ਯੋਗੀ ਨੂੰ ਮੰਤਰ ਦੇਵੇ ਮੋਦੀ!

0
2585

ਲਓ! ਕਰ ਲੋ ਗੱਲ
ਕਮਲ ਦੁਸਾਂਝ

cartoon-copy

ਯੋਗੀ ਨੂੰ ਮੰਤਰ ਦੇਵੇ ਮੋਦੀ!
ਮੋਦੀ- ਓ ਸੁਣ ਯੋਗੀ, ਸਾਰਿਆਂ ਨੂੰ ਪਿਛੇ ਛੱਡ ਕੇ ਮੈਂ ਤੈਨੂੰ ਗੱਦੀ ‘ਤੇ ਬਿਠਾਇਐ…ਹੁਣ ਜ਼ਰਾ ਸੋਚ-ਸਮਝ ਕੇ ਬੋਲੀਂ..।
ਯੋਗੀ- ਨਾ ਕੀ ਮਤਲਬ ਥੋਡਾ, ਮੈਨੂੰ ਬੋਲਣਾ ਨੀਂ ਆਉਂਦਾ?
ਮੋਦੀ- ਜੇ ਆਉਂਦਾ ਤਾਂ ਗੱਲ ਕਾਹਦੀ ਸੀ…ਬਿਨਾਂ ਚੋਣ ਲੜਿਆਂ ਤੈਨੂੰ ਮੈਂ ਮੁੱਖ ਮੰਤਰੀ ਬਣਾ ਦਿੱਤੈ…ਹੁਣ ਯੋਗੀ ਨੀਂ, ਮੁੱਖ ਮੰਤਰੀ ਦਾ ਮਖੌਟਾ ਪਾ ਕੇ ਰੱਖੀਂ…।
ਯੋਗੀ- ਠੀਕ ਐ…ਠੀਕ ਐ…। ਉਂਜ ਜੇ ਮੈਂ ਬੇਤੁਕੇ ਬਿਆਨ ਨਾ ਦਿੰਦਾ ਤਾਂ ਚਰਚਾ ‘ਚ ਕਿਵੇਂ ਆਉਂਦਾ…ਥੋਡੀ ਸਰਕਾਰ ਦੀ ਈ ਚੜ੍ਹਾਈ ਕੀਤੀ ਐ…ਕਰਾਤੀ ਨਾਲ ਬੱਲੇ ਬੱਲੇ…।
ਮੋਦੀ- ਓ! ਬੱਲੇ ਬੱਲੇ ਤਾਂ ਠੀਕ ਐ…ਹੁਣ ਥੱਲੇ ਥੱਲੇ ਨਾ ਕਰਾਦੀਂ!!
ਯੋਗੀ- ਚਿੰਤਾ ਨਾ ਕਰੋ ਜਨਾਬ! ਬੱਸ ਆਪਣਾ ਮੰਤਰ ਮੇਰੇ ਕੰਨ ‘ਚ ਫੂਕਦੇ ਰਹਿਣਾ… ਦੇਖੀਓ ਕਿਤੇ ਨੀਂ ਜਾਂਦੀ ਆਪਣੀ ਸਰਕਾਰ…।
ਮੋਦੀ- ਓਏ! ਬਹੁਤਾ ਵੀ ਨਾ ਟੱਪ…ਐਵੇਂ ਨਾ ਹਬੀ-ਨਬੀ ਹੋ ਜੇ…। ਬਹੁਤੀ ਦੇਰ ਨੀਂ ਲੋਕਾਂ ਨੂੰ ਮੂਰਖ਼ ਬਣਾਇਆ ਜਾ ਸਕਦਾ…ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ।
ਯੋਗੀ- ਚਿੰਤਾ ਨਾ ਕਰੋ ਜਨਾਬ…ਆਹ ਜਿਹੜਾ ਤੁਸੀਂ ਰਾਸ਼ਟਰਵਾਦ, ਧਰਮ ਦਾ ਮੰਤਰ ਦਿੱਤੈ…ਇਹ ਤਾਂ ਹੁਣ ਹਰ ਕੋਈ ਜਪੂ…। ਆਹ ਮੇਰੇ ਮੱਠ ਦੇ ਚੇਲੇ ਈ ਬਹੁਤ ਨੇ ਮੰਤਰ ਜਪਾਉਣ ਨੂੰ…ਹੁਣ ਤਾਂ ਹਰਿ ਹਰਿ ਮੋਦੀ, ਹਰਿ ਹਰਿ ਯੋਗੀ ਕਹੋ, ਮਹਾਰਾਜ!!
