15ਵੀਆਂ ਖਾਲਸਾਈ ਖੇਡਾਂ ਸ੍ਰੀ ਆਨੰਦਪੁਰ ਸਾਹਿਬ ਵਿਚ ਸ਼ੁਰੂ

0
32

ਖਿਡਾਰੀਆਂ ਵੱਲੋਂ ਖਾਲਸਈ ਜਾਹੋ-ਜਲਾਲ ਨਾਲ ਮਾਰਚ ਪਾਸਟ

khalsa_games

ਖੇਡਾਂ ਦੇ ਉਦਘਾਟਨ ਮੌਕੇ ਖ਼ਾਲਸਾਈ ਬਾਣੇ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਮਾਰਚ ਪਾਸਟ ਕਰਦੇ ਹੋਏ।
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵੀਆਂ ਖਾਲਸਾਈ ਖੇਡਾਂ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ 40 ਕਾਲਜਾਂ ਦੇ ਚਾਰ ਹਜ਼ਾਰ ਤੋਂ ਵੱਧ ਖਿਡਾਰੀ ਖ਼ਾਲਸਾ ਨਗਰੀ ਵਿਚ ਪਹੁੰਚ ਚੁੱਕੇ ਹਨ। ਇਨ੍ਹਾਂ ਖਾਲਸਾਈ ਖੇਡਾਂ ਦਾ ਰਸਮੀ ਆਗਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਇਸ ਮੌਕੇ ਖਾਲਸਾਈ ਬਾਣੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ। ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ 50ਵੀਂ ਵਰ੍ਹੇ ਗੰਢ ਮੌਕੇ ਇਸ ਕਾਲਜ ਨੂੰ ਦਸ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਲੋਕ ਸੰਪਰਕ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਖੇਡਾਂ ਦੇ ਮੁਕਾਬਲੇ ਕਾਲਜ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਹੋਣਗੇ, ਜਦਕਿ ਫੁਟਬਾਲ, ਹਾਕੀ, ਬੈਡਮਿੰਟਨ ਦੇ ਮੁਕਾਬਲੇ ਦਸ਼ਮੇਸ਼ ਅਕੈਡਮੀ ਅਤੇ ਥਰੋਅ ਈਵੈਂਟ ਮਾਰਸ਼ਲ ਅਕੈਡਮੀ ਵਿੱਚ ਹੋਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਡਾਇਰੈਕਟਰ ਸਿੱਖਿਆ ਡਾ. ਜਤਿੰਦਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਖਿਆ ਸਕੱਤਰ ਅਵਤਾਰ ਸਿੰਘ ਸੈਂਪਲਾ ਵੱਲੋਂ ਸੰਬੋਧਨ ਕੀਤਾ ਗਿਆ।
ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਪ੍ਰਧਾਨ ਲੌਂਗੋਵਾਲ ਅਤੇ ਡਾ ਜਤਿੰਦਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਰਜਿੰਦਰ ਸਿੰਘ ਬਾਜਵਾ, ਡਾ. ਡੀ. ਐਸ. ਰਾਹੀ ਡਿਪਟੀ ਡੀ. ਪੀ.ਆਈ ਕਾਲਜਾਂ , ਡਿਪਟੀ ਡਾਇਰੈਕਟਰ ਪ੍ਰੋਫੈਸਰ ਪ੍ਰਭਜੀਤ ਸਿੰਘ, ਮਨੈਜਰ ਜਸਵੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ।