ਫੁੱਟਬਾਲ ਵਿਸ਼ਵ ਕੱਪ : ਫਰਾਂਸ ਨੇ 20 ਸਾਲ ਬਾਅਦ ਜਿੱਤੀ ਵੱਕਾਰੀ ਟਰਾਫ਼ੀ ਫਾਈਨਲ ਵਿਚ ਕ੍ਰੋਏਸ਼ੀਆ ਨੂੰ 4-2 ਨਾਲ ਦਿੱਤੀ ਮਾਤ

0
235

France's goalkeeper Hugo Lloris holds the trophy as he celebrates with teammates during the trophy ceremony at the end of the Russia 2018 World Cup final football match between France and Croatia at the Luzhniki Stadium in Moscow on July 15, 2018. / AFP PHOTO / Alexander NEMENOV / RESTRICTED TO EDITORIAL USE - NO MOBILE PUSH ALERTS/DOWNLOADS

 

 

 

 

ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ਵਿਚ ਫਰਾਂਸ ਦਾ ਗੋਲਕੀਪਰ ਹੁਗੋ ਲਿਲੋਰਿਸ ਵਰ੍ਹਦੇ ਮੀਂਹ ਵਿਚ ਜੇਤੂ ਟਰਾਫੀ ਲਹਿਰਾਉਂਦਾ ਹੋਇਆ।

ਮਾਸਕੋ/ਬਿਊਰੋ ਨਿਊਜ਼ :

