ਕਦੋਂ ਦੇਖਾਂਗੇ ਖੇਡਦਾ ਪੰਜਾਬ?

0
53

1jjfcyxskqc9x5cuqnfunka
ਸੁਰਿੰਦਰ ਸਿੰਘ ਤੇਜ

ਵਿਸ਼ਵ ਕੱਪ ਫੁਟਬਾਲ ਦੇ ਫਾਈਨਲਜ਼ ਦਾ ਪਹਿਲਾ ਗੇੜ ਸਮਾਪਤ ਹੋ ਚੁੱਕਾ ਹੈ। ਇਹ ਲੇਖ ਪਾਠਕਾਂ ਕੋਲ ਪੁੱਜਣ ਤਕ ਦੂਜੇ ਗੇੜ ਭਾਵ 16 ਟੀਮਾਂ ਦੇ ਨਾਕ-ਆਊਟ ਗੇੜ ਦੇ ਕੁਆਰਟਰ ਫਾਈਨਲਿਸਟਾਂ ਦਾ ਫ਼ੈਸਲਾ ਹੋਣਾ ਸ਼ੁਰੂ ਹੋ ਚੁੱਕਾ ਹੋਵੇਗਾ। ਮੁਕਾਬਲੇ ਭਾਵੇਂ ਰੂਸ ਵਿਚ ਚੱਲ ਰਹੇ ਹਨ, ਪਰ ਇਹ ਮੱਲ੍ਹਮ ਲਾਉਣ ਦਾ ਕੰਮ ਸਾਡੇ ਪੰਜਾਬ ਵਿਚ ਵੀ ਕਰ ਰਹੇ ਹਨ ਜਿੱਥੇ ਕਿਸਾਨੀ ਖ਼ੁਦਕੁਸ਼ੀਆਂ ਦੀ ਥਾਂ ਜਨਤਕ ਚਿੰਤਾ ਹੁਣ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵੱਲ ਕੇਂਦ੍ਰਿਤ ਹੈ। ਇਕ ਮਹੀਨੇ ਤੋਂ ਘੱਟ ਸਮੇਂ ਵਿਚ 27 ਮੌਤਾਂ ਨੇ ਸਿਆਸਤਦਾਨਾਂ ਨੂੰ ਛੱਡ ਕੇ ਸਮਾਜ ਦੇ ਬਾਕੀ ਸਾਰੇ ਵਰਗਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਜਿਸ ਤਰ੍ਹਾਂ ਦੇ ਹੌਲਨਾਕ ਵੀਡੀਓ ਦੇਖਣ ਨੂੰ ਮਿਲ ਰਹੇ ਹਨ, ਉਹ ਨਿਹਾਇਤ ਖ਼ੌਫ਼ਨਾਕ ਮੰਜ਼ਰ ਪੇਸ਼ ਕਰਦੇ ਹਨ। ਰੂੜੀਆਂ ‘ਤੇ ਮਰੇ ਪਏ ਨਸ਼ੇੜੀ ਪੁੱਤ ਦੀ ਮਾਂ ਦੇ ਕੀਰਨੇ, ਪੈਰ ਲੱਤਾਂ ਨਾਲੋਂ ਬਿਲਕੁਲ ਕੱਟੇ ਹੋਣ ਦੇ ਬਾਵਜੂਦ ਇਸ ਸਥਿਤੀ ਤੋਂ ਅਣਜਾਣ ਨੌਜਵਾਨ – ਅਜਿਹੇ ਦ੍ਰਿਸ਼ਾਂ ਤੋਂ ਤ੍ਰਸਤ ਤੇ ਉਦਾਸ ਹੋਏ ਮਨ ਨੂੰ ਫੁਟਬਾਲ ਮੈਚ ਕੁਝ ਸੁਕੂਨ ਅਵੱਸ਼ ਦਿੰਦੇ ਹਨ।
