ਕੌਮਾਂਤਰੀ ਮੁੱਕੇਬਾਜ਼ੀ ਰੈਂਕਿੰਗਜ਼ ਦੇ ਸਿਖਰਲੇ 10 ‘ਚ 3 ਭਾਰਤੀ ਸ਼ਾਮਲ

0
603

vishv-champian-shiv_thapa
ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਗ਼ਮਾ ਜੇਤੂ ਗੌਰਵ ਬਿਧੂੜੀ ਨੇ ਕਰੀਅਰ ਦੀ ਸਰਵੋਤਮ 11ਵੀਂ ਰੈਂਕਿੰਗ ਹਾਸਲ ਕੀਤੀ ਜਦਕਿ ਵਿਕਾਸ ਕ੍ਰਿਸ਼ਣ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਦੀ ਤਾਜ਼ਾ ਰੈਂਕਿੰਗ ਵਿਚ ਸੱਤਵੇਂ ਸਥਾਨ ‘ਤੇ ਕਾਬਜ਼ ਸਰਵੋਤਮ ਭਾਰਤੀ ਮੁੱਕੇਬਾਜ਼ ਹੈ।
ਇਸ ਮਹੀਨੇ ਦੇ ਸ਼ੁਰੂ ਵਿਚ ਹੈਮਬਰਗ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ 19ਵੇਂ ਗੇੜ ਮਗਰੋਂ ਅਪਡੇਟ ਕੀਤੀ ਗਈ ਨਵੀਂ ਰੈਂਕਿੰਗ ਵਚ ਸਿਖਰਲੇ 10 ਮੁੱਕੇਬਾਜ਼ਾਂ ਵਿਚ ਤਿੰਨ ਭਾਰਤੀ ਕਾਬਜ਼ ਹਨ। ਵਿਕਾਸ ਇਸ ਦੇ ਦੂਜੇ ਦੌਰ ਵਿਚ ਬਾਹਰ ਹੋ ਗਿਆ ਸੀ। ਉਹ ਮਿਡਲਵੇਟ (75 ਕਿਲੋ) ਵਰਗ ਵਿਚ ਸੱਤਵੇਂ ਸਥਾਨ ‘ਤੇ ਹੈ, ਜਦਕਿ ਕੁਆਰਟਰ ਫਾਈਨਲ ਵਿਚ ਪਹੁੰਚਿਆ ਅਮਿਤ ਫੰਗਲ (49 ਕਿਲੋ) ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਿਖਰਲੇ 10 ਵਿਚ ਕਾਬਜ਼ ਤੀਜਾ ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ (60 ਕਿਲੋ) ਹੈ। ਏਸ਼ਿਆਈ ਚੈਂਪੀਅਨਸ਼ਿਪ ਦਾ ਇਹ ਚਾਂਦੀ ਦਾ ਤਗ਼ਮਾ ਜੇਤੂ ਹੈਜ਼ੇ ਤੇ ਬੁਖ਼ਾਰ ਕਾਰਨ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੀ ਸ਼ੁਰੂਆਤੀ ਬਾਊਟ ਦੇ ਦਿਨ ਨਹੀਂ ਸੀ
ਖੇਡ ਸਕਿਆ। ਉਸ ਨੇ 2015 ਵਿਸ਼ਵ ਚੈਂਪੀਅਨਸ਼ਿਪ ਵਿਚ ਬੈਥਮਵੇਟ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਮੁਕਾਬਲੇ ਵਿਚ ਵਾਈਲਡ ਕਾਰਡ ਰਾਹੀਂ ਪ੍ਰਵੇਸ਼ ਪਾਉਣ ਵਾਲੇ ਬਿਧੂੜੀ ਨੇ ਹੈਮਬਰਗ ਵਿਚ ਭਾਰਤ ਨੂੰ ਇੱਕਲੌਤਾ ਤਗ਼ਮਾ ਦਿਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਪ੍ਰਾਪਤੀ ਨੇ ਉਸ ਨੂੰ ਰੈਂਕਿੰਗਜ਼ ਵਿਚ ਕਾਫੀ ਫਾਇਦਾ ਕਰਾਇਆ ਤੇ ਉਹ ਬੈਂਥਮਵੇਟ (56 ਕਿਲੋ) ਵਰਗ ਵਿਚ 11ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਇੱਕ ਵੱਖਰੇ ਕੁਆਰਟਰ ਫਾਈਨਲ ਵਿਚ ਪਹੁੰਚਿਆ ਮੁੱਕੇਬਾਜ਼ ਕਵਿੰਦਰ ਬਿਸ਼ਟ (52 ਕਿਲੋ) ਰੈਂਕਿੰਗ ਵਿਚ 14ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਮਨੋਜ ਕੁਮਾਰ ਵੈਲਟਰਵੇਟ (69 ਕਿਲੋ) ਵਰਗ ਵਿਚ 24ਵੇਂ ਸਥਾਨ ‘ਤੇ ਹੈ। ਮਨੋਜ ਹੈਮਬਰਗ ਵਿਚ ਪ੍ਰੀ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਿਆ ਸੀ। ਏਸ਼ਿਆਈ ਚਾਂਦੀ ਦਾ ਤਗ਼ਮਾ ਜੇਤੂ ਸੁਮਿਮ ਸਾਂਗਵਾਨ (91) ਤਾਜ਼ਾ ਰੈਂਕਿੰਗ ਵਿਚ 16ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਹ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਹਾਰ ਗਿਆ ਸੀ।
ਬੈਡਮਿੰਟਨ ਰੈਂਕਿੰਗਜ਼ ਵਿੱਚ ਪ੍ਰਣਯ ਨੂੰ ਫਾਇਦਾ
ਬੀਡਬਲਿਊਐਫ ਬੈਡਮਿੰਟਨ ਪੁਰਸ਼ ਸਿੰਗਲ ਰੈਂਕਿੰਗ ਦੇ ਸਿਖਰਲੇ 20 ਖਿਡਾਰੀਆਂ ਵਿਚ ਪੰਜ ਭਾਰਤੀ ਸ਼ਾਮਲ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਫਾਇਦਾ ਪਿਛਲੇ ਹਫ਼ਤੇ ਜਪਾਨ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ ਐਚਐਸ ਪ੍ਰਣਯ ਨੂੰ ਹੋਇਆ ਹੈ। ਪ੍ਰਣਯ ਰੈਂਕਿੰਗ ਵਿਚ ਚਾਰ ਥਾਵਾਂ ਦੀ ਛਾਲ ਨਾਲ 15ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਜਪਾਨ ਓਪਨ ਵਿਚ ਕੁਆਰਟਰ ਫਾਈਨਨ ਤੱਕ ਦਾ ਸਫ਼ਰ ਤੈਅ ਕਰਨ ਵਾਲਾ ਦੂਜਾ ਭਾਰਤੀ ਕਿਦਾਂਬੀ ਸ੍ਰੀਕਾਂਤ ਨੇ ਅੱਠਵੀਂ ਰੈਂਕਿੰਗ ਬਰਕਰਾਰ ਰੱਖੀ ਹੈ। ਅਜੈ ਜੈ ਰਾਮ ਪਿਛਲੇ ਹਫ਼ਤੇ ਦੀ ਤਰ੍ਹਾਂ 20ਵੇਂ ਤੇ ਬੀ ਸਾਈ ਪ੍ਰਣੀਤ 17ਵੇਂ ਸਥਾਨ ‘ਤੇ ਬਣੇ ਹੋਏ ਹਨ। ਸਮੀਰ ਵਰਮਾ ਵੀ 2 ਥਾਵਾਂ ਦੇ ਸੁਧਾਰ ਨਾਲ 19ਵੇਂ ਸਥਾਨ ‘ਤੇ ਆ ਗਿਆ ਹੈ। ਮਹਿਲਾ ਸਿੰਗਲਜ਼ ਵਿਚ ਸਿੰਧੂ ਤੇ ਸਾਇਨਾ ਨੇ ਆਪਣੀ ਪਿਛਲੀ ਰੈਂਕਿੰਗ ਵਾਲਾ ਲੜੀਵਾਰ ਦੂਜਾ ਤੇ 12ਵਾਂ ਸਥਾਨ ਬਰਕਰਾਰ ਰੱਖਿਆ ਹੈ। ਸਿੱਕੀ ਰੈੱਡੀ ਤੇ ਪ੍ਰਣਵ ਜੈਰੀ ਚੋਪੜਾ ਦੀ ਮਿਕਸਡ ਡਬਲਜ਼ ਜੋੜੀ ਨੂੰ ਜਪਾਨ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਦਾ ਫਾਇਦਾ ਹੋਇਆ ਅਤੇ ਉਹ ਥਾਵਾਂ ਦੇ ਸੁਧਾਰ ਨਾਲ 17ਵੇਂ ਸਥਾਨ ‘ਤੇ ਆ ਗਈ ਹੈ।