‘ਆਇਰਨ ਮੈਨ’ ਦਾ ਖ਼ਿਤਾਬ ਜਿੱਤਣ ਵਾਲੇ ਗੁਰਸਿੱਖ ਨੌਜਵਾਨ ਦਾ ਸਨਮਾਨ

0
48

ironman-asr
ਫਲੋਰੀਡਾ ਵਿਖੇ ਆਇਰਨ ਮੈਨ ਦਾ ਖਿਤਾਬ ਪ੍ਰਾਪਤ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਸੁਖਰੀਤ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
ਅੰਮ੍ਰਿਤਸਰ/ਬਿਊਰੋ ਨਿਊਜ਼ :
‘ਆਇਰਨ ਮੈਨ’ ਦਾ ਖ਼ਿਤਾਬ ਜਿੱਤਣ ਵਾਲੇ ਪੰਜਾਬ ਦੇ ਅੰਮ੍ਰਿਤਸਰ ਵਾਸੀ ਗੁਰਸਿੱਖ ਨੌਜਵਾਨ ਸੁਖਰੀਤ ਸਿੰਘ (26 ਸਾਲ) ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਸ ਨੇ ਇਹ ਖਿਤਾਬ ਅਮਰੀਕਾ ਤੇ ਫਲੋਰੀਡਾ ਸੂਬੇ ਵਿਚ ਵਰਲਡ ਟ੍ਰਾਇਥਲੌਨ ਕਾਰਪੋਰੇਸ਼ਨ ਵਲੋਂ ਕਰਵਾਏ ਗਏ ਮੁਕਾਬਲੇ ‘ਚ ਜਿੱਤਿਆ ਹੈ।
ਸੁਖਰੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਨਰਿੰਦਰ ਸਿੰਘ ਦਾ ਬੇਟਾ ਹੈ। ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਆਨਰਜ਼ ਕਰਨ ਤੋਂ ਬਾਅਦ ਸੁਖਰੀਤ ਆਪਣਾ ਕਾਰੋਬਾਰ ਕਰ ਰਿਹਾ ਹੈ। ਇਸ ਮੁਕਾਬਲੇ ਲਈ ਉਸ ਨੇ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਕੀਤੀ ਹੈ। ਮੁਕਾਬਲੇ ਦੌਰਾਨ ਤੈਰਨ, ਸਾਈਕਲ ਦੌੜ ਤੇ ਬਾਅਦ ਵਿਚ ਲੰਮੀ ਦੌੜ ਹੁੰਦੀ ਹੈ। ਇਸ ਮੁਕਾਬਲੇ ਲਈ 25 ਸੌ ਤੋਂ ਵੱਧ ਖਿਡਾਰੀ ਮੈਦਾਨ ਵਿਚ ਸਨ ਤੇ ਇਸ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ। ਸੁਖਰੀਤ ਨੇ ਦੱਸਿਆ ਕਿ ਉਸ ਨੇ ਚਾਰ ਕਿਲੋਮੀਟਰ ਤੈਰਾਕੀ ਕੀਤੀ, 180 ਕਿਲੋਮੀਟਰ ਸਾਈਕਲ ਚਲਾਇਆ ਅਤੇ ਮੁੜ 42 ਕਿਲੋਮੀਟਰ ਦੌੜ ਲਾਈ। ਮੁਕਾਬਲੇ ਵਿਚ ਉਹ ਪੰਜਾਬ ਤੋਂ ਇਕੱਲਾ ਗੁਰਸਿੱਖ ਨੌਜਵਾਨ ਸੀ, ਜਿਸ ਨੂੰ ਇਹ ਐਵਾਰਡ ਪ੍ਰਾਪਤ ਹੋਇਆ ਹੈ। ਸੁਖਰੀਤ ਦੀ ਮਾਂ ਬੀਬੀ ਕਿਰਨਜੋਤ ਕੌਰ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਰਿਸ਼ਤੇ ਵਿਚ ਦੋਹਤੀ ਲਗਦੀ ਹੈ।
ਇਸ ਨੌਜਵਾਨ ਨੂੰ ਐਸਜੀਪੀਸੀ ਦੇ ਸੂਚਨਾ ਕੇਂਦਰ ਵਿਚ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਿਰੋਪਾਓ,  ਲੋਈ, ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਮੈਨੇਜਰ ਮੁਖਤਾਰ ਸਿੰਘ, ਹਰਭਜਨ ਸਿੰਘ ਵਕਤਾ ਤੇ ਹੋਰ ਕਮੇਟੀ ਅਧਿਕਾਰੀ ਹਾਜ਼ਰ ਸਨ।