ਲਓ! ਕਰ ਲੋ ਗੱਲ!!

0
900

kar-lo-gal
ਕਮਲ ਦੁਸਾਂਝ

ਮਨਮੋਹਨ ਜੀ ਕੁਛ ਤੋ ਬੋਲੋ!!
ਰਾਹੁਲ ਗਾਂਧੀ- ਮਨਮੋਹਨ ਜੀ ਦੇਖੀਏ ਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪ ਕੇ ਬਾਰੇ ਮੇਂ ਕਯਾ ਕਹਿ ਰਹੇ ਹੈਂ?
ਡਾ. ਮਨਮੋਹਨ- ਜੀ, ਕਯਾ ਕਹਿ ਰਹੇ ਹੈਂ ਰਾਹੁਲ ਬਾਬਾ, ਮੁਝੇ ਤੋ ਕਮ ਸੁਣਾਈ ਦੇਤਾ ਹੈ।
ਰਾਹੁਲ- ਅਰੇ ਮਨਮੋਹਨ ਜੀ, ਵੋ ਕਹਿ ਰਹੇ ਹੈਂ ਕਿ ਆਪ ਰੇਨਕੋਟ ਪਹਿਨ ਕਰ ਨਹਾਤੇ ਹੋ? ਉਨਹੋ ਨੇ ਆਪ ਕੋ ਕਬ ਨਹਾਤੇ ਹੂਏ ਦੇਖ ਲੀਆ? ਕਯਾ ਆਪ ਨੇ ਦਰਵਾਜ਼ਾ ਬੰਦ ਨਹੀਂ ਕੀਯਾ ਥਾ।
ਡਾ. ਮਨਮੋਹਨ- ਅਰੇ ਰਾਹੁਲ ਬਾਬਾ, ਤੁਮੇ ਹਰ ਬਾਤ ਸਮਝਾਨੀ ਪੜਤੀ ਹੈ। ਉਨਹੋ ਨੇ ਮੁਝੇ ਨਹਾਤੇ ਹੂਏ ਨਹੀਂ ਦੇਖਾ, ਉਨਕਾ ਮਤਲਬ ਹੈ ਕਿ ਘੁਟਾਲੇ ਕਰਕੇ ਭੀ ਬਚ ਜਾਤੇ ਹੈਂ।
ਰਾਹੁਲ- ਓ…ਅੱਛਾ ਅੱਛਾ…ਤੋ ਆਪ ਉਨਕੋ ਜਵਾਬ ਨਹੀਂ ਦੇਂਗੇ?
ਡਾ. ਮਨਮੋਹਨ-ਨਹੀਂ, ਮੈਂ ਤੋ ਮੌਨ ਮੌਨ ਹੂੰ।
ਰਾਹੁਲ-ਤੋ ਸੈਕਰੇਟਰੀ, ਤੁਮੀ ਕੋਈ ਜਵਾਬ ਬਤਾਓ?
ਸੈਕਟਰੀ- ਜੀ ਜਨਾਬ, ਆਪ ਬਿਆਨ ਦੋ ਕਿ ਮੋਦੀ ਕੋ ਦੂਸਰੋਂ ਕੇ ਬਾਥਰੂਮ ਮੇਂ ਝਾਕਨਾ ਪਸੰਦ ਹੈ।
ਰਾਹੁਲ-ਅੱਛਾ, ਇਸ ਸੇ ਕਯਾ ਹੋਗਾ?
ਸੈਕਟਰੀ- ਸਰ, ਹੋਗਾ ਤੋ ਕੁਛ ਨਹੀਂ…ਬੱਸ ਚਰਚਾ ਚਲੀ ਗੀ ਔਰ ਘਪਲੋਂ ਪਰ ਪਰਦਾ ਪੜਾ ਰਹੇਗਾ।
ਰਾਹੁਲ- ਓ, ਯੇ ਠੀਕ ਹੈ…ਅਬ ਹਮਾਰੇ ਬੋਲਣੇ ਕਾ ਵਕਤ ਆ ਗਿਆ ਹੈ।

ਮੋਦੀ ਦਾ ਇਕ ਹੋਰ ਜੁਮਲਾ ਚੁੱਕੋ!
ਉੱਤਰ ਪ੍ਰਦੇਸ਼ ਚੋਣਾਂ ਵਿਚ ਸਾਰੀਆਂ ਸਿਆਸੀ ਧਿਰਾਂ ਦਾ ਜ਼ੋਰ ਲੱਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜ਼ੋਰ-ਸ਼ੋਰ ਨਾਲ ਰੈਲੀਆਂ ਵਿਚ ਇਕ ਤੋਂ ਇਕ ਜੁਮਲਾ ਛੱਡ ਰਹੇ ਹਨ। ਜੁਮਲੇ ਛੱਡਣ ‘ਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਜੁਮਲਿਆਂ ਦੇ ਸਿਰ ‘ਤੇ ਤਾਂ ਕੇਂਦਰ ਦੀ ਸੱਤਾ ਹੱਥ ਲੱਗ ਗਈ। ਹੁਣ ਉਤਰ ਪ੍ਰਦੇਸ਼ ਚੋਣਾਂ ਵਿਚ ਮੋਦੀ ਕਹਿ ਰਹੇ ਹਨ-‘ਅਖਿਲੇਸ਼ ਸਰਕਾਰ ਸੁਧਰਨ ਵਾਲੀ ਨਹੀਂ। ਇਨ੍ਹਾਂ ਨੇ ਤਾਂ ਰਾਮ ਮਨੋਹਰ ਲੋਹੀਆ ਨੂੰ ਵੀ ਨਹੀਂ ਛੱਡਿਆ। ਜੇਕਰ ਯੂ.ਪੀ. ਵਿਚ ਭਾਜਪਾ ਦੀ ਸਰਕਾਰ ਬਣੀ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਅਪਰਾਧੀ ਜੇਲ੍ਹ ਹੋਣਗੇ।’ ਲਓ ਜੀ ਕਰ ਲੋ ਗੱਲ। ਢਾਈ ਸਾਲਾਂ ਮਗਰੋਂ ਕਾਲਾ ਧਨ ਤਾਂ ਭਾਰਤ ਵਾਪਸ ਆਇਆ ਨਹੀਂ, ਵਿਜੈ ਮਾਲਿਆ ਕਰੋੜਾਂ ਰੁਪਏ ਡਕਾਰ ਕੇ ਫਰਾਰ ਹੋ ਗਿਆ ਤੇ ਹੁਣ ਯੂ.ਪੀ. ‘ਚ ਅਪਰਾਧੀਆਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਜੇਲ੍ਹ ਵਿਚ ਡੱਕਣਗੇ।  ’84 ਦੇ ਸਿੱਖ ਕਤਲੇਆਮ ਦੇ ਦੋਸ਼ੀ, ਗੁਜਰਾਤ ਦੰਗਿਆਂ ਦੇ ਦੋਸ਼ੀ ਤਾਂ ਅਦਾਲਤਾਂ ਦੀ ਸੈਰ ਕਰਕੇ ਮੁੜ ਆਉਂਦੇ ਨੇ…ਉਨ੍ਹਾਂ ਨੂੰ ਹੀ ਜੇਲ੍ਹ ਅੰਦਰ ਡੱਕ ਦਿਓ ਜਨਾਬ। ਗਊ ਰੱਖਿਅਕ ਸ਼ਰੇਆਮ ਸੜਕਾਂ ‘ਤੇ ਗੁੰਡਾਗਰਦੀ ਕਰਦੇ ਫਿਰ ਰਹੇ ਨੇ…ਇਨ੍ਹਾਂ ਨੂੰ ਜੇਲ੍ਹਾਂ ਵਿਚ ਕਦੋਂ ਡੱਕੋਂਗੇ?!! ਚੱਲੋ ਰਹਿਣ ਈ ਦਿਓ…ਇਹ ਤਾਂ ਥੋਡੇ ਤੋਂ ਹੋਣਾ ਨਹੀਂ…ਕੋਈ ਹੋਰ ਜੁਮਲਾ ਹੀ ਸੁਣਾ ਦਿਓ…। ਟਾਈਮ ਪਾਸ ਕਰਨ ਲਈ।…!!

ਸਜ਼ਾ…ਕੋਈ ਗੱਲ ਈ ਨੀਂ ਜੀ…!
ਡੇਰਾ ਸੌਦਾ ਸਾਧ ਤੋਂ ਸਮਰਥਨ ਲੈਣ ਗਏ ਅਕਾਲੀ ਦਲ ਉਮੀਦਵਾਰ ਹੁਣ ਸਜ਼ਾ ਲੈਣ ਲਈ ਕਾਹਲੇ ਹਨ। ਕੈਬਨਿਟ ਮੰਤਰੀ ਤੇ ਮੌੜ ਹਲਕੇ ਤੋਂ ਉਮੀਦਵਾਰ ਜਨਮੇਜਾ ਸਿੰਘ ਸੇਖੋਂ, ਕੋਟਕਪੂਰਾ ਤੋਂ ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਹੋਣ ਤੇ ਭਾਵੇਂ ਹੋਰ ਗਏ ਨੇਤਾ ਹੋਣ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਮਰਜ਼ੀ ਸਜ਼ਾ ਦਿਓ, ਕੋਈ ਗੱਲ ਈ ਨੀਂ ਜੀ। ਲਓ, ਹੁਣ ਡਰ ਵੀ ਕਾਹਦਾ ਹੋਵੇ ਇਨ੍ਹਾਂ ਨੂੰ…ਵੋਟਾਂ ਲੈਣ ਦਾ ਜਿਹੜਾ ਕੰਮ ਹੋਣਾ ਸੀ, ਉਹ ਤਾਂ ਹੋ ਗਿਆ। ਸਜ਼ਾ ਵੀ ਕਿਹੜਾ ਜੇਲ੍ਹ ਹੋਣ ਲੱਗੀ ਐ…।  ਧਾਰਮਿਕ ਸਜ਼ਾ ਹੈ…ਇਕ ਦਿਨ ਜਾ ਕੇ ਲੰਗਰ ਦੀ ਸੇਵਾ ਕਰ ਆਉਣਗੇ…ਭਾਂਡੇ ਮਾਂਜ ਆਉਣਗੇ…ਜੋੜਿਆਂ ਦੀ ਸੇਵਾ ਕਰ ਦੇਣਗੇ ਤੇ ਗੁਰਬਾਣੀ ਸੁਣ ਲੈਣਗੇ…।  ਏਦੋਂ ਵੱਧ ਤਾਂ ਸਜ਼ਾ ਹੋ ਨੀਂ ਸਕਦੀ। ਨਾਲੇ ਇਹ ਕਿਹੜੀ ਸਜ਼ਾ…? ਇਹ ਸੇਵਾ ਤਾਂ ਰੋਜ਼ ਲੱਖਾਂ ਲੋਕ ਆਪ ਮੁਹਾਰੇ ਕਰਦੇ ਨੇ…।  ਅਕਾਲੀਆਂ ਲਈ ਉਸ ਵੇਲੇ ਵੱਕਾਰ ਦਾ ਸਵਾਲ ਬਣਿਆ ਹੋਇਆ ਸੀ…ਡੇਰੇ ਅੱਗੇ ਹੱਥ ਜੋੜ ਕੇ ਬੇਇਜ਼ਤੀ ਵੀ ਕਰਵਾ ਲਈ ਤੇ ਵੋਟਾਂ ਵੀ ਲੈ ਲਈਆਂ। ਹੁਣ ਕਹਿੰਦੇ ਆ ਬਈ, ਸਜ਼ਾ ਦਿਓ…ਅਸੀਂ ਤਿਆਰ ਆਂ…ਡੇਰੇ ਜਾਣ ਨਾਲ ਸ਼ਾਇਦ ਕੁਰਸੀ ਈ ਬਚ ਜਾਵੇ, ਇੱਜ਼ਤ ਦਾ ਕੀ ਐ…?!!

ਬਿਜਲੀ ਚੋਰੀ ਦੀਆਂ ਮੌਜਾਂ ਈ ਮੌਜਾਂ!
ਬਾਦਲ ਪਿਓ-ਪੁੱਤ ਲੰਬੀਆਂ ਲੰਬੀਆਂ ਸੁੱਟਦੇ ਹਨ-ਅਖੇ, ਪੰਜਾਬ ਵਿਚ ਬਿਜਲੀ ਸਰਪਲਸ ਐ…।  ਪੰਜਾਬ ‘ਚ ਤਾਂ ਪਤਾ ਨਹੀਂ ਪਰ ਲੰਬੀ ‘ਚ ਜ਼ਰੂਰ ਐ। ਵੋਟਾਂ ਵੇਲੇ ਤਾਂ ਪਿਓ-ਪੁੱਤ ਨੇ ਲੋਕਾਂ ਨੂੰ ਮੌਜਾਂ ਈ ਲੁਆ ਦਿੱਤੀਆਂ।  ਕਹਿੰਦੇ ਜਿੰਨੀ ਮਰਜ਼ੀ ਬਿਜਲੀ ਲੁੱਟੋ, ਸਾਨੂੰ ਕੀ ਫ਼ਰਕ ਪੈਂਦੇ…ਪੈਸੇ ਤਾਂ ਪਾਵਰਕੌਮ ਨੇ ਭਰਨੇ ਆ…ਤੁਸੀਂ ਬੱਸ ਸਾਨੂੰ ਵੋਟ ਜ਼ਰੂਰ ਪਾ ਦੇਣਾ। ਫੇਰ ਕੀ ਲੰਬੀ ਹਲਕੇ ਦੇ ਲੋਕਾਂ ਦੇ ਹੌਸਲੇ ਬੁਲੰਦ ਹੋ ਗਏ। ਬਿਜਲੀ ਚੋਰੀ ਦੀਆਂ ਮੌਜਾਂ ਲੱਗ ਗਈਆਂ। ਕੋਈ ਰੋਕਣ-ਟੋਕਣ ਵਾਲਾ ਨਹੀਂ। ਹੁਣ ਜਿੰਨੇ ਦਿਨ ਬਾਦਲ ਸਰਕਾਰ ਐ, ਬਈ ਓਨੇ ਦਿਨ ਤਾਂ ਐਸ਼ ਕਰੋ। ਚੋਰੀ ਕਰ ਕਰਕੇ ਲੰਬੀ ਦੇ ਲੋਕੀ ਸਭ ਤੋਂ ਅੱਗੇ ਨਿਕਲ ਗਏ। ਹੁਣ ਤਾਂ ਸਰਕਾਰ ਕੋਈ ਵੀ ਆ ਜਾਵੇ…ਇਨ੍ਹਾਂ ਦਾ ਕੋਈ ਕੁਝ ਨੀਂ ਵਿਗਾੜ ਸਕਦਾ। ਜਾਂ ਬਾਦਲ ਸਰਕਾਰ ਪੈਸੇ ਭਰੂ ਜਾਂ ਅਗਲੀ ਸਰਕਾਰ ਭੁਗਤੂਗੀ।