ਮਹਾਰਾਜ ਉਂ ਤਾਂ ਥੋਨੂੰ ਮੰਤਰ ਦੇਣ ਦਾ ਪੂਰਾ ਵਲ ਆਉਂਦੈ…ਭਲਾ ਪਿਛਲੇ ਦਿਨੀਂ ਮੁਲਾਇਮ ਸਿੰਘ ਯਾਦਵ ਦੇ ਕੰਨ ‘ਚ ਕੀ ਕਿਹਾ ਸੀ ਤੁਸੀਂ?
ਮੋਦੀ- ਓ ਭਲਿਆ ਲੋਕਾ…ਮੰਤਰ ਕੰਨ ‘ਚ ਈ ਦੱਸੀਦੇ ਆ…ਉਹਦਾ ਅਸਰ ਤਾਂ ਬਾਹਰ ਨਜ਼ਰ ਆਉਂਦੈ…। ਹੁਣ ਮੁਲਾਇਮ ਤਾਂ ਕੀ ਉਹਦਾ ਪੁੱਤ ਅਖਿਲੇਸ਼ ਵੀ ਜੈ ਮੋਦੀ ਜੈ ਮੋਦੀ ਕਰੂ!! ਚੰਗਾ ਹੁਣ ਮੈਂ ਚਲਦਾਂ…ਹੋਰ ਵੀ ਕਈ ਥਾਈਂ ਮੰਤਰ ਦਿੰਦੇ ਜਾਣੈ…!!

ਬਾਪੂ ਆ ‘ਆਪ’ ਆਲਿਆਂ ਨੇ ਬੇੜੀ ਡੋਬਤੀ!
ਵੱਡੇ ਬਾਦਲ- ਸੁੱਖਿਆ ਆ ਕੀ ਕੋਨੇ ‘ਚ ਖੜ੍ਹਾ ਡੁਸਕੀ ਜਾਨੈਂ?
ਛੋਟਾ ਬਾਦਲ- ਬਾਪੂ, ਚੁੱਪ ਰਹਿ ਤੂੰ…ਬੇਬੇ ਮੇਰੇ ਮੈਨੂੰ ਮੁੱਖ ਮੰਤਰੀ ਬਣਦਾ ਦੇਖਣੋ ਰਹਿ ਗਈ…ਤੂੰ ਕੁਰਸੀ ਨੀਂ ਛੱਡੀ।
ਵੱਡਾ ਬਾਦਲ- ਕੀ ਕਰਾਂ ਮੈਂ ਪੁੱਤ ਤੇਰਾ! ਤੈਨੂੰ ਚੱਜ ਈ ਨੀਂ…ਆ ਤੇਰੇ ਬੰਦਿਆਂ ਨੇ ਤਾਂ ਅਤਿ ਕਰਤੀ…ਖੁੱਲ੍ਹੀਆਂ ਬਾਛਾਂ ਛੱਡੀ ਰੱਖੀਆਂ ਤੂੰ ਏਨ੍ਹਾਂ ਦੀਆਂ…ਲੈ ਹੁਣ ਸਵਾਦ।
ਛੋਟਾ ਬਾਦਲ- ਬਾਪੂ ਤੂੰ ਐਵੇਂ ਸਵਾਦ ਨਾ ਲੈ…ਨਾਲੇ ਜਿਹਦੇ ਹੱਥ ਸਰਦਾਰੀ ਹੋਵੇ, ਉਹ ਤਾਂ ਅਤਿ ਕਰਦਾ ਈ ਐ…ਆਹ ਦੇਖ ਲੈ ਕੈਪਟਨ ਨੇ ਵੀ ਆਪਣੇ ਉਹੀ ਬੰਦੇ ਮੁੜ ਲਾ’ਤੇ ਜਿਨ੍ਹਾਂ ਨੇ ਪਹਿਲਾਂ ਉਹਦੀ ਬੇੜੀ ਡੋਬੀ ਸੀ…। ਇਹ ਤਾਂ ਰੱਖਣੇ ਈ ਪੈਂਦੇ ਨੇ…ਗੱਲ ਤਾਂ ‘ਆਪ’ ਆਲਿਆਂ ਨੇ ਬਗਾੜ ‘ਤੀ।
