ਅਫ਼ਗ਼ਾਨਿਸਤਾਨ ਵਿੱਚ ਅੱਤਵਾਦੀਆਂ ਨੇ ਸਿੱਖ ਨੂੰ ਅਗਵਾ ਕਰਕੇ ਗੋਲੀ ਮਾਰੀ

0
669

ਸਿੱਖਾਂ ਨੇ ਗਵਰਨਰ ਦੇ ਘਰ ਦੇ ਬਾਹਰ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
ਪੇਸ਼ਾਵਰ/ਬਿਊਰੋ ਨਿਊਜ਼ :
ਅਫ਼ਗ਼ਾਨਿਸਤਾਨ ਵਿੱਚ ਪਾਕਿਸਤਾਨ ਨਾਲ ਲੱਗਦੇ ਅਸ਼ਾਂਤ ਨਾਂਗਰਹਰ ਸੂਬੇ ਵਿੱਚ ਮਸ਼ਕੂਕ ਅਤਿਵਾਦੀਆਂ ਨੇ ਇਕ ਸਿੱਖ ਨੂੰ ਉਸ ਦੇ ਘਰ ਵਿਚੋਂ ਅਗਵਾ ਕਰਕੇ ਗੋਲੀ ਮਾਰਕੇ ਮਾਰ ਦਿੱਤਾ। ਸਰਦਾਰ ਰਵੇਲ ਸਿੰਘ ਜਲਾਲਾਬਾਦ ਦਾ ਵਸਨੀਕ ਸੀ ਤੇ ਫੌਜੀ ਵਰਦੀ ਵਾਲੇ ਅਤਿਵਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਖ਼ਾਲਿਸ ਫ਼ਾਮਿਲ ਖੇਤਰ ਵਿੱਚ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਘੱਟਗਿਣਤੀ ਸਿੱਖਾਂ ਨੇ ਲਾਸ਼ ਜਲਾਲਾਬਾਦ ਦੇ ਗਵਰਨਰ ਦੇ ਘਰ ਦੇ ਬਾਹਰ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਹੱਤਿਆ ਹੋਈ ਹੈ। ਡਿਪਟੀ ਗਵਰਨਰ ਮੁਹੰਮਦ ਹਨੀਫ਼ ਗੜਦੀਵਾਲ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। ਪ੍ਰਦਰਸ਼ਨ ਵਿੱਚ ਸ਼ਾਮਲ ਰਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਰਵੇਲ ਸਿੰਘ ਦੀ ਆਪਣੇ ਗੁਆਂਢੀਆਂ ਨਾਲ ਲੜਾਈ ਹੋ ਗਈ ਸੀ ਤੇ ਅਗਲੇ ਦਿਨ ਗੁਆਂਢੀ ਕੁੱਝ ਬੰਦੂਕਧਾਰੀਆਂ ਨਾਲ ਆਏ ਤੇ ਰਵੇਲ ਸਿੰਘ ਨੂੰ ਘਰੋਂ ਚੁੱਕ ਕੇ ਲੈ ਗਏ ਤੇ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ। ਵਰਨਣਯੋਗ ਹੈ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਇਸ ਸਿੱਖ ਨੇ ਆਪਣੇ ਘਰ ਪਾਰਟੀ ਦਿੱਤੀ ਸੀ ਤੇ ਆਪਣੇ ਮਿੱਤਰਾਂ ਨੂੰ ਸੱਦਿਆ ਸੀ ਜਿਸ ਦਾ ਗੁਆਂਢੀਆਂ ਨੇ ਖਾਸਾ ਬੁਰਾ ਮਨਾਇਆ ਸੀ।