21ਵੇਂ ਫੀਫਾ ਵਿਸ਼ਵ ਫੁੱਟਬਾਲ ਕੱਪ ਦਾ ਧੂਮ–ਧੜੱਕੇ ਨਾਲ ਆਗਾਜ਼

0
326

 

Soccer Football - World Cup - Opening Ceremony - Luzhniki Stadium, Moscow, Russia - June 14, 2018   Performers during the opening ceremony   REUTERS/Grigory Dukor

ਮਾਸਕੋ/ਬਿਊਰੋ ਨਿਊਜ਼ :
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਲਗਪਗ 80,000 ਦਰਸ਼ਕਾਂ ਦੀ ਮੌਜੂਦਗੀ ਵਿੱਚ ਲੁਜ਼ਨਿਕੀ ਸਟੇਡੀਅਮ ’ਤੇ ਮੇਜ਼ਬਾਨ ਅਤੇ ਸਾਊਦੀ ਅਰਬ ਵਿਚਾਲੇ ਮੁਕਾਬਲੇ ਤੋਂ ਪਹਿਲਾਂ 21ਵੇਂ ਫੀਫਾ ਵਿਸ਼ਵ ਕੱਪ ਦੇ ਆਗਾਜ਼ ਦਾ ਰਸਮੀ ਐਲਾਨ ਕੀਤਾ। ਅਗਲੇ ਇੱਕ ਮਹੀਨੇ ਤੱਕ 32 ਟੀਮਾਂ 64 ਮੁਕਾਬਲੇ ਖੇਡਣਗੀਆਂ। ਪਹਿਲਾ ਮੈਚ ਰੂਸ ਅਤੇ ਸਾਊਦੀ ਅਰਬ ਦੀ ਟੀਮ ਵਿਚਾਲੇ ਖੇਡਿਆ ਗਿਆ। ਮੇਜ਼ਬਾਨ ਨੇ ਪਹਿਲਾ ਮੈਚ 5-0 ਗੋਲਾਂ ਨਾਲ ਜਿੱਤ ਲਿਆ। ਟੂਰਨਾਮੈਂਟ ਦਾ ਪਲੇਠਾ ਗੋਲ ਰੂਸ ਦੇ ਯੂਰੀ ਲਾਜ਼ਿੰਸਕੀ ਨੇ 21ਵੇਂ ਮਿੰਟ ਵਿੱਚ ਕੀਤਾ।
ਪਹਿਲੇ ਮੈਚ ਤੋਂ ਪਹਿਲਾਂ ਲੁਜ਼ਨਿਕੀ ਸਟੇਡੀਅਮ ਵਿੱਚ ਵਿਸ਼ਵ ਕੱਪ ਟਰਾਫੀ ਨੁਮਾਇਸ਼ ਲਈ ਰੱਖੀ ਗਈ। ਸਪੇਨ ਦੇ ਸਾਬਕਾ ਗੋਲਕੀਪਰ ਇਕੇਰ ਸੇਸਿਲਾਸ ਨੇ ਟਰਾਫੀ ਨੂੰ ਹੱਥਾਂ ਵਿੱਚ ਫੜਿਆ ਹੋਇਆ ਸੀ। ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸਟੇਡੀਅਮ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਫੁਟਬਾਲ ਪ੍ਰੇਮੀਆਂ ਦੀ ਵੱਡੀ ਗਿਣਤੀ ਨਚਦੀ ਗਾਉਂਦੀ ਨਜ਼ਰ ਆਈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਾਰੀ ਤਾਦਾਦ ਵਿੱਚ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ। ਉਦਘਾਟਨ ਸਮਾਰੋਹ ਵਿੱਚ ਬਰਤਾਨੀਆ ਦੇ ਪੌਪ ਸਟਾਰ ਰੌਬੀ ਵਿਲੀਅਮਜ਼ ਨੇ ‘ਲੇਟ ਮੀ ਇੰਟਰਟੇਨ ਯੂ’ ਪੇਸ਼ ਕੀਤਾ।

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਫੀਫਾ ਪ੍ਰਮੁੱਖ ਜਿਆਨੀ ਇਨਫਾਂਤਿਨੋ ਨੇ ਟੂਰਨਾਮੈਂਟ ਦੀ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ। ਰੂਸੀ ਸੰਗੀਤਕਾਰ ਪਿਯੋਤਰ ਚਾਇਕੋਵਸਕੀ ਦੀ ਧੁਨ ’ਤੇ ਉਦਘਾਟਨੀ ਸਮਾਰੋਹ ਵਿੱਚ ਪੂਰਾ ਸਟੇਡੀਅਮ ‘ਰੂਸ ਰੂਸ’ ਨਾਲ ਗੂੰਜ ਉੱਠਿਆ। ਪੂਤਿਨ ਨੇ ਇਸ ਮੌਕੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਦੁਨੀਆਂ ਦੀ ਇਸ ਸਭ ਤੋਂ ਮਹੱਤਵਪੂਰਨ ਚੈਂਪੀਅਨਸ਼ਿਪ ਦੇ ਸ਼ੁਰੂਆਤ ਦੀ ਵਧਾਈ ਦਿੰਦਾ ਹਾਂ।’’ ਰੂਸ ਨੇ ਇਸ ਟੂਰਨਾਮੈਂਟ ’ਤੇ 13 ਅਰਬ ਡਾਲਰ ਖ਼ਰਚ ਕੀਤੇ ਹਨ।

 

ਕੈਪਸ਼ਨ : 21ਵੇਂ ਫੀਫਾ ਵਿਸ਼ਵ ਕੱਪ ਦੇ ਆਗਾਜ਼ ਮੌਕੇ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜ਼ਨਿਕੀ ਸਟੇਡੀਅਮਤੇ ਕਰਤੱਬ ਵਿਖਾਉਂਦੇ ਹੋਏ ਕਲਾਕਾਰ