ਸੈਕਰਾਮੈਂਟੋ ਇੰਟਰਨੈਸ਼ਨਲ ਕਬੱਡੀ ਕੱਪ :50 ਹਜ਼ਾਰ ਡਾਲਰ ਨਗਦ,12 ਗੋਲਡ ਮੈਡਲ ਤੇ ਦੋ ਚੇਨੀਆਂ ਨਾਲ ਖਿਡਾਰੀਆਂ ਦਾ ਸਨਮਾਨ

0
185

sacramento-international-kabaddi-cup-photo
ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਦੁਨੀਆ ਵਿਚ ਕਬੱਡੀ ਖੇਡ ਲਈ ਸਭ ਤੋਂ ਵੱਧ ਇਨਾਮਾਂ ਵਾਲੇ ਟੂਰਨਾਮੈਂਟਾਂ ਵਿਚ ਸੈਕਰਾਮੈਂਟੋ ਨੇ ਵੀ ਆਪਣਾ ਨਾਂ ਸ਼ੁਮਾਰ ਕਰ ਲਿਆ ਹੈ। ਇਸ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਜੇਤੂ ਖਿਡਾਰੀਆਂ ਨੂੰ 12 ਗੋਲਡ ਚੇਨੀਆਂ ਅਤੇ ਹੋਰ ਇਨਾਮਾਂ ਲਾਲ ਪ੍ਰਸੰਨ ਕਰ ਦਿੱਤਾ ਗਿਆ। ਇਸ ਕਬੱਡੀ ਕੱਪ ਦਾ ਆਯੋਜਨ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਸਥਿਤ ਖੁੱਲ੍ਹੀਆਂ ਗਰਾਊਂਡਾਂ ਵਿਚ ਹੋਇਆ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਵਲੋਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ਼ ਯੂਐਸਏ ਦੀ ਦੇਖ-ਰੇਖ ਵਿਚ ਕਰਵਾਏ ਗਏ ਇਸ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਬੇ ਏਰੀਆ ਸਪੋਰਟਸ ਕਲੱਬ ਯੂਨੀਅਨ ਸਿਟੀ ਓਪਨ ਵਿਚੋਂ ਜੇਤ ਰਿਹਾ ਤੇ ਫਤਿਹ ਸਪੋਰਟਸ ਕਲੱਬ ਟਰਲਕ ਨੂੰ ਦੂਜੀ ਥਾਂ ‘ਤੇ ਸਬਰ ਕਰਨਾ ਪਿਆ। ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ 15 ਹਜ਼ਾਰ ਨਕਦ ਇਨਾਮ ਦਿੱਤਾ ਗਿਆ ਅਤੇ ਦੂਜੇ ਥਾਂ ਰਹੀ ਟੀਮ ਨੂੰ 14 ਹਜ਼ਾਰ ਨਕਦ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਅੰਡਰ 25 ਟੀਮਾਂ ਵਿਚ ਪਹਿਲੇ ਸਥਾਨ ‘ਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਰਿਹਾ ਤੇ ਦੂਜੇ ਸਥਾਨ ‘ਤੇ ਕੈਲੀਫੋਰਨੀਆ ਬ੍ਰਦਰਜ਼ ਯੂਬਾ ਸਿਟੀ ਰਹੇ। ਇਸ ਦੌਰਾਨ  ਅੰਡਰ 21 ਵਿਚ ਸ਼ਹੀਦ ਬਾਬਾ ਦੀਪ ਸਿੰਘ ਪਹਿਲੇ ਅਤੇ ਫਰਿਜ਼ਨੋ ਸਪੋਰਟਸ ਕਲੱਬ ਦੂਜੇ ਸਥਾਨ ਤੇ ਰਿਹਾ। ਇਸੇ ਲੜੀ ਵਿਚ ਤੀਜੇ ਸਥਾਨ ਓਪਨ ਲਈ 11 ਹਜ਼ਾਰ ਦਾ ਇਨਾਮ ਅਤੇ ਓਪਨ ਲਈ ਚੌਥੇ ਸਥਾਨ ਲਈ 10 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ। ਕਬੱਡੀ ਓਪਨ ਵਿਚ ਬੈਸਟ ਰੇਡਰ ਦਾ ਖਿਤਾਬ ਸੁਲਤਾਨ ਨੂੰ ਦਿੱਤਾ ਗਿਆ ਅਤੇ ਬੈਸਟ ਜਾਫ਼ੀਆਂ ਦਾ ਖਿਤਾਬ ਸੰਦੀਪ ਨੰਗਲ ਅੰਬੀਆਂ, ਪਾਲਾ ਜਲਾਲ ਤੇ ਖੁਸ਼ੀ ਦਿੜ੍ਹਬਾ ਨੂੰ ਦਿੱਤਾ ਗਿਆ। ਗੋਲਡ ਮੈਡਲਾਂ ਨਾਲ ਪਾਲਾ ਜਲਾਲ, ਦੁੱਲਾ ਬੱਗਾ ਪਿੰਡ, ਮੰਗੀ ਬੱਗਾ ਪਿੰਡ, ਮੀਕ ਸਿਆਟਲ, ਸੰਦੀਪ ਗਿੱਲ ਅੰਬੀਆਂ, ਸੁਲਤਾਨ ਸਮਸ਼ਪੁਰ, ਜਤਿੰਦਰ ਬੈਂਸ, ਭੂਰਾ ਘੜੂੰਆ ਨੂੰ ਸਨਮਾਨਿਤ ਕੀਤਾ ਗਿਆ। ਸੋਨੇ ਦੀਆਂ ਚੇਨੀਆਂ ਮੱਖਣ ਅਲੀ ਅਤੇ ਚੌਧਰੀ ਨੂੰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਕਬੱਡੀ ਕੱਪ ਦੌਰਾਨ ਹਜ਼ਾਰਾਂ ਦੀ ਤਦਾਦ ਵਿਚ ਆਏ ਦਰਸ਼ਕਾਂ ਨੂੰ ਸ਼ਿਕਾਗੋ ਪੀਜ਼ਾ ਵਾਲਿਆਂ ਨੇ ਮੁਫ਼ਤ ਪੀਜ਼ਾ ਖੁਆਇਆ। ਇਸੇ ਤਰ੍ਹਾਂ ਸਾਰਾ ਦਿਨ ਮੁਫ਼ਤ ਲੰਗਰ ਤੇ ਚਾਹ-ਸੋਢੇ ਦਾ ਪ੍ਰਬੰਧ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵਲੋਂ ਕੀਤਾ ਗਿਆ। ਬਕਾਇਦਾ ਤੌਰ ‘ਤੇ ਮੈਕਸੀਕਨ ਮੂਲ ਦੀਆਂ ਕੁੜੀਆਂ ਵਲੋਂ ਖਾਣਾ ਅਤੇ ਚਾਹ ਮੁਹੱਈਆ ਕਰਵਾਈ ਗਈ। ਇਸ ਮੌਕੇ ਸਟੇਜ ਦੀ ਕਾਰਵਾਈ ਬੀਬੀ ਆਸ਼ਾ ਸ਼ਰਮਾ ਤੇ ਮੱਖਣ ਅਲੀ ਵਲੋਂ ਕੀਤੀ ਗਈ। ਪ੍ਰਬੰਧਕਾਂ ਵਿਚ ਧੀਰਾ ਨਿੱਝਰ, ਪ੍ਰਗਟ ਸਿੰਘ ਬੈਂਸ, ਗੁਰਮੀਤ ਵੜੈਚ, ਤਰਲੋਚਨ ਅਟਵਾਲ, ਨਰਿੰਦਰ ਥਾਂਦੀ, ਲਖਵੀਰ ਔਜਲਾ, ਪੰਮਾ ਲਿੱਧੜ, ਹੈਪੀ ਔਲਖ, ਗਿੰਦਾ ਭਲਵਾਨ, ਹੈਪੀ ਬਰਿਆਲਾ, ਬਿੱਟੂ ਰੰਧਾਵਾ, ਗੋਲਡੀ ਲਾਲੀ, ਗੁਰਜੀਤ ਦਿਓਲ, ਬਲਵਿੰਦਰ ਸੰਧੂ, ਪਿੰਦੀ ਸੰਧੂ ਅਤੇ ਲਾਡਾ ਕਾਹਲੋਂ ਆਦਿ ਨੇ ਦਰਸ਼ਕਾਂ, ਸਪਾਂਸਰਾਂ ਤੇ ਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਇਕ ਅਤੇ ਦੋ ਦਸੰਬਰ ਨੂੰ ਹਾਕੀ ਟੂਰਨਾਮੈਂਟ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਉਪਰੰਤ ਉਨ੍ਹਾਂ ਗੁਰਦੁਆਰਾ ਬਰਾਡਸ਼ਾਅ ਕਮੇਟੀ ਦਾ ਵੀ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।