ਇਸ ਕਾਲਮਨਵੀਸ ਨੂੰ ਜ਼ਾਤੀ ਤੌਰ ‘ਤੇ ਵਿਸ਼ਵ ਕੱਪ ਫੁਟਬਾਲ ਨਾਲੋਂ ਯੂਰੋਪੀਅਨ ਕੱਪ (ਯੂਰੋ ਫੁਟਬਾਲ) ਜਾਂ ਕੋਪਾ ਅਮੈਰਿਕਾ (ਅਮਰੀਕਾ ਕੱਪ) ਚੈਂਪੀਅਨਸ਼ਿਪਸ ਜ਼ਿਆਦਾ ਪਸੰਦ ਹਨ। ਇਸ ਦੀ ਮੁੱਖ ਵਜ੍ਹਾ ਹੈ ਕਿ ਉਨ੍ਹਾਂ ਟੂਰਨਾਮੈਂਟਾਂ ਵਿੱਚ ਮੁਕਾਬਲੇ ਵੱਧ ਮਿਆਰੀ, ਵੱਧ ਸੰਘਰਸ਼ਪੂਰਨ, ਵੱਧ ਰੋਮਾਂਚਕ ਤੇ ਵੱਧ ਕੌਤਕੀ ਹੁੰਦੇ ਹਨ। ਵਿਸ਼ਵ ਕੱਪ ਵਿੱਚ ਕਿਉਂਕਿ ਕੌਮਾਂਤਰੀ ਫੁਟਬਾਲ ਮਹਾਂਸੰਘ (ਫੀਫਾ) ਨੇ ਸਾਡੇ ਸੰਸਾਰ ਦੇ ਸਾਰੇ ਖ਼ਿੱਤਿਆਂ ਨੂੰ ਅਨੁਪਾਤਕ ਨੁਮਾਇੰਦਗੀ ਦੇਣੀ ਹੁੰਦੀ ਹੈ, ਇਸ ਲਈ ਏਸ਼ੀਆ ਜਾਂ ਅਫਰੀਕਾ ਤੋਂ ਕੁਝ ਟੀਮਾਂ ਅਜਿਹੀਆਂ ਕੁਆਲੀਫਾਈ ਕਰ ਜਾਂਦੀਆਂ ਹਨ ਜੋ ਕਿ ਮਿਆਰੀ ਪੈਮਾਨਿਆਂ ਪੱਖੋਂ ਬਾਕੀ ਕੁਆਲੀਫਾਇਰਾਂ ਦੇ ਹਾਣ ਦੀਆਂ ਨਹੀਂ ਹੁੰਦੀਆਂ। ਲਿਹਾਜ਼ਾ, ਪਹਿਲੇ ਗੇੜ ਦੇ ਕੁਝ ਮੈਚ ਇੱਕਪਾਸੜ ਵੀ ਰਹਿੰਦੇ ਹਨ ਅਤੇ ਨੀਰਸ ਵੀ। ਮੌਜੂਦਾ ਵਿਸ਼ਵ ਕੱਪ ਦੌਰਾਨ ਮਿਸਰ ਤੇ ਸਾਊਦੀ ਅਰਬ ਵੱਲੋਂ ਜਿੰਨੇ ਵੀ ਮੈਚ ਖੇਡੇ ਗਏ, ਉਹ ਅਕਾਊ ਸਨ। ਇਸੇ ਤਰ੍ਹਾਂ ਟਿਊਨਿਸ਼ੀਆ ਬਨਾਮ ਪਨਾਮਾ ਅਤੇ ਬੈਲਜੀਅਮ ਬਨਾਮ ਇੰਗਲੈਂਡ ਮੈਚ ਵੀ ਵਿਸ਼ਵ ਕੱਪ ਵਾਲੇ ਮਿਆਰ ਦੇ ਨਹੀਂ ਸਨ। ਇੰਜ ਹੀ, ਬ੍ਰਾਜ਼ੀਲ ਤੇ ਸਰਬੀਆ ਦਾ ਮੈਚ ਵੀ ਬੇਹੱਦ ਉਬਾਊ ਸੀ।
ਆਖ਼ਰੀ 16 ਦੇ ਗੇੜ ਵਿੱਚ 10 ਟੀਮਾਂ ਸਿਰਫ਼ ਯੂਰੋਪ ਤੋਂ ਪੁੱਜਣੀਆਂ ਇਸ ਹਕੀਕਤ ਦਾ ਪ੍ਰਮਾਣ ਹੈ ਕਿ ਯੂਰੋਪ ਜਾਂ ਲਾਤੀਨੀ ਅਮਰੀਕਾ ਵਿਚ ਫੁਟਬਾਲ ਦਾ ਮਿਆਰ ਬਾਕੀ ਮਹਾਂਦੀਪਾਂ ਨਾਲੋਂ ਉੱਚਾ ਹੈ। ਲਾਤੀਨੀ ਅਮਰੀਕੀ ਮੁਲਕਾਂ ਦੇ ਬਹੁਤੇ ਨਾਮੀ ਖਿਡਾਰੀ ਯੂਰੋਪੀਅਨ ਕਲੱਬਾਂ ਦੇ ਸਿਤਾਰੇ ਹਨ। ਉਨ੍ਹਾਂ ਨੂੰ ਉੱਥੇ ਬਿਹਤਰੀਨ ਖਿਡਾਰੀਆਂ ਨਾਲ ਖੇਡਣ ਦਾ ਲਗਾਤਾਰ ਮੌਕਾ ਮਿਲਦਾ ਹੈ। ਏਸ਼ੀਆ ਜਾਂ ਅਫਰੀਕਾ ਨਾਲ ਸਬੰਧਤ ਖਿਡਾਰੀਆਂ ਦਾ ਯੂਰੋਪੀਅਨ ਕਲੱਬਾਂ ਵਿੱਚ ਦਾਖ਼ਲਾ ਓਨਾ ਆਸਾਨ ਨਹੀਂ, ਜਿੰਨਾ ਲਾਤੀਨੀ ਅਮਰੀਕੀਆਂ ਦਾ ਹੈ। ਉਸ ਦੀ ਇੱਕ ਖ਼ਾਸ ਵਜ੍ਹਾ ਹੈ। ਯੂਰੋਪੀਅਨ ਟੀਮਾਂ ਦੀ ਖੇਡ ਸ਼ੈਲੀ ਮਕੈਨਿਕੀ (ਮਸ਼ੀਨਨੁਮਾ) ਹੈ। ਉਹ ਜਿਸਮਾਨੀ ਤੌਰ ‘ਤੇ ਵੱਧ ਫਿੱਟ ਹਨ, ਪਰ ਉਨ੍ਹਾਂ ਦੀ ਸ਼ੈਲੀ ‘ਚ ਕਲਾਤਮਿਕਤਾ ਨਹੀਂ। ਲਾਤੀਨੀ ਅਮਰੀਕੀਆਂ ਦੀ ਖੇਡ ਕਲਾਤਮਿਕ ਹੈ। ਉਹ ਸਨਾਤਨੀ ਖੇਡ ਖੇਡਦੇ ਹਨ। ਛੋਟੇ ਛੋਟੇ ਸਟੀਕ ਪਾਸ, ਸੁੰਦਰ ਡਰਿਬਲਿੰਗ, ਵਿਰੋਧੀ ਖਿਡਾਰੀ ਨੂੰ ਝਕਾਨੀ ਦੇਣ ਦੀ ਹੁਨਰਮੰਦੀ। ਉਨ੍ਹਾਂ ਦੀ ਖੇਡ ਅੰਦਰਲੀ ਸੰਗੀਤਕ ਲੈਅ ਮੰਤਰਮੁਗਧ ਕਰਦੀ ਹੈ। ਇਹੀ ਕਲਾ ਉਨ੍ਹਾਂ ਦੀ ਮਾਰਕੀਟ ਕੀਮਤ ਵਧਾਉਂਦੀ ਹੈ।
ਫੁਟਬਾਲ ਨੂੰ ਸਭ ਤੋਂ ਖ਼ੂਬਸੂਰਤ ਖੇਡ ਮੰਨਣ ਵਾਲਿਆਂ ਦੀ ਦੁਨੀਆਂ ਵਿੱਚ ਗਿਣਤੀ ਬੇਸ਼ੁਮਾਰ ਹੈ। ਇਸ ਨੂੰ ਗ਼ਰੀਬ ਤੇ ਅਮੀਰ ਦਾ ਪਾੜਾ ਮੇਟਣ ਵਾਲੀ ਖੇਡ ਵੀ ਮੰਨਿਆ ਜਾਂਦਾ ਹੈ। ਸੇਨੇਗਲ, ਪਨਾਮਾ ਜਾਂ ਕੋਲੰਬੀਆ ਵਰਗੇ ਗ਼ਰੀਬ ਤੇ ਖ਼ਾਨਾਜੰਗੀ ਪੀੜਤ ਦੇਸ਼ਾਂ ਦਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਦਰਸਾਉਂਦਾ ਹੈ ਕਿ ਸਿਰਫ਼ ਦੋ ਚੀਜ਼ਾਂ (ਭਾਵ 110X75 ਮੀਟਰ ਦਾ ਮੈਦਾਨ ਅਤੇ ਇੱਕ ਬਾਲ) ਸਾਧਨ ਸੰਪੰਨਾਂ ਤੇ ਸਾਧਨ ਵਿਹੂਣਿਆਂ ਦਰਮਿਆਨ ਫ਼ਾਸਲਾ ਕਿੰਨੇ ਜਾਦੂਈ ਢੰਗ ਨਾਲ ਮੇਟ ਦਿੰਦੀਆਂ ਹਨ। ਇਸ ਖੇਡ ਵਿੱਚ ਮੁਹਾਰਤ ਹਾਸਲ ਕਰਨ ਲਈ ਫੈਂਸੀ ਗੈਜੇਟਸ ਦੀ ਲੋੜ ਨਹੀਂ; ਮਿਹਨਤ, ਲਗਨ ਤੇ ਅਭਿਆਸ ਹੀ ਕਾਮਯਾਬੀ ਦੇ ਗੁਰ ਵੀ ਹਨ ਅਤੇ ਸਭ ਤੋਂ ਕਾਰਗਰ ਹਥਿਆਰ ਵੀ। ਇਹੀ ਕਾਰਨ ਹੈ ਕਿ ਵਿਸ਼ਵ ਕੱਪ ਦੇ ਕੁਆਲੀਫਾਇਰਾਂ ਵਿੱਚ ਅਮਰੀਕਾ ਜਾਂ ਚੀਨ ਵਰਗੀਆਂ ਆਰਥਿਕ (ਤੇ ਫ਼ੌਜੀ) ਮਹਾਂਸ਼ਕਤੀਆਂ ਸ਼ੁਮਾਰ ਨਹੀਂ। ਇੱਕ ਹੋਰ ਆਰਥਿਕ ਮਹਾਂਸ਼ਕਤੀ ਜਰਮਨੀ ਨੂੰ ਪਹਿਲੇ ਗੇੜ ‘ਚੋਂ ਬਾਹਰ ਹੋਣ ਦੀ ਨਮੋਸ਼ੀ ਝੱਲਣੀ ਪਈ। ਜਿੱਥੋਂ ਤਕ (ਬਕੌਲ ਮੋਦੀ) ‘ਦੁਨੀਆਂ ਦੇ ਵਿਕਾਸ ਇੰਜਨ’ ਭਾਰਤ ਦਾ ਸਵਾਲ ਹੈ, ਇਸ ਨੂੰ ਤਾਂ 1950 ਤੋਂ ਬਾਅਦ ਕਦੇ ਫਾਈਨਲਜ਼ ਵਿੱਚ ਦਾਖ਼ਲਾ ਹੀ ਨਹੀਂ ਮਿਲਿਆ; 1950 ਵਿੱਚ ਵੀ ‘ਤਕਨੀਕੀ ਤੌਰ ‘ਤੇ ਦਾਖ਼ਲਾ’ ਇਸ ਕਰਕੇ ਮਿਲਿਆ ਸੀ ਕਿਉਂਕਿ ਕੁਆਲੀਫਾਈਂਗ ਗੇੜ ‘ਚ ਹੋਰਨਾਂ ਮੁਲਕਾਂ ਨੇ ਖੇਡਣ ਤੋਂ ਨਾਂਹ ਕਰ ਦਿੱਤੀ ਸੀ।
ਉਪਰੋਕਤ ਸਥਿਤੀ ਦੇ ਬਾਵਜੂਦ ਅਸਲੀਅਤ ਇਹ ਵੀ ਹੈ ਕਿ 1947 ਵਿੱਚ ਆਜ਼ਾਦੀ ਮਿਲਣ ਤੋਂ ਲੈ ਕੇ 1960 ਤਕ ਘੱਟੋਘੱਟ ਏਸ਼ਿਆਈ ਪੱਧਰ ‘ਤੇ ਭਾਰਤੀ ਕਾਰਗੁਜ਼ਾਰੀ ਕਾਫ਼ੀ ਜ਼ਿਕਰਯੋਗ ਸੀ। ਭਾਰਤੀ ਫੁਟਬਾਲ ਟੀਮ ਨੇ 1948 (ਲੰਡਨ) ਤੇ 1952 (ਹੇਲਸਿੰਕੀ) ਓਲੰਪਿਕਸ ‘ਚ ਭਾਗ ਲਿਆ ਸੀ ਅਤੇ 1956 ਦੇ ਮੈਲਬਰਨ ਓਲੰਪਿਕ ਵਿੱਚ ਤਾਂ ਸੈਮੀ ਫਾਈਨਲਜ਼ ਵਿੱਚ ਵੀ ਪਹੁੰਚੀ। ਇਸੇ ਤਰ੍ਹਾਂ 1951 