ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਦੀ ਭਾਰਤੀ ਧਰਤੀ ‘ਤੇ ਪਹਿਲੀ ਹਾਰ

0
438

Kolkata:Indian captain Virat Kohli recive trophy from Sourav Ganguly  during 3rd ODI against England at Eden Garden in Kolkata on Sunday. PTI Photo by Ashok Bhaumik(PTI1_22_2017_000211B)

ਕੋਲਕਾਤਾ/ਬਿਊਰੋ ਨਿਊਜ਼ :
ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਇੱਥੇ ਖੇਡੇ ਗਏ ਆਖ਼ਰੀ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਕੇ ਲੜੀ ਵਿੱਚ ਹੂੰਝਾ ਫੇਰ ਹਾਰ ਟਾਲ ਦਿੱਤੀ। ਭਾਰਤ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਇੰਗਲੈਂਡ ਨੇ ਨਿਰਧਾਰਤ 50 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਉਤੇ 321 ਦੌੜਾਂ ਬਣਾਈਆਂ। ਜੇਸਨ ਰੇਅ ਨੇ 56 ਗੇਂਦਾਂ ‘ਤੇ 65 ਦੌੜਾਂ ਦਾ ਯੋਗਦਾਨ ਦਿੱਤਾ। ਉਸ ਨੂੰ ਰਵਿੰਦਰ ਜਡੇਜਾ ਨੇ ਬੋਲਡ ਕੀਤਾ। ਜੌਨੀ ਬੇਅਰਸਟਾਅ ਨੇ 64 ਗੇਂਦਾਂ ਉਤੇ 56 ਦੌੜਾਂ ਬਣਾਈਆਂ। ਉਸ ਦੀ ਵਿਕਟ ਹਾਰਦਿਕ ਪਾਂਡਿਆ ਦੇ ਹਿੱਸੇ ਆਈ। ਇੰਗਲੈਂਡ ਦਾ ਬੇਨ ਸਟੋਕਸ 57 ਦੌੜਾਂ ਬਣਾ ