ਸਾਨੀਆ-ਬਾਰਬਰਾ ਦੀ ਜੋੜੀ ਦੁਬਈ ਓਪਨ ਦੇ ਸੈਮੀ ਫਾਈਨਲ ‘ਚ ਪਹੁੰਚੀ

0
1235

sania_barbora
ਨਵੀਂ ਦਿੱਲੀ\ਬਿਊਰੋ ਨਿਊਜ਼
ਤੀਜੀ ਸੀਡ ਭਾਰਤ ਦੀ ਸਾਨੀਆ ਮਿਰਜ਼ਾ ਤੇ ਉਸ ਦੀ ਜੋੜੀਦਾਰ ਚੈੱਕ ਗਣਰਾਜ ਦੀ ਬਾਰਬਰਾ ਸਟ੍ਰਾਈਕੋਵਾ ਨੇ ਇੱਥੇ ਦੁਬਈ ‘ਚ ਡਬਲੂਟੀਏ ਦੁਬਈ ਡਿਊਟੀ ਫਰੀ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਸੈਮੀ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਸਾਨੀਆ-ਬਾਰਬਰਾ ਦੀ ਜੋੜੀ ਨੇ ਕੁਆਰਟਰ ਫਾਈਨਲ ‘ਚ ਸੱਤਵੀਂ ਸੀਡ ਅਮਰੀਕਾ ਦੀ ਐਬੀਗਾਲੀ ਸਪੀਅਰਜ਼ ਤੇ ਸਲੋਵੇਨੀਆ ਦੀ ਕੈਟਰੀਨਾ ਸ੍ਰੀਬੋਟਨਿਕ ਦੀ ਜੋੜੀ ਨੂੰ ਇੱਕ ਘੰਟਾ 18 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਲਗਾਤਾਰ ਸੈੱਟਾਂ ‘ਚ 6-2, 7-5 ਨਾਲ ਮਾਤ ਦਿੱਤੀ। ਭਾਰਤੀ-ਚੈੱਕ ਖਿਡਾਰੀਆਂ ਦੀ ਜੋੜੀ ਹੁਣ ਫਾਈਨਲ ‘ਚ ਪਹੁੰਚਣ ਲਈ ਦੂਜੀ ਸੀਡ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਅਤੇ ਐਲੀਨਾ ਵੇਸਨੀਨਾ ਦੀ ਜੋੜੀ ਦਾ ਮੁਕਾਬਲਾ ਕਰੇਗੀ। ਰੂਸੀ ਜੋੜੀ ਨੇ ਇੱਕ ਵੱਖਰੇ ਮੁਕਾਬਲੇ ਵਿੱਚ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਅਤੇ ਲਾਤਵੀਆ ਦੀ ਜੇਲੇਨਾ ਓਸਤਾਪੇਂਕਾ ਨੂੰ ਇੱਕ ਘੰਟਾ 19 ਮਿੰਟ ਚੱਲੇ ਮੁਕਾਬਲੇ ਵਿੱਚ 6-1, 3-6, 10-5 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਡੇਲੇਰੇ ਬੀਓ ਓਪਨ ਟੈਨਿਸ ਟੂਰਨਾਮੈਂਟ ‘ਚ ਪੂਰਵ ਰਾਜਾ ਤੇ ਦਿਵਿਜ ਸ਼ਰਣ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੂੰ ਦੂਜੀ ਸੀਡ ਰਾਵੇਨ ਕਲਾਸੇਨ ਤੇ ਓਲੰਪੀਅਨ ਰਾਜੀਵ ਰਾਮ ਦੀ ਦੱਖਣੀ ਅਫਰੀਕੀ-ਅਮਰੀਕੀ ਜੋੜੀ ਹੱਥੋਂ ਲਗਾਤਾਰ ਸੈੱਟਾਂ ‘ਚ 5-7, 5-7 ਨਾਲ ਹਾਰ ਕੇ ਬਾਹਰ ਹੋਣਾ ਪਿਆ। ਇਹ ਕੁਆਰਟਰ ਫਾਈਨਲ ਮੁਕਾਬਲਾ ਇੱਕ ਘੰਟਾ 24 ਮਿੰਟ ਤੱਕ ਚੱਲਿਆ।