ਰੌਬਰਟ ਦੀ ਜ਼ਿਲ੍ਹਾ ਅਦਾਲਤ ਵੱਲੋਂ ਟਰੰਪ ਦੇ ਫ਼ੈਸਲੇ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਰੌਬਰਟ ਨੂੰ ‘ਤਥਾਕਥਿਤ’ ਜੱਜ ਦੱਸਦਿਆਂ ਕਿਹਾ ਸੀ ਕਿ ਇਹ ‘ਹਾਸੋਹੀਣਾ’ ਫ਼ੈਸਲਾ ਪਲਟ ਜਾਵੇਗਾ। ਗ੍ਰਹਿ ਸੁਰੱਖਿਆ ਵਿਭਾਗ ਨੇ ਮਗਰੋਂ ਨਿਆਂ ਵਿਭਾਗ ਨੂੰ ਇਸ ਫ਼ੈਸਲੇ ਖ਼ਿਲਾਫ਼ ਚੁਣੌਤੀ ਦੇਣ ਦੀ ਅਪੀਲ ਕੀਤੀ ਸੀ। ਟਰੰਪ ਨੂੰ ਆਸ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਫ਼ੈਸਲੇ ਖ਼ਿਲਾਫ਼ ਪਾਈ ਅਪੀਲ ਜਿੱਤ ਜਾਵੇਗਾ, ਪਰ ਸੰਘੀ ਅਦਾਲਤ ਦਾ ਫ਼ੈਸਲਾ ਟਰੰਪ ਲਈ ਵੱਡਾ ਝਟਕਾ ਹੈ।
ਅਮਰੀਕਾ ‘ਚ ਵਿਰੋਧ ਪ੍ਰਦਰਸ਼ਨ :
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਸਲਿਮ ਦੇਸ਼ਾਂ ‘ਤੇ ਲਾਈ ਪਾਬੰਦੀ ਦੇ ਵਿਰੋਧ ਵਿਚ ਨਿਊਯਾਰਕ ਤੇ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਉਤਰ ਆਏ। ਨਿਊਯਾਰਕ ਤੇ ਵਾਸ਼ਿੰਗਟਨ ਵਿਚ ਵੀ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਲਾਸ ਏਂਜਲਸ ਹਵਾਈ ਅੱਡੇ ਦੇ ਬਾਹਰ ਹੋਏ ਪ੍ਰਦਰਸ਼ਨ ਕਾਰਨ ਇਥੇ ਹਵਾਈ ਯਾਤਰਾ ਪ੍ਰਭਾਵਿਤ ਹੋਏ।
ਲੰਡਨ ਦੀਆਂ ਸੜਕਾਂ ‘ਤੇ ਵੀ ਉਤਰੇ ਲੋਕ :
ਲੰਡਨ: ਸੱਤ ਮੁਸਲਿਮ ਮੁਲਕਾਂ ਦੇ ਯਾਤਰੀਆਂ ‘ਤੇ ਲਾਈ ਪਾਬੰਦੀ ਦੇ ਵਿਵਾਦਤ ਫ਼ੈਸਲੇ ਖ਼ਿਲਾਫ਼ ਲੰਡਨ ਵਿੱਚ ਹਜ਼ਾਰਾਂ ਲੋਕ ਸੜਕਾਂ ‘ਤੇ ਨਿਕਲ ਆਏ ਤੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਲੋਕਾਂ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਅਪੀਲ ਕੀਤੀ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦਿੱਤੇ ਸਰਕਾਰੀ ਸੱਦੇ ਨੂੰ ਵਾਪਸ ਲੈਣ। ਪ੍ਰਦਰਸ਼ਨਕਾਰੀਆਂ ਨੇ ‘ਨੋ ਟੂ ਟਰੰਪ, ਨੋ ਟੂ ਵਾਰ’ ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਜਿਨ੍ਹਾਂ ‘ਤੇ ‘ਅਮਰੀਕਨ ਮਾਨਸਿਕ ਰੋਗ’ ਲਿਖਿਆ ਹੋਇਆ ਸੀ, ਲੈ ਕੇ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਬਿਝਟੇਨ ਵਿਚ 18 ਲੱਖ ਲੋਕਾਂ ਨੇ ਇਕ ਅਰਜ਼ੀ ‘ਤੇ ਦਸਤਖ਼ਤ ਕੀਤੇ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਟਰੰਪ ਨੂੰ ਅਧਿਕਾਰਕ ਯਾਤਰਾ ‘ਤੇ ਨਹੀਂ ਬੁਲਾਇਆ ਜਾਣਾ ਚਾਹੀਦਾ।