86 ਸਾਲਾ ਅੰਮ੍ਰਿਤਧਾਰੀ ਇੰਦਰ ਸਿੰਘ ਸਿੱਧੂ ਨੇ ਲਾਈ ਸੋਨ-ਤਮਗਿਆਂ ਦੀ ਝੜੀ

0
188

inder-singh-sidhu
ਸ੍ਰੀ ਮੁਕਤਸਰ ਸਾਹਿਬ/ਮਾਲਵਿੰਦਰ ਤਿਉਣਾ ਪੁਜਾਰੀਆਂ
ਕੋਈ ਸਮਾਂ ਸੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ਦੇ ਲੋਕ ਬਾਬਾ ਇੰਦਰ ਸਿੰਘ ਸਿੱਧੂ ਦੇ ਪਰਿਵਾਰ ਨੂੰ ਮਖੌਲਾਂ ਕਰਦੇ ਸਨ ਕਿ ਤੁਹਾਡੇ ਬੁੱਢੇ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ, ਜਿਹੜਾ ਸਵੇਰੇ ਸੜਕਾਂ ‘ਤੇ ਭੱਜਿਆ ਫਿਰਦਾ ਹੈ। ਅੱਜ ਉਸੇ ਬਾਬੇ ਨੂੰ ਸਾਰਾ ਪਿੰਡ ਸਤਿਕਾਰ ਨਾਲ ‘ਬਾਪੂ ਜੀ’ ਕਹਿ ਕੇ ਬੁਲਾਉਂਦਾ ਹੈ ਕਿਉਂਕਿ ਉਹੀ ਬਾਬਾ ਹੁਣ ਅੰਤਰ-ਰਾਸ਼ਟਰੀ ਮਾਸਟਰ ਅਥਲੈਟਿਕ ਵਿਚ ਸੋਨ ਤਗ਼ਮੇ ਫੁੰਡ ਰਿਹਾ ਹੈ। ਇਨ੍ਹਾਂ ਪ੍ਰਾਪਤੀਆਂ ਕਾਰਨ ਜ਼ਿਲ੍ਹੇ ਦੇ ਉੱਚ- ਅਧਿਕਾਰੀ ਉਸ ਦਾ ਲਗਾਤਾਰ ਸਨਮਾਨ ਕਰ ਰਹੇ ਹਨ।
ਬਾਬਾ ਇੰਦਰ ਸਿੰਘ ਸਿੱਧੂ ਦੱਸਦਾ ਹੈ ਕਿ ਉਸ ਦਾ ਜਨਮ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਚੂਨੀ (ਹੁਣ ਪਾਕਿਸਤਾਨ) ਅਧੀਨ ਪੈਂਦੇ ਪਿੰਡ ਬੀਰਾ ਸਿੰਘ ਵਾਲਾ ਵਿਚ ਪਹਿਲੀ ਅਪਰੈਲ, 1932 ਨੂੰ ਮਾਤਾ ਜੁਆਲ ਕੌਰ ਤੇ ਪਿਤਾ ਜੰਗਾ ਸਿੰਘ ਦੇ ਘਰ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਉਹ ਡੀਏਵੀ ਹਾਈ ਸਕੂਲ ਕੋਟ ਰਾਧਾ ਕ੍ਰਿਸ਼ਨ ਉਪਰ ਕੱਚੀ ਕੋਠੀ ਵਿਖੇ ਅੱਠਵੀਂ ਕਲਾਸ ਵਿਚ ਪੜ੍ਹਦਾ ਸੀ। ਵੰਡ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਪਿੰਡ ਚੱਕ ਪੱਖ਼ੀ ਵਿਖੇ ਆਰਜ਼ੀ ਜ਼ਮੀਨ  ਅਲਾਟ ਕੀਤੀ ਗਈ ਸੀ। ਸੰਨ 1950 ਵਿਚ ਉਨ੍ਹਾਂ ਨੂੰ ਰੱਤੇ ਖ਼ੇੜੇ ਜ਼ਮੀਨ ਦਿੱਤੀ ਗਈ। ਉਸ ਨੇ ਦਸਵੀਂ ਕਲਾਸ 1952 ਵਿਚ ਪਾਸ ਕੀਤੀ। ਉਨ੍ਹਾਂ ਸਕੂਲ ਪੱਧਰ ਤਕ ਹਾਕੀ ਵੀ ਖੇਡੀ। ਸੰਨ 2014 ਵਿਚ ਉਸ ਦੀ ਜ਼ਿੰਦਗੀ ਨੇ ਫਿਰ ਕਰਵਟ ਲਈ। ਉਸ ਨੂੰ ਮਲੋਟ ਵਸਦੇ ਮੁਖਤਿਆਰ ਸਿੰਘ ਨੇ ਪ੍ਰੇਰਿਤ ਕਰਕੇ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਹੋਣ ਵਾਲੀਆਂ ਮਾਸਟਰ ਅਥਲੈਟਿਕਸ ਖੇਡਾਂ ਵਿਚ ਭਾਗ ਲੈਣ ਲਈ ਕਿਹਾ। ਪਹਿਲੀ ਵਾਰ ਅੱਸੀ ਸਾਲਾ ਬਾਬੇ ਨੇ ਬਿਨਾਂ ਤਿਆਰੀ ਤੋਂ 100, 200 ਅਤੇ 400 ਮੀਟਰ ਦੌੜ ਵਿਚ ਸੋਨ ਤਗ਼ਮੇ ਜਿੱਤ ਲਏ। ਇਸ ਤੋਂ ਉਤਸ਼ਾਹਤ ਹੋ ਕੇ ਬਾਬਾ ਇੰਦਰ ਸਿੰਘ ਨੇ ਲਗਾਤਾਰ ਅਭਿਆਸ ਸ਼ੁਰੂ ਕੀਤਾ। ਸੰਨ 2015 ਦੌਰਾਨ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਚ 200 ਮੀਟਰ ਦੌੜ ਵਿੱਚੋਂ ਗੋਲਡ ਮੈਡਲ ਲੈ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਇਸੇ ਤਰ੍ਹਾਂ ਇਲਾਹਾਬਾਦ ਵਿਚ 24 ਮਾਰਚ 2017 ਨੂੰ ਹੋਈ 38ਵੀ ਨੈਸ਼ਨਲ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਦੀ 200 ਮੀਟਰ ਦੌੜ ਵਿਚ ਸੋਨੇ ਦਾ ਤਗ਼ਮਾ ਜਿੱਤਿਆ।
ਬੀਤੇ ਸਾਲ ਮਸਤੂਆਣਾ ਸਾਹਿਬ ਦੇ ਸਟੇਡੀਅਮ ਵਿਚ ਬਾਬਾ ਇੰਦਰ ਸਿੰਘ ਸਿੱਧੂ ਨੇ ਲੰਬੀ ਛਾਲ ਅਤੇ 200 ਮੀਟਰ ਦੌੜ ਵਿਚ ਵੀ ਗੋਲਡ ਮੈਡਲ ਹੀ ਹਾਸਲ ਕੀਤਾ। ਇਸੇ ਤਰ੍ਹਾਂ ਹੀ ਇਸ ਸਾਲ 14 ਫਰਵਰੀ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਹੋਈ ਇੰਡੋ-ਬੰਗਲਾਦੇਸ਼ ਮਾਸਟਰਜ਼ ਅਥਲੈਟਿਕ ਮੀਟ ਵਿਚ ਵੀ ਬਾਬਾ ਇੰਦਰ ਸਿੰਘ ਨੇ ਜਿੱਤ ਦੇ ਝੰਡੇ ਗੱਡੇ ਅਤੇ 100, 400 ਮੀਟਰ ਰਿਲੇਅ ਦੌੜ ਵਿਚੋਂ 85 ਸਾਲ ਦੇ ਉਮਰ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ।
ਖ਼ੁਰਾਕ ਦੇ ਮਾਮਲੇ ਸਬੰਧੀ ਉਹ ਕਹਿੰਦਾ ਹੈ ਕਿ ਉਹ ਪੰਜ ਸੱਤ ਗਿਰੀਆਂ ਬਾਦਾਮ, ਕਾਲੇ ਛੋਲੇ ਭਿਉਂਕੇ ਖ਼ਾਂਦਾ ਹੈ ਅਤੇ ਦੁੱਧ-ਦਹੀਂ-ਲੱਸੀ ਵੱਧ ਮਾਤਰਾ ਵਿਚ ਲੈਂਦਾ ਹੈ। ਸਵੇਰੇ-ਸ਼ਾਮ ਦੋ-ਦੋ ਘੰਟੇ ਕਸਰਤ ਕਰਦਾ ਹੈ। ਉਹ ਸੁਨੇਹਾ ਦਿੰਦਾ ਹੈ ਕਿ ਪੰਜਾਬ ਸਰਕਾਰ ਸਕੂਲੀ ਪੱਧਰ ‘ਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਪਾਵੇ ਅਤੇ ਉਨ੍ਹਾਂ ਲਈ ਵਧੀਆ ਖ਼ੁਰਾਕ ਦਾ ਪ੍ਰਬੰਧ ਕਰੇ। ਡੂੰਘਾ ਹਉਕਾ ਭਰ ਕੇ ਉਹ ਕਹਿੰਦਾ ਹੈ ਕਿ ਕਦੇ ਕੋਈ ਸਮਾਂ ਹੁੰਦਾ ਸੀ, ਜਦੋਂ ਪੰਜਾਬ ਦੀ ਖੇਡਾਂ ਵਿਚ ਝੰਡੀ ਹੁੰਦੀ ਸੀ, ਪਰ ਹੁਣ ਨਸ਼ਿਆਂ ਵਿਚ ਝੰਡੀ ਹੈ। ਹਰਿਆਣਾ ਭਾਵੇਂ ਪੰਜਾਬ ਨਾਲੋਂ ਕਿਤੇ ਛੋਟਾ ਹੈ, ਪਰ ਖੇਡਾਂ ਵਿਚ ਸਾਨੂੰ ਪਿੱਛੇ ਛੱਡ ਗਿਆ ਹੈ। ਬਾਬੇ ਨੂੰ ਆਪਣੇ ਪੋਤਰੇ ਧਰਮਿੰਦਰ ਸਿੰਘ ‘ਤੇ ਵੀ ਬਹੁਤ ਮਾਣ ਹੈ, ਜੋ ਖੇਡਾਂ ਵਿਚ ਭਾਗ ਵੱਧ-ਚੜ੍ਹ ਕੇ ਭਾਗ ਲੈ ਰਿਹਾ ਹੈ।