ਅਹਿਮ ਮੌਕਿਆਂ ‘ਤੇ ਗੋਲ ਕਰਨ ਦੀ ਆਪਣੀ ਕਾਬਲੀਅਤ ਅਤੇ ਕਿਸਮਤ ਦੇ ਦਮ ‘ਤੇ ਫਰਾਂਸ ਇਥੇ 21ਵੇਂ ਫੁੱਟਬਾਲ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਜਿੱਤ ਕੇ ਵੀਹ ਸਾਲਾਂ ਮਗਰੋਂ ਮੁੜ ਚੈਂਪੀਅਨ ਬਣ ਗਿਆ। ਫਰਾਂਸ ਨੇ ਖ਼ਿਤਾਬੀ ਮੁਕਾਬਲੇ ‘ਚ ਕ੍ਰੋਏਸ਼ੀਆ ਦੀ ਟੀਮ ਨੂੰ 4-2 ਨਾਲ ਹਰਾਇਆ। ਪਹਿਲੀ ਵਾਰ ਫਾਈਨਲ ਵਿਚ ਪੁੱਜੀ ਕ੍ਰੋਏਸ਼ੀਆ ਦੀ ਟੀਮ ਨੇ ਹਾਫ਼ ਟਾਈਮ ਤੋਂ ਪਹਿਲਾਂ ਸਖ਼ਤ ਟੱਕਰ ਦਿੱਤੀ ਪਰ ਇਸ ਦੇ ਬਾਵਜੂਦ ਫਰਾਂਸ ਨੇ 2-1 ਦੀ ਲੀਡ ਬਣਾ ਲਈ। ਕ੍ਰੋਏਸ਼ੀਆ ਦੇ ਸਟਰਾਈਕਰ ਮਾਰੀਓ ਮਾਂਜ਼ੁਕਿਚ ਨੇ 18ਵੇਂ ਮਿੰਟ ‘ਚ ਆਤਮਘਾਤੀ ਗੋਲ ਕੀਤਾ। ਇਸ ਗੋਲ ਨਾਲ ਫਰਾਂਸ ਨੂੰ ਮੈਚ ਵਿਚ 1-0 ਦੀ ਲੀਡ ਮਿਲ ਗਈ ਪਰ ਕ੍ਰੋਏਸ਼ੀਆ ਦੇ ਪੇਰਿਸਿਚ ਨੇ 28ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ‘ਤੇ ਲੈ ਆਂਦਾ। ਫਰਾਂਸ ਨੂੰ ਹਾਲਾਂਕਿ ਜਲਦੀ ਹੀ ਪੈਨਲਟੀ ਮਿਲੀ, ਜਿਸ ਨੂੰ ਟੀਮ ਦੇ ਸਟਾਰ ਖਿਡਾਰੀ ਐਂਟਨੀ ਗ੍ਰੀਜ਼ਮੈਨ ਨੇ 38ਵੇਂ ਮਿੰਟ ਵਿਚ ਗੋਲ ‘ਚ ਬਦਲ ਦਿੱਤਾ। ਪੌਲ ਪੋਗਬਾ ਨੇ 59ਵੇਂ ਮਿੰਟ ਵਿਚ ਤੀਜਾ ਗੋਲ ਦਾਗਿਆ ਜਦਕਿ ਕਾਇਲਾਨ ਮਬਾਪੇ ਨੇ 65ਵੇਂ ਮਿੰਟ ਵਿਚ ਫਰਾਂਸ ਦੀ ਲੀਡ ਨੂੰ 4-1 ਕਰ ਦਿੱਤਾ। ਜਦੋਂ ਲੱਗ ਰਿਹਾ ਸੀ ਕਿ ਹੁਣ ਕ੍ਰੋਏਸ਼ੀਆ ਹੱਥੋਂ ਮੌਕਾ ਨਿਕਲ ਚੁੱਕਾ ਹੈ ਤਾਂ ਮੈਂਡਜ਼ੁਕਿਚ ਨੇ 69ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਕੁਝ ਆਸ ਜਗਾਈ। ਉਂਜ ਸਾਲ 1974 ਮਗਰੋਂ ਫੁਟਬਾਲ ਵਿਸ਼ਵ ਕੱਪ ‘ਚ ਇਹ ਪਹਿਲਾ ਮੌਕਾ ਹੈ ਜਦੋਂ ਖ਼ਿਤਾਬੀ ਮੁਕਾਬਲੇ ‘ਚ ਹਾਫ਼ ਟਾਈਮ ਤੋਂ ਪਹਿਲਾਂ ਤਿੰਨ ਗੋਲ ਹੋਏ। ਇਸ ਤੋਂ ਪਹਿਲਾਂ ਫਰਾਂਸ 1998 ਵਿਚ ਵਿਸ਼ਵ ਚੈਂਪੀਅਨ ਬਣਿਆ ਸੀ, ਉਦੋਂ ਟੀਮ ਦੀ ਕਪਤਾਨ ਦਿਦੇਅਰ ਡੀਸ਼ਾਪਸ ਹੱਥ ਸੀ, ਜੋ ਹੁਣ ਟੀਮ ਦਾ ਕੋਚ ਹੈ। ਇਸ ਤਰ੍ਹਾਂ ਡੀਸ਼ਾਪਸ ਖਿਡਾਰੀ ਤੇ ਕੋਚ ਵਜੋਂ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਵਿਅਕਤੀ ਬਣ ਗਿਆ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਤੇ ਜਰਮਨੀ ਦੇ ਫਰੈਂਕ ਬੇਕਨਬਊਰ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਸੀ।
