ਹਾਕੀ ਵਿਸ਼ਵ ਕੱਪ-2018 ਧੂਮ-ਧੜੱਕੇ ਨਾਲ ਸ਼ੁਰੂ

0
52

Bhubaneswar: India's Chinglensana Kangujam (in blue) in action during a match against South Africa for Men's Hockey World Cup 2018, in Bhubaneswar, Wednesday, Nov. 28, 2018. (PTI Photo/Ashok Bhaumik)  (PTI11_28_2018_000223B)

ਭੁਵਨੇਸ਼ਵਰ/ਬਿਊਰੋ ਨਿਊਜ਼ :
ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਪੁਰਸ਼ ਹਾਕੀ ਵਿਸ਼ਵ ਕੱਪ-2018 ਸ਼ੁਰੂ ਹੋ ਗਿਆ ਹੈ। ਇਸ ਮੈਗਾ ਈਵੈਂਟ ਦਾ 14ਵਾਂ ਐਡੀਸ਼ਨ ਹੈ ਜੋ ਤੀਜੀ ਵਾਰ ਭਾਰਤ ਵਿਚ ਕਰਵਾਇਆ ਜਾ ਰਿਹਾ ਹੈ। 19 ਦਿਨਾਂ ਦੇ ਇਸ ਟੂਰਨਾਮੈਂਟ ਵਿਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਖਿਤਾਬ ਲਈ 16 ਟੀਮਾਂ ਇਕ ਦੂਜੇ ਦਾ ਸਾਹਮਣਾ ਕਰਨਗੀਆਂ।
ਕਲਿੰਗਾ ਸਟੇਡੀਅਮ ਵਿਚ ਹੋਏ ਉਦਘਾਟਨੀ ਸਮਾਗਮ ਵਿਚ ਬਾਲੀਵੁੱਡ ਅਦਾਕਾਰਾ ਮਾਧੁਰੀ ਦਿਕਸ਼ਿਤ, ਅਦਾਕਾਰ ਸ਼ਾਹਰੁਖ਼ ਖ਼ਾਨ ਤੇ ਸੰਗੀਤਕਾਰ ਏਆਰ. ਰਹਿਮਾਨ ਨੇ ਆਪਣੀਆਂ ਦਮਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਸੰਗੀਤਕਾਰ ਰਹਿਮਾਨ ਨੇ ਆਪਣੇ ਸਾਥੀਆਂ ਨਾਲ ਝਿਲਮਿਲ ਲਾਈਟਾਂ ਵਿਚ ਗੀਤਾਂ ਨਾਲ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਕੀਤੀ। ਮੇਜ਼ਬਾਨ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੰਚ ਤੋਂ ਹਾਕੀ ਵਿਸ਼ਵ ਕੱਪ ਦੇ ਉਦਘਾਟਨ ਦਾ ਐਲਾਨ ਕੀਤਾ।
ਵਰਲਡ ਹਾਕੀ ਫੈਡਰੇਸ਼ਨ (ਐਫਆਈਐਚ) ਦੇ ਪ੍ਰਧਾਨ ਡਾ. ਨਰਿੰਦਰ ਬਤਰਾ ਨੇ ਇੰਨੇ ਵੱਡੇ ਪੱਧਰ ‘ਤੇ ਸਮਾਗਮ ਕਰਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਵਾਰੀ-ਵਾਰੀ ਸਟੇਜ ‘ਤੇ ਬੁਲਾਇਆ ਗਿਆ। ਇਨ੍ਹਾਂ ਸਾਰਿਆਂ ਨਾਲ ਇੱਕ-ਇੱਕ ਆਦਿਵਾਸੀ ਬੱਚਾ ਵੀ ਸੀ, ਜਿਸ ਨੇ ਹੱਥ ਵਿਚ ਹਾਕੀ ਫੜੀ ਹੋਈ ਸੀ।
ਇਸ ਤੋਂ ਬਾਅਦ ਸ਼ਾਹਰੁਖ਼ ਖ਼ਾਨ ਨੇ ਵੀ ਮੰਚ ‘ਤੇ ਹਾਜ਼ਰੀ ਲਵਾਈ।
ਅਦਾਕਾਰਾ ਮਾਧੁਰੀ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਕੀਤੀ। ਉਸ ਦੇ ਨਾਲ ਲਗਪਗ ਹਜ਼ਾਰ ਕਲਾਕਾਰਾਂ ਨੇ ‘ਧਰਤੀ ਕਾ ਗੀਤ’ ਨ੍ਰਿਤ ਨਾਟਿਕਾ ਰਾਹੀਂ ਪੇਸ਼ ਕੀਤਾ। ਇਸ ਵਿਚ ਤਕਰੀਬਨ 800 ਸਕੂਲੀ ਬੱਚੇ ਵੀ ਸ਼ਾਮਲ ਕੀਤੇ ਗਏ।
ਭਾਰਤੀ ਗੱਭਰੂਆਂ ਨੇ ਪਹਿਲੇ ਹੀ ਮੈਚ ਵਿਚ ਸ਼ਾਨਦਾਰ ਆਗ਼ਾਜ਼ ਕੀਤਾ ਹੈ। ਉੜੀਸਾ ਵਿਚ ਖੇਡੇ ਪਹਿਲੇ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ।
ਭਾਰਤ ਦੇ ਸਟ੍ਰਾਈਕਰ ਸਿਮਰਨਜੀਤ ਸਿੰਘ ਨੇ 43ਵੇਂ ਤੇ 46ਵੇਂ ਮਿੰਟ ਵਿੱਚ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਨੂੰ ਪਹਿਲੀ ਸਫ਼ਲਤਾ 10ਵੇਂ ਮਿੰਟ ਵਿੱਚ ਮਨਦੀਪ ਨੇ ਦਿਵਾਈ। ਇਸ ਤੋਂ ਦੋ ਮਿੰਟ ਬਾਅਦ ਆਕਾਸ਼ਦੀਪ ਨੇ ਦੱਖਣੀ ਅਫ਼ਰੀਕਾ ਵਿਰੁੱਧ ਗੋਲ ਜੜ ਦਿੱਤਾ।
ਅੱਧਾ ਸਮਾਂ ਹੋਣ ਤੋਂ ਬਾਅਦ ਲਲਿਤ ਨੇ 45ਵੇਂ ਮਿੰਟ ਵਿੱਚ ਇੱਕ ਹੋਰ ਗੋਲ ਦਾਗ਼ ਦਿੱਤਾ। ਮੈਚ ਖ਼ਤਮ ਹੋਣ ਤਕ ਅਫ਼ਰੀਕੀ ਖਿਡਾਰੀ ਗੋਲ ਕਰਨ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ, ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਨੌਜਵਾਨਾਂ ਨੇ ਮਹਿਮਾਨ ਟੀਮ ਦੀ ਇੱਕ ਚਾਲ ਵੀ ਸਫ਼ਲ ਨਾ ਹੋਣ ਦਿੱਤੀ। ਐਤਵਾਰ ਨੂੰ ਭਾਰਤ ਨੇ ਬੈਲਜੀਅਮ ਨਾਲ ਭਿੜਨਾ ਹੈ।