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ, ਫੁਟਬਾਲ ਦਾ ਗੋਲਡ ਮੈਡਲਿਸਟ ਸੀ। ਭਾਰਤੀ ਨਿਘਾਰ 1960ਵਿਆਂ ਤੋਂ ਸ਼ੁਰੂ ਹੋਇਆ। ਦਰਅਸਲ, ਭਾਰਤੀ ਫੁਟਬਾਲ ਦੇ ਉਨ੍ਹਾਂ ਦਿਨਾਂ ਦੇ ਉਭਾਰ ਵਿੱਚ ਪੰਜਾਬ ਦਾ ਖ਼ਾਸ ਯੋਗਦਾਨ ਸੀ। ਜਰਨੈਲ ਸਿੰਘ, ਗੁਰਦੇਵ ਸਿੰਘ ਗਿੱਲ ਤੇ ਇੰਦਰ ਸਿੰਘ ਵਰਗੇ ਖਿਡਾਰੀ ਪੰਜਾਬ ਵਿੱਚ ਵੀ ਨਾਇਕ ਸਨ, ਬੰਗਾਲ ਵਿੱਚ ਵੀ ਅਤੇ ਕੇਰਲਾ ਵਿੱਚ ਵੀ। ਕਦੇ ਚਾਰ ਚਾਰ ਪੰਜਾਬੀ ਖਿਡਾਰੀ ਕੌਮੀ ਟੀਮ ਦਾ ਸ਼ਿੰਗਾਰ ਹੁੰਦੇ ਸਨ, ਹੁਣ ਮਿਨਰਵਾ ਪੰਜਾਬ ਦੇ ਗੁਰਪ੍ਰੀਤ ਸਿੰਘ ਸੰਧੂ ਨੂੰ ਛੱਡ ਕੇ ਹੋਰ ਕੋਈ ਅਜਿਹਾ ਪੰਜਾਬੀ ਖਿਡਾਰੀ ਨਹੀਂ ਜਿਸ ਨੂੰ ਫੁਟਬਾਲ ਦੇ ਖੇਤਰ ਵਿੱਚ ਪੰਜਾਬ ਦਾ ਮਾਣ ਮੰਨਿਆ ਜਾ ਸਕੇ।
ਫੁਟਬਾਲ ਬਾਰੇ ਡੇਢ ਦਰਜਨ ਬਿਹਤਰੀਨ ਸਾਹਿੱਤਕ ਕਿਰਤਾਂ ਰਚਣ ਵਾਲੇ ਯੁਰੂਗੁਏਅਨ ਲੇਖਕ ਐਦੂਆਰਦੋ ਗੈਲੀਏਨੋ ਦਾ ਕਥਨ ਹੈ ਕਿ ਨਸ਼ਿਆਂ ਦੀ ਭਰਮਾਰ ਵਾਲੇ ਭੂਗੋਲਿਕ ਖ਼ਿੱਤੇ (ਲਾਤੀਨੀ ਅਮਰੀਕਾ) ਵਿਚ ਸਥਿਤ ਹੋਣ ਦੇ ਬਾਵਜੂਦ ਉਸ ਦੇ ਮੁਲਕ ਦੀ ਨੌਜਵਾਨੀ ਦਾ ਜੇਕਰ ਨਸ਼ਿਆਂ ਦੇ ਸੰਤਾਪ ਤੋਂ ਬਚਾਅ ਹੋਇਆ ਹੈ ਤਾਂ ਇਹ ਫੁਟਬਾਲ ਦੀ ਬਦੌਲਤ ਹੈ; ਉਸ ਮੁਲਕ ਦੇ ਤਕਰੀਬਨ ਹਰ ਪਿੰਡ ਵਿਚ ਖੇਡ ਮੈਦਾਨ ਹੈ ਅਤੇ ਫੁਟਬਾਲ ਦੀਆਂ ਦੋ ਦੋ ਟੀਮਾਂ ਹਨ। ਕੀ ਇਹੀ ਫਾਰਮੂਲਾ ਪੰਜਾਬ ਵਿਚ ਨਹੀਂ ਅਜ਼ਮਾਇਆ ਜਾ ਸਕਦਾ? (ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)