ਬਾਪੂ ਘਰ ਖਾਲੀ ਕਰਨ ਨੂੰ ਚਿਤ ਨੀਂ ਮੰਨਦਾ!!

0
2870

sukhbir-badal-cartoon

ਲਓ! ਕਰ ਲੋ ਗੱਲ!!
ਕਮਲ ਦੁਸਾਂਝ

ਹਨੂਮਾਨ ਬਣੋ…ਹਨੂਮਾਨ!!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣੇ ‘ਖ਼ਾਸ ਭਗਤਾਂ’ ਲਈ ‘ਖ਼ਾਸ ਜੁਮਲਾ’। ਤੁਸੀਂ ਵੀ ਗੌਰ ਫਰਮਾਓ…”ਓਏ ਕਿਉਂ ਮੇਰੇ ਮੂੰਹ ਵੱਲ ਦੇਖਦੇ ਰਹਿੰਦੇ…ਆਪ ਵੀ ਕੁਝ ਕਰ ਲਿਆ ਕਰੋ…ਮੋਦੀ ਦੀ ਜੈ-ਜੈਕਾਰ ਹੋਈ ਜਾਂਦੀ ਐ…ਓਏ…ਕਦੇ ਆਪਣੀ ਵੀ ਜੈ-ਜੈਕਾਰ ਕਰਵਾ ਲਓ…ਹਨੂਮਾਨ ਬਣੋ…ਹਨੂਮਾਨ। ਉਹ ਦੇਖ ਲੋ, ਕਿੰਨਾ ਰਾਮ ਭਗਤ ਸੀ। ਹਨੂਮਾਨ ਨੇ ਕਦੇ ਭਗਵਾਨ ਰਾਮ ਤੋਂ ਸਵਾਲ ਨਹੀਂ ਸੀ ਪੁਛਿਆ, ਹਮੇਸ਼ਾ ਉਨ੍ਹਾਂ ਦੇ ਚਰਨਾਂ ‘ਚ ਸ਼ੀਸ਼ ਝੁਕਾਈ ਰੱਖਿਆ…ਤੇ ਤੁਸੀਂ? ਹਨੂਮਾਨ ਨੇ ਹਮੇਸ਼ਾ ਸੇਵਾ ਕੀਤੀ, ਬਦਲੇ ‘ਚ ਕੁਝ ਨਹੀਂ ਲਿਆ…ਆਪਣੇ ਵੱਲ ਦੇਖੋ! ਕਦੇ ਸੇਵਾ ਕੀਤੀ ਮੇਰੀ…।”
ਮੋਦੀ ਨੂੰ ਆਪਣੇ ਭਗਤਾਂ ਤੋਂ ਲਗਦੈ ਤਸੱਲੀ ਨਹੀਂ ਹੋ ਰਹੀ…ਉਹ ਤਾਂ ਉਹੀ ਬੋਲੀ ਬੋਲ ਰਹੇ ਨੇ ਜੋ ‘ਜੈ-ਜੈ ਮੋਦੀ’ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਕੋਈ ਆਉਂਦੀ ਹੀ ਨਹੀਂ। ਉਹ ਤਾਂ ਗਾਂਧੀ ਦੇ ਉਨ੍ਹਾਂ ਬਾਂਦਰਾਂ ਵਾਂਗ ਹਨ ਜਿਨ੍ਹਾਂ ਦੀਆਂ ਮੋਦੀ ਦੇ ਦਰਬਾਰ ‘ਚ ਅੱਖਾਂ, ਕੰਨ, ਮੂੰਹ ਬੰਦ ਰਹਿੰਦੇ ਨੇ ਤੇ ਬਾਹਰ ਆਉਂਦਿਆਂ ਹੀ ਟਪੂਸੀਆਂ ਸ਼ੁਰੂ ਹੋ ਜਾਂਦੀਆਂ ਨੇ। ਜੈ-ਜੈ ਹੋ!!!

ਚੱਲ ਬੇਟਾ ਸੈਲਫ਼ੀ ਲੇ ਲੇ ਰੇ…!!
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਨਵੀਂ ਦਿੱਲੀ ਸਥਿਤ ਮੈਟਰੋ ‘ਚ ਸਫ਼ਰ ਕੀਤਾ ਤੇ ਦੋਹਾਂ ਨੇ ਖ਼ੂਬ ਸੈਲਫੀਆਂ ਲਈਆਂ। ਦੋਹਾਂ ਨੂੰ ਸੈਲਫੀਆਂ ਲੈਣ ਦਾ ਏਨਾ ਚਾਅ ਐ, ਲਗਦੈ ਜਿਵੇਂ ਦੋ ਵਿਛੜੇ ਸਾਥੀਆਂ ਵਰ੍ਹਿਆਂ ਬਾਅਦ ਮਿਲੇ ਹੋਣ।
ਲਓ…ਉਨ੍ਹਾਂ ਦੀ ਵਾਰਤਾ ਦਾ ਆਨੰਦ ਮਾਣੋ।
ਟਰਨਬੁਲ- ਯਾਰ! ਮੈਂ ਸੁਣਿਐ ਤੈਨੂੰ ਵੀ ਸੈਲਫੀਆਂ ਖਿੱਚਣ ਦਾ ਬੜਾ ਚਾਅ ਐ…ਮੇਰੇ ਸੈਕਟਰੀ ਨੇ ਆਉਣ ਤੋਂ ਪਹਿਲਾਂ ਤੇਰੇ ਬਾਰੇ ਦੱਸਿਆ ਸੀ…ਤੇਰੀਆਂ ਫੋਟੋਆਂ ਵੀ ਦਿਖਾ ਕੇ ਕਹਿੰਦਾ ਸੀ, ”ਆਹ ਐ ਜੀ ਭਾਰਤ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ…ਸਰ ਜੀ ਇਹ ਤਾਂ ਜਵੀਂ ਥੋਡੇ ਵਾਂਗ ਸੈਲਫੀਆਂ ਲੈਂਦੇ ਨੇ…ਦੇਖੇਓ ਜਦੋਂ ਤੁਸੀਂ ਉਥੇ ਜਾਉਂਗੇ…ਉਨ੍ਹਾਂ ਦਾ ਚਾਅ ਕਿੰਨਾ ਕੁੱਦ ਕੁੱਦ ਪਉਗਾ।’
ਮੋਦੀ- ਬੱਸ ਕੀ ਦੱਸਾਂ ਯਾਰ! ਆ ਜਦੋਂ ਦੇ ਮਹਿੰਗੇ ਮਹਿੰਗੇ ਕੱਪੜੇ ਪਾਉਣ ਨੂੰ ਮਿਲਣ ਲੱਗੇ ਨੇ ਤੇ ਆਹ ਮਹਿੰਗਾ ਜਿਹਾ ਫੋਨ ਹੱਥ ‘ਚ ਆਇਆ ਤਾਂ ਸੈਲਫੀਆਂ ਲੈਣ ਦਾ ਸਵਾਦ ਈ ਆ ਜਾਂਦੈ…। ਉਂ ਤਾਂ ਘਰ ‘ਚ ਸ਼ੀਸ਼ੇ ਵਾਹਵਾ ਲੱਗੇ ਨੇ ਪਰ ਸੈਲਫ਼ੀ ਖਿੱਚ ਕੇ ਆਪਦੇ ਬਾਰੇ ਪਤਾ ਲਗ ਜਾਂਦੈ ਕਿ ਮੈਂ ਕਿੰਨਾ ਸੋਹਣਾ ਲੱਗ ਰਿਹਾਂ।
ਟਰਨਬੁਲ- ਚੱਲ ਫੇਰ ਹੋ ਜਾਏ ਇਕ ਸੈਲਫ਼ੀ। ਆਹ ਠੀਕ ਨੀਂ ਆਈ ਚੱਲ, ਦੋ-ਚਾਰ ਹੋਰ ਟਰਾਈਆਂ ਮਾਰਦੇ ਆਂ…ਓਏ ਕੈਮਰੇ ਵਾਲੇ ਭਾਈ ਜ਼ਰਾ ਸਾਡੀ ਸੈਲਫ਼ੀ ਲੈਂਦਿਆਂ ਦੀ ਫੋਟੋ ਖਿੱਚ…ਪੂਰੀ ਦੁਨੀਆ ਦੇਖੇ।
ਮੋਦੀ- ਆਹੋ ਜੀ! ਨਾਲੇ ਲੋਕਾਂ ਨੂੰ ਲੱਗੂ ਦੇਖਿਆ ਕਿੰਨੇ ਸਾਧਾਰਨ ਬੰਦੇ ਆ…ਆਮ ਈ ਰੇਲ ਗੱਡੀਆਂ ਵਿਚ ਤੁਰੇ-ਫਿਰਦੇ ਆ।
ਟਰਨਬੁਲ- ਪਰ ਦੇਖੇਓ ਜਨਾਬ! ਥੋਡੇ ਲਈ ਪੰਗਾ ਨਾ ਖੜ੍ਹਾ ਹੋ ਜਾਏ…?
