ਕੈਪਟਨ ਦੀ ਚਿਤਾਵਨੀ-48 ਘੰਟੇ ‘ਚ ਬਾਗੀ ਵਾਪਸ ਨਾ ਆਏ ਤਾਂ ਪਾਰਟੀ ਤੋਂ ਉਮਰ ਭਰ ਲਈ ਬਾਹਰ

0
537

amrinder-singh
ਪਿਛਲੀ ਵਾਰ 15 ਬਾਗ਼ੀਆਂ ਨੇ ਵਿਗਾੜੀ ਸੀ ਕਾਂਗਰਸ ਦੀ ਖੇਡ, ਇਸ ਵਾਰ 19 ਮੈਦਾਨ ਵਿਚ
ਚੰਡੀਗੜ੍ਹ/ਬਿਊਰੋ ਨਿਊਜ਼ :
ਪਿਛਲੀਆਂ ਚੋਣਾਂ ਵੇਲੇ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਤੈਅ ਮੰਨੀ ਜਾ ਰਹੀ ਸੀ ਪਰ ਸਰਕਾਰ ਅਕਾਲੀ-ਭਾਜਪਾ ਦੀ ਬਣੀ। ਕਾਰਨ-ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਪੀਤ.ਪੀ.ਪੀ. ਅਤੇ ਦੂਸਰੇ ਨੰਬਰ ‘ਤੇ 15 ਬਾਗ਼ੀ ਕਾਂਗਰਸੀ, ਜਿਨ੍ਹਾਂ ਨੇ ਕਾਂਗਰਸ ਦੇ ਵੋਟ ਵੰਡ ਦਿੱਤੇ। ਇਸ ਵਾਰ 19 ਬਾਗੀ ਪਾਰਟੀ ਉਮੀਦਵਾਰਾਂ ਲਈ ਖ਼ਤਰਾ ਬਣੇ ਹੋਏ ਹਨ। ਉਧਰ ਟਿਕਟਾਂ ਦੇ ਪੰਜ ਹੋਰ ਦਾਅਵੇਦਾਰ ਵੀ ਹੋਰਨਾਂ ਪਾਰਟੀਆਂ ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ 5, ‘ਆਪ’ ਦਾ ਇਕ ਤੇ ਭਾਜਪਾ ਦਾ ਇਕ ਬਾਗੀ ਮੈਦਾਨ ਵਿਚ ਹੋਣ ਕਾਰਨ ਪਾਰਟੀ ਉਮੀਦਵਾਰਾਂ ਲਈ ਖਤਰਾ ਬਣੇ ਹੋਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ‘ਤੇ ਆਪਣੀ ਨਾਮਜ਼ਦਗੀ ਵਾਪਸ ਲੈਣ ਵਿਚ ਅਸਫ਼ਲ ਰਹਿਣ ਵਾਲੇ ਬਾਗ਼ੀ ਉਮੀਦਵਾਰਾਂ ਨੂੰ ਮੁਕਾਬਲੇ ਤੋਂ ਪਿੱਛੇ ਹੱਟ ਜਾਣ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਪਾਰਟੀ ਵਿਚੋਂ ਬਗ਼ਾਵਤ ਕਰ ਕੇ ਚੋਣ ਮੈਦਾਨ ਵਿਚ ਡਟਣ ਵਾਲੇ ਆਗੂਆਂ ਨੂੰ ਪਾਰਟੀ ਵਿੱਚੋਂ ਜੀਵਨ ਭਰ ਲਈ ਕੱਢ ਦਿੱਤਾ ਜਾਏਗਾ।
ਕੈਪਟਨ ਨੇ ਬਾਗ਼ੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਨਾਮਜ਼ਦ ਉਮੀਦਵਾਰਾਂ ਦੀ ਹਮਾਇਤ ਵਿਚ ਪਿੱਛੇ ਹੱਟਣ ਅਤੇ ਇਕਜੁੱਟ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤ ਸਭ ਤੋਂ ਉਪਰ ਹਨ ਅਤੇ ਵਿਅਕਤੀਗਤ ਹਿੱਤਾਂ ਲਈ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬਾਗ਼ੀਆਂ ਨੂੰ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਚਣ ਵਾਸਤੇ ਉਨ੍ਹਾਂ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਕੈਪਟਨ ਨੇ ਕਾਂਗਰਸ ਸਰਕਾਰ ਬਣਨ ‘ਤੇ ਵਿਰੋਧੀ ਆਗੂਆਂ ਨੂੰ ਉਚਿਤ ਜਗ੍ਹਾ ਦੇਣ ਦਾ ਵਾਅਦਾ ਕੀਤਾ ਹੋਇਆ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਬਾਗ਼ੀ ਚੋਣ ਮੈਦਾਨ ਵਿਚ ਹਨ ਅਤੇ ਉਹ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਖੋਰਾ ਲਾ ਰਹੇ ਹਨ। ਬਾਗ਼ੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕੈਪਟਨ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਾਗ਼ੀਆਂ ਨੂੰ ਜੀਵਨ ਭਰ ਲਈ ਕਾਂਗਰਸ ‘ਚੋਂ ਕੱਢਣ ਅਤੇ ਉਨ੍ਹਾਂ ਵਾਸਤੇ ਪਾਰਟੀ ਵਿਚ ਮੁੜ ਵਾਪਸੀ ਦੇ ਦਰਵਾਜ਼ੇ ਬੰਦ ਕਰਨ ਦੀ ਹਦਾਇਤ ਕੀਤੀ ਹੈ।