ਵਿਸ਼ਵ ਹਾਕੀ ਕੱਪ : ਮੇਜ਼ਬਾਨ ਭਾਰਤ ਦੀ ਨੀਦਰਲੈਂਡ ਹੱਥੋਂ ਹਾਰ, ਛੇਵੇਂ ਸਥਾਨ ‘ਤੇ ਹੀ ਸਬਰ ਕਰਨਾ ਪਿਆ

0
159
India's Akashdeep Singh fights for the ball with Netherland's Sander Baart (L) during the field hockey quarter-final match between India and Netherland at the 2018 Hockey World Cup in Bhubaneswar on December 13, 2018. (Photo by Dibyangshu SARKAR / AFP)
ਕੁਆਰਟਰ ਫਾਈਨਲ ਮੈਚ ਦੌਰਾਨ ਭਾਰਤ ਦਾ ਆਕਾਸ਼ਦੀਪ ਸਿੰਘ (ਸੱਜੇ) ਨੀਦਰਲੈਂਡ ਦੇ ਸੈਂਡਰ ਬਾਰਟ ਨਾਲ ਭਿੜਦਾ ਹੋਇਆ।

ਭੁਬਨੇਸ਼ਵਰ/ਬਿਊਰੋ ਨਿਊਜ਼ :
ਭਾਰਤੀ ਹਾਕੀ ਟੀਮ ਵਿਸ਼ਵ ਕੱਪ ਦੇ ਸੈਮੀ ਫਾਇਨਲ ਵਿਚ ਜਾਣ ਤੋਂ ਖੁੰਝ ਗਈ ਹੈ। ਇਸ ਤਰ੍ਹਾਂ 43 ਸਾਲਾਂ ਬਾਅਦ ਵਿਸ਼ਵ ਕੱਪ ਨੂੰ ਜਿੱਤਣ ਦੀਆਂ ਭਾਰਤੀ ਆਸਾਂ ‘ਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੀਦਰਲੈਂਡ ਨੇ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ ਪਰ ਨੀਦਰਲੈਂਡ ਦੀ ਰਣਨੀਤੀ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ। ਇਸ ਦੌਰਾਨ ਐੱਫਆਈਐੱਚ ਪਲੇਸਮੈਂਟ ਨਿਯਮਾਂ ਦੇ ਅਧੀਨ ਭਾਰਤ ਨੂੰ ਇਸ ਵਿਸ਼ਵ ਕੱਪ ਵਿੱਚ ਅੰਕਾਂ ਦੇ ਅਧਾਰ ‘ਤੇ ਛੇਵਾਂ ਸਥਾਨ ਦੇ ਦਿੱਤਾ ਗਿਆ ਹੈ। ਮੈਚ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀਆਂ ਦੀਆਂ ਅੱਖਾਂ ਨਮ ਹੋਈਆਂ ਪਰ ਕਾਰਨ ਵੱਖਰੇ ਸਨ। ਦੂਜੇ ਕੁਆਰਟਰ ਫਾਈਨਲ ਵਿਚ ਬੈਲਜੀਅਮ ਨੇ ਜਰਮਨੀ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਦਾਖਲਾ ਪਾਇਆ। 14 ਦਸੰਬਰ ਨੂੰ ਆਰਾਮ ਦਾ ਦਿਨ ਹੋਣ ਕਾਰਨ ਸੈਮੀ ਫਾਈਨਲ ਮੈਚ 15 ਦਸੰਬਰ ਨੂੰ ਖੇਡੇ ਜਾਣਗੇ।
ਇੱਥੋਂ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਦੋਵੇਂ ਕੁਆਰਟਰ ਫਾਈਨਲ ਮੈਚਾਂ ਦੀ ਰੂਪਰੇਖਾ ਇਕੋ ਜਿਹੀ ਰਹੀ। ਦੋਵੇਂ ਮੈਚਾਂ ਵਿਚ ਪਲੇਠੀ ਲੀਡ ਲੈਣ ਵਾਲੀਆਂ ਦੋਵੇਂ ਟੀਮਾਂ ਹਾਰ ਗਈਆਂ। ਭਾਰਤ-ਨੀਦਰਲੈਂਡ ਮੈਚ ਦੇ ਪਹਿਲੇ ਕੁਆਰਟਰ ਵਿਚ ਟੱਕਰ ਬਰਾਬਰ ਦੀ ਰਹੀ ਪਰ ਪਹਿਲੀ ਲੀਡ ਭਾਰਤ ਨੇ ਹਾਸਲ ਕੀਤੀ। ਇਹ ਗੋਲ 12ਵੇਂ ਮਿੰਟ ਵਿੱਚ ਹੋਇਆ ਜਦੋਂ ਪੈਨਲਟੀ ਕਾਰਨਰ ਦੌਰਾਨ ਆਕਾਸ਼ਦੀਪ ਨੇ ਰੀਬਾਊਂਡ ਰਾਹੀਂ ਬਾਲ ਗੋਲਾਂ ਵਿਚ ਧਕੇਲ ਦਿੱਤੀ। ਇਸ ਗੋਲ ਤੋਂ ਤਿੰਨ ਮਿੰਟਾਂ ਬਾਅਦ ਹੀ ਨੀਦਰਲੈਂਡ ਨੇ ਬਰਾਬਰੀ ਕਰ ਲਈ। ਭਾਰਤ ਵੱਲੋਂ ਬਣਾਏ ਦਬਾਅ ਦੇ ਉਲਟ ਨੀਦਰਲੈਂਡ ਨੇ 50ਵੇਂ ਮਿੰਟ ਵਿਚ ਇਕ ਹੋਰ ਗੋਲ ਦਾਗ ਦਿੱਤਾ। ਇਹ ਗੋਲ ਵੀਰਡਨ ਮਿੰਕ ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਮੈਚ ਦੇ ਆਖਰੀ ਮਿੰਟਾਂ ਵਿੱਚ ਭਾਰਤੀ ਟੀਮ ਵੱਲੋਂ ਕੀਤੀਆਂ ਗਈਆਂ ਬਰਾਬਰੀ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਭਾਰਤ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਨਦਰਲੈਂਡਜ਼ ਦਾ ਮੁਕਾਬਲਾ ਹੁਣ ਪਿਛਲੇ ਸਾਲ ਦੀ ਜੇਤੂ ਟੀਮ ਆਸਟਰੇਲੀਆ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿਚ ਬੈਲਜੀਅਮ ਨੇ ਜਰਮਨੀ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਦਾਖਲਾ ਪਾ ਲਿਆ।
ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਪਹਿਲੀ ਵਾਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿਚ ਪੁੱਜੀ ਹੈ। ਸੰਨ 2014 ਵਿਚ ਇਹ ਪੰਜਵੇਂ ਸਥਾਨ ‘ਤੇ ਰਹੀ ਸੀ ਜੋ ਇਸ ਟੀਮ ਦਾ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਸੀ। ਦੂਜੇ ਪਾਸੇ ਜਰਮਨੀ ਦੀ ਟੀਮ ਦਾ ਵਿਸ਼ਵ ਹਾਕੀ ਵਿੱਚ ਮਾਣਮੱਤਾ ਇਤਿਹਾਸ ਰਿਹਾ ਹੈ ਪਰ ਇਹ ਟੀਮ ਪਿਛਲੇ ਸਾਲਾਂ ਤੋਂ ਔਸਤਨ ਪ੍ਰਦਸ਼ਨ ਕਰ ਰਹੀ ਹੈ ਜਿਹੜਾ ਇਸ ਵਿਸ਼ਵ ਕੱਪ ਵਿੱਚ ਵੀ ਜਾਰੀ ਰਿਹਾ। ਸੈਮੀ ਫਾਈਨਲ ਵਿਚ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।