ਅਮਰੀਕਾ ਦੇ ਡਰੈਸੇਲ ਨੇ ਮਹਾਨ ਤੈਰਾਕ ਮਾਈਕਲ ਫੇਲਪਸ ਦੇ ਰਿਕਾਰਡ ਦੀ ਕੀਤੀ ਬਰਾਬਰੀ

0
204

tairaak-dressel
ਬੁਡਾਪੇਸਟ/ਬਿਊਰੋ ਨਿਊਜ਼ :
ਅਮਰੀਕਾ ਦੇ 20 ਸਾਲਾ ਨਵੇਂ ਸਟਾਰ ਸੇਲੇਬ ਡਰੈਸੇਲ ਨੇ ਦੁਨੀਆ ਦੇ ਮਹਾਨ ਤੈਰਾਕ ਮਾਈਕਲ ਫੇਲਪਸ ਦੇ ਇੱਕ ਚੈਂਪੀਅਨਸ਼ਿਪ ਵਿਚ ਸੱਤ ਸੋਨ ਤਗ਼ਮੇ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਦੇ ਨਾਲ ਹੀ 17ਵੀਂ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੀ ਸਮਾਪਤੀ ਕੀਤੀ ਹੈ।
ਵਿਸ਼ਵ ਚੈਂਪੀਅਨਸ਼ਿਪ ਦੇ ਆਖਰੀ ਦਿਨ ਐਤਵਾਰ ਨੂੰ ਇੱਥੇ ਡਰੈਸੇਲ ਨੇ ਡੂਨਾ ਐਰੇਨਾ ਵਿਚ 4%100 ਮੀਟਰ ਮੈਡਲੇ ਰਿਲੇਅ ਦੇ ਬਟਰਫਲਾਈ ਗੇੜ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਅਮਰੀਕੀ ਟੀਮ ਨੂੰ ਸੋਨ ਤਗ਼ਮਾ ਦਿਵਾਇਆ ਜੋ ਉਸ ਦਾ ਇਸ ਚੈਂਪੀਅਨਸ਼ਿਪ ਵਿਚ ਸੱਤਵਾਂ ਸੋਨ ਤਗ਼ਮਾ ਵੀ ਹੈ। ਇਸ ਤੋਂ ਪਹਿਲਾਂ ਡਰੈਸੇਲ ਨੇ ਇੱਕ ਹੀ ਦਿਨ ਵਿਚ ਤਿੰਨ ਰਿਲੇਅ ਵਿਚ ਨਿੱਜੀ ਸੋਨ ਤਗ਼ਮੇ ਜਿੱਤੇ ਸਨ ਤੇ ਕੁੱਲ ਛੇ ਤਗ਼ਮਿਆਂ ਨਾਲ ਉਹ ਫੇਲਪਸ ਦੇ ਰਿਕਾਰਡ ਤੋਂ ਇੱਕ ਹੀ ਕਦਮ ਦੂਰ ਸੀ ਜੋ ਉਸ ਨੇ ਰਿਲੇਅ ਸੋਨ ਤਗ਼ਮੇ ਨਾਲ ਪੂਰਾ ਕੀਤਾ। ਫੇਲਪਸ ਨੇ ਆਸਟਰੇਲੀਆ ਵਿਚ 2007 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਸੱਤ ਸੋਨ ਤਗ਼ਮੇ ਜਿੱਤੇ ਸੀ। ਡਰੈਸੇਲ ਦੀ ਬਦੌਲਤ ਅਮਰੀਕਾ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਕੁੱਲ 38 ਤਗ਼ਮੇ ਜਿੱਤੇ ਜੋ ਉਸ ਦਾ ਵਿਸ਼ਵ ਤੈਰਾਕੀ ਵਿਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਵੀ ਹੈ। ਫਲੋਰਿਡਾ ਦੇ ਵਿਦਿਆਰਥੀ ਨੇ ਰੇਸ ਮਗਰੋਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਕਦੀ ਨਹੀਂ ਹੋਇਆ ਹੈ, ਇਸ ਲਈ ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਹੈ, ਪਰ ਉਹ ਹੁਣ ਯੂਰੋਪ ਜਾ ਕੇ ਕੁਝ ਆਰਾਮ ਕਰਨਾ ਚਾਹੁੰਦਾ ਹੈ।ਇਸ ਤੋਂ ਪਹਿਲਾਂ ਅਮਰੀਕੀ ਤੈਰਾਕ ਲਿਲੀ ਕਿੰਗ ਨੇ ਮਹਿਲਾਵਾਂ ਦੇ 50 ਮੀਟਰ ਬ੍ਰੈਸਟਸਟ੍ਰੋਕ ਮੁਕਾਬਲੇ ਵਿਚ ਵਿਸ਼ਵ ਰਿਕਾਰਡ 29.40 ਸਕਿੰਟ ਦਾ ਸਮਾਂ ਲੈ ਕੇ ਟੀਮ ਲਈ ਸੋਨ ਤਗ਼ਮੇ ਨਾਲ ਵਧੀਆ ਸ਼ੁਰੂਆਤ ਕੀਤੀ। ਕਿੰਗ ਨੇ ਰੂਸ ਦੀ ਯੂਲੀਆ ਐਫਿਮੋਵਾ ਨੂੰ 0.17 ਸਕਿੰਟ ਨਾਲ ਹਰਾਇਆ ਜਦਕਿ ਅਮਰੀਕੀ ਤੈਰਾਕ ਕੇਟੀ ਮੇਲੀ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਮਹਿਲਾਵਾਂ ਦੀ 400 ਮੀਟਰ ਵਿਅਕਤੀਗਤ ਮੈਡਲੇ ਵਿਚ ਘੇਰਲੂ ਖਿਡਾਰੀ ਹੰਗਰੀ ਦੀ ਕੈਟਨਿਕਾ ਹੋਸੂ ਨੇ ਸੋਨ ਤਗ਼ਮਾ ਜਿੱਤ ਕੇ ਸਮਰਥਕਾਂ ਨੂੰ ਦੁਬਾਰਾ ਜਸ਼ਨ ਮਨਾਉਣ ਦਾ ਮੌਕਾ ਦਿੱਤਾ।