ਵੱਡਾ ਬਾਦਲ- ਹਾਲੇ ਵੀ ਆਪਣੀ ਗ਼ਲਤੀ ਨਾ ਮੰਨੀ…ਉਨ੍ਹਾਂ ਨੇ ਭਲਾ ਕੀ ਕਰਨਾ ਸੀ, ਕੀਤਾ-ਕਰਾਇਆ ਤੇਰਾ।
ਛੋਟਾ ਬਾਦਲ- ਲੈ ਬਾਪੂ, ਸਾਡੇ ਖ਼ਿਲਾਫ਼ ਸਾਰਾ ਭੰਡੀ ਪ੍ਰਚਾਰ ਤਾਂ ਉਨ੍ਹਾਂ ਕੀਤਾ, ਕੈਪਟਨ ਤਾਂ ਫੇਰ ਲਿਹਾਜ਼ ਕਰ ਗਿਆ ਪਰ ‘ਆਪ’ ਆਲਿਆਂ ਨੇ ਕੋਈ ਕਸਰ ਨਾ ਛੱਡੀ। ਕੈਪਟਨ ਤਾਂ ਫੇਰ ਵੀ ਆਪਣਾ ਆੜੀ ਐ…ਚੰਗਾ ਹੋਇਆ ਉਹ ਸੱਤਾ ‘ਚ ਆ ਗਿਆ ਜੇ ‘ਆਪ’ ਆਲੇ ਆ ਜਾਂਦੇ ਤਾਂ ਸਾਰਾ ਕੰਮ ਠੱਪ ਹੋ ਜਾਣਾ ਸੀ। ਸਵਾਦ ਤਾਂ ਹੁਣ ‘ਆਪ’ ਆਲੇ ਲੈਣ…ਜੇ ਸਾਨੂੰ ਗੱਦੀਓਂ ਲਾਹਿਆ ਤਾਂ ਗੱਦੀ ਉਨ੍ਹਾਂ ਨੂੰ ਵੀ ਨੀਂ ਮਿਲੀ।
ਵੱਡਾ- ਬੱਸ! ਏਸੇ ‘ਚ ਖ਼ੁਸ਼ ਹੋਈ ਜਾ, ਅਖੇ ‘ਆਪ’ ਆਲੇ ਨੀਂ ਆਏ। ਇਹ ਨਾ ਦੇਖੀਂ ਤੇਰੀ ਕੁਰਸੀ ਖਿਸਕ ਗਈ!! ਰਿਹਾ ਤਾਂ ਬੱਸ…!!!

ਭਗਵੰਤ ਜੀ, ਸਾਡਾ ਵੀ ‘ਮਾਣ’ ਰੱਖ ਲੋ!!
ਦਾਸ- ਜਨਾਬ, ਸ਼ੁਕਰ ਐ ਤੁਸੀਂ ਮੁੜ ਜਲਾਲਾਬਾਦ ਦਾ ਗੇੜਾ ਮਾਰਿਆ…ਜਦੋਂ ਦੇ ਚੋਣ ਹਾਰੇ ਓਂ, ਆਏ ਨੀਂ ਏਧਰ?
ਭਗਵੰਤ ਮਾਨ- ਨਾ ਹੁਣ ਮੈਂ ਏਧਰ ਆ ਕੀ ਕਰਨਾ ਸੀ…ਵੋਟਾਂ ਪਾਉਣ ਵੇਲੇ ਕਿੱਥੇ ਸੀ ਤੁਸੀਂ?
