ਕ੍ਰਿਕਟ ਬੋਰਡ ਦੇ ਸੁਚਾਰੂ ਪ੍ਰਬੰਧਾਂ ਲਈ ਵਿਨੋਦ ਰਾਏ ਦੀ ਅਗਵਾਈ ਹੇਠ ਕਮੇਟੀ ਕਾਇਮ

0
96

cricket-vinod
ਨਵੀਂ ਦਿੱਲੀ/ਬਿਊਰੋ ਨਿਊਜ਼ :
ਬੀਸੀਸੀਆਈ ਦਾ ਪ੍ਰਬੰਧ ਚਲਾਉਣ ਅਤੇ ਜਸਟਿਸ ਆਰ.ਐਮ. ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ ਨੇ ਭਾਰਤ ਦੇ ਸਾਬਕਾ ਕੰਪਟਰੋਲਰ ਤੇ ਆਡੀਟਰ ਜਨਰਲ ਵਿਨੋਦ ਰਾਏ ਦੀ ਅਗਵਾਈ ਵਿੱਚ ਚਾਰ ਮੈਂਬਰੀ ਪ੍ਰਸ਼ਾਸਕੀ ਕਮੇਟੀ ਨਿਯੁਕਤ ਕੀਤੀ ਹੈ। ਕਮੇਟੀ ਦੇ ਤਿੰਨ ਹੋਰ ਮੈਂਬਰਾਂ ਵਿੱਚ ਮਸ਼ਹੂਰ ਕ੍ਰਿਕਟ ਇਤਿਹਾਸਕਾਰ ਰਾਮਚੰਦਰ ਗੂਹਾ, ਇਨਫਰਾਸਟ੍ਰਕਚਰ ਡਿਵੈਲਪਮੈਂਟ ਫਾਇਨਾਂਸ ਕੰਪਨੀ (ਆਈਡੀਐਫਸੀ) ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਲਿਮੇ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਿਆਨਾ ਇਡੂਲਜੀ ਸ਼ਾਮਲ ਹਨ। ਡਿਆਨਾ ਕ੍ਰਿਕਟ ਬੋਰਡ ਦੀ ਕਾਰਜਪ੍ਰਣਾਲੀ ਤੇ ਨਿਗਰਾਨੀ ਲਈ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਨਾਲ ਗੱਲਬਾਤ ਕਰੇਗੀ। ਜਸਟਿਸ ਦੀਪਕ ਮਿਸਰਾ ਦੀ ਅਗਵਾਈ ਵਾਲੇ ਬੈਂਚ ਨੇ 2 ਫਰਵਰੀ ਤੋਂ ਸ਼ੁਰੂ ਹੋ ਰਹੀ ਆਈਸੀਸੀ ਦੀ ਅਹਿਮ ਮੀਟਿੰਗ ਵਿੱਚ ਭਾਰਤੀ ਬੋਰਡ ਦੀ ਨੁਮਾਇੰਦਗੀ ਦਾ ਰਾਹ ਵੀ ਪੱਧਰਾ ਕਰ ਦਿੱਤਾ। ਇਸ ਮੰਤਵ ਲਈ ਵਿਕਰਮ ਲਿਮੇ ਨਾਲ ਬੀਸੀਸੀਆਈ ਦੇ ਕ੍ਰਿਕਟ ਪ੍ਰਸ਼ਾਸਕਾਂ ਅਮਿਤਾਭ ਚੌਧਰੀ ਤੇ ਅਨਿਰੁੱਧ ਚੌਧਰੀ ਨੂੰ ਨਿਯੁਕਤ ਕੀਤਾ ਗਿਆ ਹੈ। ਜਸਟਿਸ ਏ.ਐਮ.  ਖਨਵਿਲਕਰ ਅਤੇ ਡੀ.ਵਾਈ. ਚੰਦਰਚੂੜ ਦੀ ਸ਼ਮੂਲੀਅਤ ਵਾਲੇ ਇਸ ਬੈਂਚ ਨੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਦਾ  ਕੇਂਦਰੀ ਖੇਡ ਮੰਤਰਾਲੇ ਦੇ ਸਕੱਤਰ ਨੂੰ ਵੀ ਇਕ ਪ੍ਰਸ਼ਾਸਕ ਬਣਾਉਣ ਦਾ ਸੁਝਾਅ ਰੱਦ ਕਰ ਦਿੱਤਾ। ਬੈਂਚ ਨੇ ਕਿਹਾ ਕਿ 18 ਜੁਲਾਈ 2016 ਦੇ ਹੁਕਮ ਵਿੱਚ ਖ਼ਾਸ ਤੌਰ ‘ਤੇ ਮੰਤਰੀਆਂ ਤੇ ਸਰਕਾਰੀ ਨੌਕਰਸ਼ਾਹਾਂ ਨੂੰ ਬੀਸੀਸੀਆਈ ਵਿੱਚ ਕਿਸੇ ਵੀ ਅਹੁਦੇ ਉਤੇ ਬੈਠਣ ਉਪਰ ਰੋਕ ਲਾਈ ਗਈ ਹੈ। ਬੈਂਚ ਨੇ ਇਹ ਵੀ ਸਪਸ਼ਟ ਕੀਤਾ ਕਿ ਨਵੀਂ ਕਮੇਟੀ ਚਾਰ ਹਫ਼ਤਿਆਂ ਅੰਦਰ ਕ੍ਰਿਕਟ ਬੋਰਡ ਵਿੱਚ ਸੁਧਾਰ ਸਬੰਧੀ ਸਿਫ਼ਾਰਸ਼ਾਂ ‘ਤੇ ਅਮਲ ਬਾਰੇ ਰਿਪੋਰਟ ਅਦਾਲਤ ਨੂੰ ਸੌਂਪੇਗੀ।
ਇਸ ਦੌਰਾਨ ਸਾਬਕਾ ਕੰਪਟਰੋਲਰ ਤੇ ਆਡੀਟਰ ਜਨਰਲ ਵਿਨੋਦ ਰਾਏ ਨੇ ਕਿਹਾ ਕਿ ਉਹ ਖ਼ੁਦ ਨੂੰ ‘ਨਾਈਟ ਵਾਚਮੈਨ’ ਮੰਨਦੇ ਹਨ, ਜਿਸ ਦਾ ਇਕੋ ਕੰਮ ਹੈ ਕਿ ਬੀਸੀਸੀਆਈ ਦਾ ਸਾਰਾ ਪ੍ਰਬੰਧ ਸੁਚਾਰੂ ਤਰੀਕੇ ਨਾਲ ਚੁਣੀ ਹੋਈ ਸੰਸਥਾ ਹਵਾਲੇ ਹੋ ਜਾਵੇ।