ਹੁਣ ਤਾਂ ਦਿੱਲੀ ਬਣੂ ਲੰਡਨ!

0
1470

ਲਓ! ਕਰ ਲੋ ਗੱਲ!!
ਕਮਲ ਦੁਸਾਂਝ

kejriwal-delhi-london
ਹੁਣ ਤਾਂ ਦਿੱਲੀ ਬਣੂ ਲੰਡਨ!
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਦਾ ਹੈ ਸੁਖਬੀਰ ਸਿੰਘ ਬਾਦਲ ਦਾ ਜੁਠਾ ਖਾ ਲਿਆ ਹੈ। ਉਹ ਵੀ ਦੂਜੇ ਸਿਆਸੀ ਲੀਡਰਾਂ ਵਾਂਗ ਵੱਡੀਆਂ ਵੱਡੀਆਂ ਫੜ੍ਹਾਂ ਮਾਰਨ ਲੱਗ ਪਏ ਹਨ। ਲਗਦੈ, ਸਿਆਸੀ ਦਾਅ-ਪੇਚ ਪੂਰੀ ਤਰ੍ਹਾਂ ਸਿੱਖ ਲਏ ਹਨ। ਜਿਵੇਂ ਹੁਣ ਤਕ ਸੁਖਬੀਰ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੇ ਆਏ ਹਨ, ਉਸੇ ਤਰਜ਼ ‘ਤੇ ਕੇਜਰੀਵਾਲ ਹੁਣ ਦਿੱਲੀ ਨੂੰ ਲੰਡਨ ਬਣਾਉਣ ਜਾ ਰਹੇ ਹਨ। ਪੰਜਾਬ ਤਾਂ ਨਹੀਂ ਪਰ ਸੁਖਬੀਰ ਬਾਦਲ ਦਾ ਘਰ-ਕਾਰੋਬਾਰ ਜ਼ਰੂਰ ਕੈਲੀਫੋਰਨੀਆ ਵਰਗਾ ਹੋ ਗਿਆ ਹੈ। ਹੁਣ ਤਾਂ ਦਿੱਲੀ ਦੇ ਲੰਡਨ ਬਣਨ ਦੀ ਉਡੀਕ ਹੈ। ਸੋ, ਪੰਜਾਬੀਓ, ਕਾਹਨੂੰ ਐਵੇਂ ਵਿਦੇਸ਼ਾਂ ਵਿਚ ਜਾਣ ਲਈ ਪੈਸਾ ਫੂਕੀ ਜਾ ਰਹੇ ਹੋ, ਥਾਂ ਥਾਂ ਟੱਕਰਾਂ ਖਾ ਰਹੇ ਹੋ, ਕੇਜਰੀਵਾਲ ਸਾਹਿਬ ਨੇ ਦਿੱਲੀ ਮਿਊਂਸੀਪਲ ਕਮੇਟੀ ਚੋਣਾਂ ਜਿੱਤਦਿਆਂ ਹੀ ਇਹਨੂੰ ਲੰਡਨ ਬਣਾ ਦੇਣਾ ਹੈ। ਜੋ ਕੰਮ ਦਿੱਲੀ ਦੇ ਮੁੱਖ ਮੰਤਰੀ ਬਣ ਕੇ ਨਹੀਂ ਕਰ ਸਕੇ, ਉਹ ਮਿਊਂਸੀਪਲ ਚੋਣਾਂ ਜਿੱਤ ਕੇ ਕਰ ਦਿਖਾਉਣਗੇ। ਉਂਜ ਵੀ ਜੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸੱਤਾ ਆ ਗਈ ਤਾਂ ਪੰਜਾਬ ਵੀ ਸ਼ਾਇਦ ਕੇਜਰੀਵਾਲ ਸਾਹਿਬ ਦਾ ਕੈਲੀਫੋਰਨੀਆ ਬਣ ਜਾਏ। ਦਿੱਲੀ ਦਾ ਤਾਂ ਪਤਾ ਨਹੀਂ ਪਰ ਪੰਜਾਬ ਕਿੰਨਾ ਕੁ ਪੰਜਾਬ ਰਹਿਣ ਵਾਲਾ ਹੈ, ਬੱਸ ਤਮਾਸ਼ਾ ਦੇਖੀ ਜਾਓ!

ਚੱਲੋ ਲਪੇਟੀ ਜਾਓ!!
‘ਮੇਰੇ ਪਿਆਰੇ ਦੇਸ਼ ਵਾਸੀਓ-ਮੈਂ ਸਾਫ਼ ਸਾਫ਼ ਕਹਿ ਰਿਹਾ ਹਾਂ ਕਿ ਇਮਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ, ਦੇਸ਼ ਵਿਚ ਹੁਣ ਇਮਾਨਦਾਰਾਂ ਦਾ ਸਨਮਾਨ ਹੋਵੇਗਾ, ਉਨ੍ਹਾਂ ਦੀ ਜੈ-ਜੈਕਾਰ ਹੋਵੇਗੀ। ਲੋਕਾਂ ਨੇ ਮੈਨੂੰ ਇਸ ਦੇਸ਼ ਨੂੰ ਠੀਕ ਕਰਨ ਲਈ ਚੁਣਿਆ ਹੈ। ਗਿਆ ਉਹ ਜ਼ਮਾਨਾ ਜਦੋਂ ਸਿਰਫ਼ ਜਾਂਦਾ ਹੀ ਜਾਂਦਾ ਸੀ, ਹੁਣ ਅਜਿਹੀ ਸਰਕਾਰ ਆਈ ਹੈ, ਜਿੱਥੇ ਸਿਰਫ਼ ਆ ਹੀ ਰਿਹਾ ਹੈ। ਸਾਡੇ ਆਉਣ ਮਗਰੋਂ ਘੁਟਾਲੇ ਬੰਦ ਹੋਏ, ਪੈਸਾ ਆਉਣਾ ਸ਼ੁਰੂ ਹੋਇਆ। ਕੋਈ ਨੇਤਾ ਦਾਗ਼ੀ ਨਹੀਂ ਹੋਵੇਗਾ।’ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ। ਜਿੰਨੀਆਂ ਵੱਡੀਆਂ ਵੱਡੀਆਂ ਉਹ ਸੁੱਟੀ ਜਾਂਦੇ ਹਨ, ਤੁਸੀਂ ਲਪੇਟੀ ਜਾਓ। ਕੀ ਲੈਣਾ ਤੁਸੀਂ ਕਾਲੇ ਧਨ ਤੋਂ, ਦਾਗ਼ੀ ਸੰਸਦ ਮੈਂਬਰਾਂ ਤੋਂ ਨੋਟਬੰਦੀ ਤੋਂ। ਜਦੋਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਇਮਾਨਦਾਰਾਂ ਦਾ ਸਨਮਾਨ ਹੋਵੇਗਾ, ਤਾਂ ਤੁਸੀਂ ਮੰਨ ਕਿਉਂ ਨਹੀਂ ਲੈਂਦੇ। ਲਾਈਨਾਂ ‘ਚ ਲੱਗਣ ਤੋਂ ਡਰਦੇ ਕਿਉਂ ਹੋ। ਜਿਹੜੇ ਅੰਦਰਖਾਤੇ ਪੈਸੇ ਕਢਵਾਈ ਜਾ ਰਹੇ ਨੇ, ਉਹ ਤਾਂ ਬੇਈਮਾਨ ਏ…ਉਨ੍ਹਾਂ ਦਾ ਕਿਹੜਾ ਮੂੰਹ ਦੀਂਹਦੈ ਥੋਨੂੰ…ਬੱਸ ਤੁਸੀਂ ਇਮਾਨਦਾਰੀ ਦਿਖਾਈ ਜਾਓ। ਮੋਦੀ ਸਾਹਿਬ ਪੈਸਾ ਬਾਹਰ ਨੀਂ ਜਾਣ ਦਿੰਦੇ…ਆਪਣੀਆਂ ਤਿਜੌਰੀਆਂ ਕਾਹਦੇ ਵਾਸਤੇ ਨੇ। ਨਾਲੇ ਬਾਹਰ ਦਾ ਰਸਤਾ ਤਾਂ ਵਿਜੈ ਮਾਲਿਆ ਨੂੰ ਦਿਖਾ ਹੀ ਦਿੱਤੈ…ਦੇਖਣਾ ਹੁਣ ਕਦੇ ਵਾਪਸ ਆਉਣ ਦੀ ਹਿੰਮਤ ਨਹੀਂ ਕਰੇਗਾ। ਬੱਸ ਕਰੋ, ਹੁਣ ਕਿੰਨਾ ਕੁ ਲਪੇਟੋਂਗੇ…ਉਨ੍ਹਾਂ ਕੋਲ ਤਾਂ ਏਨੀਆਂ ਰੱਸੀਆਂ ਨੇ, ਥੋਡੇ ਤਾਂ ਹੱਥ ਈ ਬੰਨ੍ਹੇ ਜਾਣਗੇ। ਜਾਣਗੇ ਕੀ…ਬੰਨ੍ਹੇ ਹੀ ਗਏ…’ਕੱਲੇ ਹੱਥ ਈ ਨੀਂ…ਜ਼ੁਬਾਨ ਵੀ ਬੰਨ੍ਹੀ ਗਈ। ਪਹਿਲਾਂ ਨੋਟਬੰਦੀ ਆਈ…ਫੇਰ ਜ਼ੁਬਾਨਬੰਦੀ ਆਈ…ਬੱਸ ਢਿੱਡ ਬੰਨ੍ਹੇ ਜਾਣਾ ਬਾਕੀ ਰਹਿ ਗਿਆ।

ਹੁਣ ਡਰਨਗੇ ਲਾਹੌਰ ਵਾਲੇ!!
ਲਓ ਜੀ! ਇੰਡੀਆ ਨੇ ਹੁਣ ਅਟਾਰੀ ਸਰਹੱਦ ‘ਤੇ 360 ਫੁੱਟ ਉੱਚਾ ਤਿਰੰਗਾ ਗੱਡ ਹੀ ਦਿੱਤਾ ਹੈ…ਲਾਹੌਰ ਵਾਲਿਆਂ ਨੂੰ ਸਾੜਨ ਲਈ। ਖ਼ਰਚ ਵੀ 3.50 ਕਰੋੜ ਦਾ ਆਇਆ ਹੈ…ਐਦਾਂ ਸਰਹੱਦਾਂ ‘ਤੇ ਕਰੋੜਾਂ ਰੁਪਏ ਦੇ ਤਿਰੰਗੇ ਲਾ ਕੇ ਅਸੀਂ ਪਾਕਿਸਤਾਨੀਆਂ ਨੂੰ ਡਰਾਵਾਂਗੇ…। ਸਰਹੱਦਾਂ ਨਾਲ ਲੋਕਾਂ ਦੀ ਖੇਤੀ ਬਚਾਉਣ ਦਾ ਤਾਂ ਕੋਈ ਪ੍ਰਬੰਧ ਨਹੀਂ, ਕੋਈ ਪੈਸਾ ਨਹੀਂ ਪਰ 56 ਇੰਚ ਦੀ ਛਾਤੀ ਜ਼ਰੂਰ ਐ…। ਹੁਸ਼ਿਆਰਪੁਰ ਦੀ ਭਾਰਤ ਇਲੈਕਟ੍ਰੀਕਲ ਕੰਪਨੀ ਨੇ ਸਾਢੇ ਤਿੰਨ ਕਰੋੜ ਰੁਪਏ ਖ਼ਰਚੇ ਨੇ ਇਹਦੇ ਉਪਰ ਤੇ ਤਿੰਨ ਸਾਲ ਇਹਦੀ ਦੇਖ-ਰੇਖ ਵੀ ਕਰੂਗੀ…ਮਗਰੋਂ ਤਾਂ ਵਿਚਾਰੀ ਸਰਕਾਰ ਨੇ ਹੀ ਸਾਂਭਣੈ…ਜਿਹਦੇ ਕੋਲੋਂ ਸਰਹੱਦੀ ਕਿਸਾਨ ਸਾਂਭੇ ਨਹੀਂ ਜਾ ਰਹੇ…ਹੁਣ ਤਿਰੰਗੇ ਦੀ ਸਾਂਭ-ਸੰਭਾਲ ਦਾ ਵੀ ਜ਼ਿੰਮਾ ਪੈ ਗਿਆ। ਦੇਸ਼ ਭਗਤ ਕਹਿ ਰਹੇ ਨੇ ਕਿ ਹੁਣ ਦੇਖੋ, ਪਾਕਿਸਤਾਨ ਕਿਵੇਂ ਡਰਿਆ ਫਿਰਦੈ…ਬਈ ਜੇ ਝੰਡਿਆਂ ਨਾਲ ਹੀ ਦੂਜੇ ਮੁਲਕਾਂ ਨੂੰ ਡਰਾਇਆ ਜਾ ਸਕਦੈ ਤਾਂ ਫ਼ੌਜਾਂ ‘ਤੇ ਏਨਾ ਪੈਸਾ ਪੱਟਣ ਦੀ ਕੀ ਤੁੱਕ ਐ…ਨਾਲੇ ਏਨਾ ਵੱਡਾ ਤਿਰੰਗ ਤਿਆਰ ਕਰ ਦਿਓ…ਜੋ ਸਾਰੀ ਦੁਨੀਆ ਨੂੰ ਨਜ਼ਰ ਆ ਜਾਵੇ…ਫੇਰ ਦੇਖੋ ਭਾਰਤ ਵੀ ਬਣਜੂ ਮਹਾਂਸ਼ਕਤੀ। ਸਾਰੇ ਮੁਲਕ ਕਿਵੇਂ ਡਰਨਗੇ!!