ਉਧਰ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ਵਿਚ ਪੁੱਜਾ ਸੀ। ਟੀਮ ਨੇ ਆਪਣੇ ਵੱਲੋਂ ਹਰ ਸੰਭਵ ਯਤਨ ਕੀਤਾ ਤੇ ਆਪਣੇ ਹੁਨਰ ਤੇ ਚੰਚਲਪੁਣੇ ਨਾਲ ਦਰਸ਼ਕਾਂ ਦਾ ਦਿਲ ਵੀ ਜਿੱਤਿਆ ਪਰ ਆਖਿਰ ਨੂੰ ਜ਼ਲਾਟਕੋ ਡਾਲਿਚ ਦੀ ਟੀਮ ਨੂੰ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ। ਉਂਜ ਦੋਵੇਂ ਟੀਮਾਂ ਮੈਦਾਨ ‘ਤੇ 4-2-2-1 ਦੇ ਸਮੀਕਰਨ ਨਾਲ ਮੈਦਾਨ ‘ਚ ਨਿੱਤਰੀਆਂ ਸਨ। ਕ੍ਰੋਏਸ਼ੀਆ ਨੇ ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਕਰਨ ਵਾਲੀ ਸ਼ੁਰੂਆਤੀ ਗਿਆਰਾਂ ਖਿਡਾਰੀਆਂ ‘ਚ ਕੋਈ ਤਬਦੀਲੀ ਨਹੀਂ ਕੀਤੀ ਜਦੋਂਕਿ ਡੀਸ਼ਾਂਪਸ ਨੇ ਆਪਣੀ ਰੱਖਿਆ ਲਾਈਨ ਨੂੰ ਮਜ਼ਬੂਤ ਕਰਨ ਵੱਲ ਵਧੇਰੇ ਤਰਜੀਹ ਦਿੱਤੀ।
ਇੰਗਲੈਂਡ ਦੇ ਹੈਰੀ ਕੇਨ ਨੂੰ ਮਿਲਿਆ ‘ਗੋਲਡਨ ਬੂਟ’ ਇਨਾਮ : ਇੰਗਲੈਂਡ ਦੀ ਟੀਮ ਫੀਫਾ ਵਿਸ਼ਵ ਕੱਪ ਵਿਚ ਭਾਵੇਂ ਚੌਥੇ ਸਥਾਨ ‘ਤੇ ਰਹੀ ਪਰ ਟੀਮ ਦਾ ਕਪਤਾਨ ਹੈਰੀ ਕੇਨ ਗੋਲਡਨ ਬੂਟ ਹਾਸਲ ਕਰਨ ਵਿਚ ਸਫ਼ਲ ਰਿਹਾ। ਕੇਨ ਨੇ ਵਿਸ਼ਵ ਕੱਪ ਦੌਰਾਨ ਛੇ ਮੈਚਾਂ ਵਿਚ ਇੰਨੇ ਹੀ ਗੋਲ ਕੀਤੇ। ਕੇਨ ਫੁਟਬਾਲ ਵਿਸ਼ਵ ਕੱਪ ਵਿਚ ਗੋਲਡਨ ਬੂਟ ਜਿੱਤਣ ਵਾਲੇ ਇੰਗਲੈਂਡ ਦੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ 1986 ਵਿਚ ਮੈਕਸਿਕੋ ਵਿਚ ਹੋਏ ਵਿਸ਼ਵ ਕੱਪ ਵਿੱਚ ਗੈਰੀ ਲਿਨਾਕਰ ਨੇ ਇਹ ਮਾਣ ਹਾਸਲ ਕੀਤਾ ਸੀ। ਲਿਨਾਕਰ ਨੇ ਵੀ ਛੇ ਗੋਲ ਕੀਤੇ ਸਨ। ਪੁਰਤਗਾਲ ਦਾ ਕਪਤਾਨ ਕ੍ਰਿਸਟਿਆਨੋ ਰੋਨਾਲਡੋ, ਬੈਲਜੀਅਮ ਦਾ ਰੋਮੇਲੁ ਲੁਕਾਕੂ ਤੇ ਰੂਸ ਦਾ ਡੈਨਿਸ ਚੇਰੀਸ਼ੇਵ ਚਾਰ-ਚਾਰ ਗੋਲਾਂ ਨਾਲ ਸਾਂਝੇ ਦੂਜੇ ਸਥਾਨ ‘ਤੇ ਰਹੇ। ਫਾਈਨਲ ਵਿਚ ਗੋਲ ਕਰਨ ਵਾਲਾ ਫਰਾਂਸ ਦਾ ਨੌਜਵਾਨ ਖਿਡਾਰੀ ਕਾਇਲਾਨ ਮਬਾਪੇ ਟੂਰਨਾਮੈਂਟ ਵਿਚ ਤਿੰਨ ਗੋਲ ਹੀ ਕਰ ਸਕਿਆ। ਇਸ ਦੌਰਾਨ ਮਬਾਪੇ ਨੂੰ ਬਿਹਤਰੀਨ ਨੌਜਵਾਨ ਖਿਡਾਰੀ ਦਾ ਖਿਤਾਬ ਦਿੱਤਾ ਗਿਆ।