ਦਾਸ- ਜਨਾਬ, ਅਸੀਂ ਤਾਂ ਏਥੇ ਈ ਸੀ…ਅਸੀਂ ਤਾਂ ਦੁਕਾਨਦਾਰੀ ਕਰੀ ਦੀ ਐ, ਲਿਹਾਜ਼ਦਾਰੀ ਨਹੀਂ…। ਤੁਸੀਂ ਆਓ ਨਾ ਆਓ…ਮੈਂ ਉਹਤੋਂ ਕੀ ਲੈਣਾ…ਮੈਂ ਤਾਂ ਆਪਣੇ ਪੈਸੇ ਲੈਣੇ ਆ…ਮੈਨੂੰ ਤਾਂ ਦੋ ਮਹੀਨੇ ਹੋ ‘ਗੇ ਟੱਕਰਾਂ ਮਾਰਦੇ ਨੂੰ…ਨਾ ਤੁਸੀਂ ਤੇ ਨਾ ਥੋਡੀ ਪਾਰਟੀ ਕੋਈ ਲੜ-ਸਿਰਾ ਫੜਾਉਂਦੀ ਐ…।
ਮਾਨ- ਭਾਈ ਸਾਹਿਬ ਕਾਹਦੇ ਪੈਸੇ…ਮੈਨੂੰ ਤਾਂ ਚੇਤੇ ਨੀਂ…ਮੈਂ ਤਾਂ ਥੋਡੇ ਤੋਂ ਕੋਈ ਪੈਸੇ ਨੀਂ ਲਏ…?
ਦਾਸ- ਜਨਾਬ, ਤੁਸੀਂ ਪੈਸੇ ਨੀਂ ਲਏ…ਪ੍ਰਚਾਰ ਸਮੱਗਰੀ ਲਈ ਸੀ…ਵੱਡੇ ਵੱਡੇ ਕੱਦ-ਬੁੱਤ ਦੇ ਫਲੈਕ ਬਣਾ ਕੇ ਦਿੱਤੇ ਸੀ ਮੈਂ…’ਆਪ’ ਆਲੇ ਆਗੂਆਂ ਤੋਂ ਪੈਸੇ ਮੰਗਦਾ ਫਿਰਦਾਂ…ਕੋਈ ਨੀਂ ਹੱਥ ਫੜਾਉਂਦਾ…ਹਾਰ ਕੇ ਥੋਨੂੰ ਫ਼ੋਨ ਵੀ ਕੀਤਾ ਸੀ…ਤੁਸੀਂ ਭਰੋਸਾ ਦਿੱਤਾ ਸੀ ਕਿ ਦੇ ਦਿਆਂਗੇ…ਜਨਾਬ ਹੁਣ ਤਾਂ ਦੇ ਦਿਓ…ਮੈਂ ਗ਼ਰੀਬ ਬੰਦਾ ਕਿੱਥੇ ਜਾਉਂ?
ਮਾਨ- ਕੋਈ ਨੀਂ ਪੈਸੇ ਦੇ ਦਿਆਂਗੇ…ਪ੍ਰਚਾਰ ਸਮੱਗਰੀ ਈ ਦਿੱਤੀ ਨਾ…ਨਾ ਤਾਂ ਵੋਟ ਦਿੱਤੀ ਨਾ ਸਾਡਾ ਪ੍ਰਚਾਰ ਕੀਤਾ…ਹੁਣ ਪੈਸਿਆਂ ਨੂੰ ਰੋਣੈ?
ਦਾਸ- ਰੋਵਾਂ ਨਾ ਤਾਂ ਹੋਰ ਕੀ ਕਰਾਂ…10-20 ਰੁਪਏ ਨੀਂ ਜਨਾਬ ਥੋਡੀ ਪਾਰਟੀ ਨੇ 3.5 ਲੱਖ ਰੁਪਏ ਦੇਣੇ ਆ ਮੇਰੇ…। ਮੈਨੂੰ ਨੀਂ ਕੁਝ ਪਤਾ…ਬੱਸ ਤੁਸੀਂ ਮੇਰੇ ਪੈਸੇ ਦੇ ਦਿਓ…ਹੁਣ ਮੁੱਕਰੋ ਨਾ।
ਮਾਨ-ਭਲਿਆ ਲੋਕਾ! ਬਾਦਲਾਂ ਨੇ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਡਕਾਰ ਲਏ…2 ਲੱਖ ਕਰੋੜ ਦਾ ਕਰਜ਼ਾਈ ਬਣਾ’ਤਾ। ਤੈਨੂੰ ਆਪਣੇ 3.5 ਲੱਖ ਦੀ ਪਈ ਐ…। ਕੈਪਟਨ ਨੂੰ ਵੋਟਾਂ ਦਿੱਤੀਆਂ ਨੇ…ਉਨ੍ਹਾਂ ਤੋਂ ਮੰਗੋ ਪੈਸੇ…ਸਾਡੀ ਪਾਰਟੀ ਤਾਂ ਗ਼ਰੀਬ ਐ…ਅਸੀਂ ਕਿੱਥੋਂ ਦਈਏ!!!