ਮੋਦੀ- ਭਲਾ ਓ ਕਿਵੇਂ?
ਟਰਨਬੁਲ- ਮੈਂ ਸਟੇਸ਼ਨ ‘ਤੇ ਆਉਂਦੇ ਆਉਂਦੇ ਨੇ ਪੜ੍ਹਿਆ ਸੀ ਕਿ ਇੱਥੇ ਅੰਦਰ ਕੈਮਰੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹਦੇ ਲਈ 500 ਰੁਪਏ ਜੁਰਮਾਨਾ ਲੱਗ ਜੂ।
ਮੋਦੀ-ਓ ਛੱਡੋ ਜਨਾਬ! ਤੁਸੀਂ ਮੋਦੀ ਦੇ ਆੜੀ ਓ…ਮੇਰੇ ਭਗਤ ਈ ਏਨੇ ਨੇ, ਕੋਈ ਚੂੰ ਨਹੀਂ ਕਰਦਾ। ਨਾਲੇ 500 ਆਲੀ ਕਿਹੜੀ ਗੱਲ ਐ…ਇਹ ਕਿਹੜਾ ਮੈਥੋਂ ਕਿਸੇ ਨੇ ਮੰਗਣੇ ਆ…। ਤੁਸੀਂ ਬੱਸ ਸੈਲਫੀਆਂ ਲਓ…ਜਿਹੜੇ ਬਾਹਲੀ ਸੋਹਣੀ ਆਵੇ, ਮੈਨੂੰ ਵੀ ਸੈਂਡ ਕਰ ਦੇਣਾ।

ਬਾਪੂ ਘਰ ਖਾਲੀ ਕਰਨ ਨੂੰ ਚਿਤ ਨੀਂ ਮੰਨਦਾ!!
ਸੁਖਬੀਰ ਬਾਦਲ-ਬਾਪੂ, ਆਪਾਂ ਸੱਚੀਂ-ਮੁੱਚੀ ਚੋਣਾਂ ਹਾਰ ‘ਗੇ?
ਪ੍ਰਕਾਸ਼ ਸਿੰਘ ਬਾਦਲ-ਨਾ ਹੋਰ ਕੀ…ਏਨਾ ਢੰਡੋਰਾ ਪਿੱਟਿਆ ਗਿਆ…ਕੁਰਸੀ ਖੋਹੀ ਗਈ…ਤੂੰ ਹਾਲੇ ਵੀ ਸੁਪਨਿਆਂ ‘ਚ ਤੁਰੀ ਫਿਰਦੈਂ…ਬਥੇਰੀ ਵਾਰ ਕਿਹਾ, ‘ਨਾਗਣੀ’ ਥੋੜ੍ਹੀ ਘੱਟ ਕਰਦੇ…!!
ਸੁਖਬੀਰ ਬਾਦਲ- ਲੈ ਬਾਪੂ! ਐਦਾਂ ਦੀ ਕੋਈ ਗੱਲ ਨੀਂ…ਉਈਂ ਯਕੀਨ ਜਾ ਕਰਨ ਨੂੰ ਦਿਲ ਨੀਂ ਕਰਦਾ। ਐਂ ਲਗਦੈ ਕੋਈ ਮਾੜਾ ਸੁਪਨਾ ਆ ਰਿਹਾ ਹੋਵੇ!
ਪ੍ਰਕਾਸ਼ ਸਿੰਘ ਬਾਦਲ- ਤੈਨੂੰ ਤਾਂ ਕਾਕਾ ਉਈਂ ਲਗਦੈ ਸਭ ਕੁਝ…ਤੇਰੀ ਲੇਟਲਤੀਫ਼ੀ ਨੇ ਥੋੜ੍ਹੇ ਪੰਗੇ ਪਾਏ ਆ…ਹੁਣ ਵੀ ਨੀਂਦ ‘ਚੋਂ ਲੇਟ ਉਠਿਆ ਲਗਦੈਂ?
ਸੁਖਬੀਰ ਬਾਦਲ- ਨਾ…ਨਾ ਐਹੋਜੀ ਕੋਈ ਗੱਲ ਨੀਂ…ਆਹ ਤਾਂ ਚਿਤ ਘਾਉਂ-ਮਾਉਂ ਹੋਈ ਜਾਂਦੈ…ਸਰਕਾਰੀ ਨੋਟਿਸ ਆਇਆ ਘਰ ਖਾਲੀ ਕਰਨ ਦਾ।
ਪ੍ਰਕਾਸ਼ ਸਿੰਘ ਬਾਦਲ- ਓ ਤਾਂ ਕਰਨਾ ਈ ਪਊ ਪੁੱਤ…ਕੈਪਟਨ ਸਾਹਿਬ ਨੇ ਮੇਰੇ ਆਲੀਆਂ ਤਾਂ ਮੌਜਾਂ ਲਾਤੀਆਂ-ਕਹਿੰਦੇ ਬਜ਼ੁਰਗੋ ਰਹੀ ਜਾਓ ਜਿੰਨਾ ਮਰਜ਼ੀ…ਮੈਂ ਤਾਂ ਨੀਂ ਛਡਦਾ…ਪੁੱਤ ਹੁਣ ਹਰ ਕੋਈ ਮੇਰੇ ਨਾਂ ਤਾਂ ਤੈਨੂੰ ਰਿਆਇਤਾਂ ਥੋੜ੍ਹੀ ਦੇਈ ਜਾਊ…।
ਸੁਖਬੀਰ ਬਾਦਲ- ਬਾਪੂ ਜੇ ਤੂੰ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਜਾਂਦਾ ਤਾਂ ਸ਼ਾਇਦ ਮੈਨੂੰ ਵੀ ਘਰ ਨਾ ਛੱਡਣਾ ਪੈਂਦਾ।
ਪ੍ਰਕਾਸ਼ ਸਿੰਘ ਬਾਦਲ-ਸੁੱਖਿਆ ਐਨਾ ਕਾਹਦਾ ਮੋਹ…ਐਨਾ ਪੈਸਾ ਤੂੰ ਕਮਾਇਆ…ਵੱਡੇ ਵੱਡੇ ਹੋਟਲ ਖੋਲ੍ਹੇ ਆ…ਆਪਣੇ ਲਈ ਚੰਡੀਗੜ੍ਹ ‘ਚ ਬਣਾ ਲੈ ਕੋਠੀ…ਸਕਿਊਰਟੀ ਗਾਰਡ ਤਾਂ ਤੇਰੇ ਕੋਲ ਹੈ ਈ…ਸਾਰੀ ਉਮਰ ‘ਮੁੱਖ ਮੰਤਰੀਆਂ’ ਵਾਲਾ ਰਾਜ ਕਰ। ਮੈਂ ਤਾਂ ਵਸੀਹਤ ‘ਚ ਤੇਰੇ ਨਾਂ ‘ਕੁਰਸੀ’ ਕਰ ਤੀ…ਤੇਰੀ ਘਰਆਲੀ ਨੂੰ ਮੰਤਰੀ ਬਣਾ ‘ਤਾ…ਸਾਲਾ ਤੇਰਾ ਪ੍ਰਾਪਰਟੀਆਂ ਬਣਾ ਗਿਆ…ਚੱਲ ਕੋਈ ਨਾ ਸਬਰ ਕਰ ਸਬਰ…ਕਦੇ ਤਾਂ ‘ਕੁਰਸੀ’ ਬਹਿਣ ਨੂੰ ਮਿਲੂਗੀ ਈ…। ਕਿਰਪਾ ਕਰਕੇ ਧਾਰ ਚੋਣ ਦੀ ਆਗਿਆ ਦਿਓ ਮਾਤਾ ਜੀ!!