ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਲੜੀ 2-1 ਨਾਲ ਜਿੱਤੀ

0
449

cricket1
ਕਾਨਪੁਰ/ਬਿਊਰੋ ਨਿਊਜ਼ :
ਇਥੋਂ ਦੇ ਗਰੀਨ ਪਾਰਕ ਸਟੇਡੀਅਮ ਵਿਚ ਖੇਡੇ ਗਏ ਤੀਸਰੇ ਤੇ ਫੈਸਲਾਕੁੰਨ ਮੈਚ ਵਿਚ ਕਪਤਾਨ ਵਿਰਾਟ ਕੋਹਲੀ (113) ਤੇ ਉੱਪ-ਕਪਤਾਨ ਰੋਹਿਤ ਸ਼ਰਮਾ (147) ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਨੂੰ 2-1 ਨਾਲ ਆਪਣੇ ਨਾਂਅ ਕਰ ਲਿਆ ਹੈ। ਭਾਰਤ ਵੱਲੋਂ ਮਿਲੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨਿਰਧਾਰਤ 50 ਓਵਰਾਂ ਵਿਚ 7 ਵਿਕਟਾਂ ‘ਤੇ ਸਿਰਫ 331 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਕਾਲਿਨ ਮੁਨਰੋ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਕਪਤਾਨ ਵਿਰਾਟ ਕੋਹਲੀ (113) ਤੇ ਉੱਪ-ਕਪਤਾਨ ਰੋਹਿਤ ਸ਼ਰਮਾ (147) ਦੇ ਸੈਂਕੜਿਆਂ ਦੀ ਬਦੌਲਤ ਨਿਰਧਾਰਤ 50 ਓਵਰਾਂ ‘ਚ 6 ਵਿਕਟਾਂ ‘ਤੇ 337 ਦੌੜਾਂ ਬਣਾਈਆਂ। ਰੋਹਿਤ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸਸਤੇ ਵਿਚ ਹੀ ਆਪਣਾ ਵਿਕਟ ਗੁਆ ਬੈਠੇ। ਉਨ੍ਹਾਂ 20 ਗੇਂਦਾਂ ਵਿਚ ਸਿਰਫ 14 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨਾਲ ਮਿਲ ਕੇ 230 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਦੋਵਾਂ ਨੇ ਸੈਂਕੜੇ ਲਗਾ ਕੇ ਭਾਰਤ ਦੇ ਸਕੋਰ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ। ਭਾਰਤ ਵੱਲੋਂ ਮਹਿੰਦਰ ਸਿੰਘ ਧੋਨੀ ਨੇ 17 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 25 ਦੌੜਾਂ ਦੀ ਪਾਰੀ ਖੇਡੀ। ਦਿਨੇਸ਼ ਕਾਰਤਿਕ ਦੀ ਜਗ੍ਹਾ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਹਾਰਦਿਕ ਪਾਂਡਿਆਂ ਵੀ ਅਸਫਲ ਸਾਬਿਤ ਰਹੇ ਤੇ ਉਹ ਕੇਵਲ 8 ਦੌੜਾਂ ਹੀ ਬਣਾ ਸਕੇ। ਪਿਛਲੇ ਦੋ ਮੈਚਾਂ ਵਿਚ ਸਫਲ ਰਹੇ ਨਿਊਜ਼ੀਲੈਂਡ ਦੇ ਗੇਂਦਬਾਜ਼ ਟਰੈਂਟ ਬੋਲਟ ਇਸ ਵਾਰ ਸਭ ਤੋਂ ਮਹਿੰਗੇ ਸਾਬਿਤ ਹੋਏ। ਬੋਲਟ ਨੇ ਬਿਨਾ ਕੋਈ ਵਿਕਟ ਲਿਆਂ 10 ਓਵਰਾਂ ਵਿਚ 81 ਦੌੜਾਂ ਦਿੱਤੀਆਂ। ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ, ਐਡਮ ਮਿਲਨ ਤੇ ਮਿਸ਼ੇਲ ਸਟੈਂਟਰ ਨੇ 2-2 ਖਿਡਾਰੀਆਂ ਨੂੰ ਆਊਟ ਕਰਕੇ ਭਾਰਤ ਨੂੰ 6 ਝਟਕੇ ਦਿੱਤੇ। ਭਾਰਤ ਵੱਲੋਂ ਮਿਲੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਕੁਝ ਖਾਸ ਨਾ ਕਰ ਸਕੇ ਤੇ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ 10 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਕਾਲਿਨ ਮੁਨਰੋ ਨਾਲ 109 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਕਾਲਿਨ ਮੁਨਰੋ ਨੂੰ 75 ਦੌੜਾਂ ‘ਤੇ ਯੁਜਵੇਂਦਰ ਚਹਿਲ ਨੇ ਕਲੀਨ ਬੋਲਡ ਕੀਤਾ। ਕਪਤਾਨ ਵਿਲੀਅਮਸਨ ਸਿਰਫ 65 ਦੌੜਾਂ ਹੀ ਬਣਾ ਸਕੇ ਤੇ ਉਹ ਵੀ ਚਹਿਲ ਦੀ ਗੇਂਦ ‘ਤੇ ਕੀਪਰ ਧੋਨੀ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਖੇਡਣ ਆਏ ਰੋਸ ਟੇਲਰ (39) ਤੇ ਟਾਮ ਲੈਥਮ (65) ਵਿਚਾਲੇ ਕੁਝ ਸਾਂਝੇਦਾਰੀ ਬਣੀ, ਜੋ ਜ਼ਿਆਦਾ ਦੇਰ ਨਾ ਚੱਲ ਸਕੀ। ਨਿਊਜ਼ੀਲੈਂਡ ਦੀ ਪਾਰੀ ਵਿਚ ਹਰੇਕ ਖਿਡਾਰੀ ਨੇ ਆਪਣਾ ਯੋਗਦਾਨ ਪਾਇਆ, ਪਰ ਉਹ ਜਿੱਤ ਦਰਜ ਕਰਾਉਣ ਵਿਚ ਅਸਫਲ ਰਹੇ ਤੇ 7 ਵਿਕਟਾਂ ਗੁਆ ਕੇ ਸਿਰਫ 331 ਦੌੜਾਂ ਹੀ ਬਣਾ ਸਕੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਸਭ ਤੋਂ ਸਫਲ ਗੇਂਦਬਾਜ਼ ਰਹੇ, ਉਨ੍ਹਾਂ 10 ਓਵਰਾਂ ਵਿਚ 47 ਦੌੜਾਂ ਦੇ ਕੇ ਨਿਊਜ਼ੀਲੈਂਡ ਦੇ 3 ਖਿਡਾਰੀ ਆਊਟ ਕੀਤੇ। ਇਸ ਤੋਂ ਇਲਾਵਾ ਯੁਜਵੇਂਦਰ ਚਹਿਲ ਨੇ ਵੀ 10 ਓਵਰਾਂ ਵਿਚ 47 ਦੌੜਾਂ ਦੇ ਕੇ ਨਿਊਜ਼ੀਲੈਂਡ ਦੇ 2 ਮਹੱਤਵਪੂਰਨ ਬੱਲੇਬਾਜ਼ਾਂ ਕਾਲਿਨ ਮੁਨਰੋ ਤੇ ਕੇਨ ਵਿਲੀਅਮਸਨ ਦੀਆਂ ਵਿਕਟਾਂ ਹਾਸਲ ਕੀਤੀਆਂ। ਭਾਰਤ ਵੱਲੋਂ ਸਭ ਤੋਂ ਮਹਿੰਗੇ ਸਾਬਿਤ ਹੋਏ ਭੁਵਨੇਸ਼ਵਰ ਕੁਮਾਰ ਨੇ 92 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।
ਤੇਜ਼ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਕੋਹਲੀ :
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ ਵਿਚ ਤੀਸਰਾ ਇਕ ਦਿਨਾ ਮੈਚ ਖੇਡਿਆ ਗਿਆ, ਜਿਸ ਵਿਚ ਕਪਤਾਨ ਵਿਰਾਟ ਕੋਹਲੀ ਦੇ ਨਾਮ ਇਕ ਹੋਰ ਰਿਕਾਰਡ ਜੁੜ ਗਿਆ। ਵਿਰਾਟ ਕੋਹਲੀ ਨੇ ਮੈਚ ਵਿਚ ਸੈਂਕੜੇ ਵਾਲੀ ਪਾਰੀ ਖੇਡੀ ਤੇ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ। ਵਿਰਾਟ ਨੇ ਜਿਵੇਂ ਹੀ 83 ਦੌੜਾਂ ਬਣਾਈਆਂ ਉਨ੍ਹਾਂ ਇਹ ਉਪਲਬਧੀ ਹਾਸਲ ਕਰ ਲਈ। ਕਾਨਪੁਰ ਇਕ ਦਿਨਾ ਮੈਚ ਵਿਚ ਵਿਰਾਟ ਕੋਹਲੀ ਨੇ 106 ਗੇਂਦਾਂ ਵਿਚ 113 ਦੌੜਾਂ ਬਣਾਈਆਂ। ਹੁਣ ਵਿਰਾਟ ਕੋਹਲੀ ਦੀਆਂ 202 ਇਕ ਦਿਨਾ ਮੈਚਾਂ ਵਿਚ 9030 ਦੌੜਾਂ ਹੋ ਗਈਆਂ ਹਨ।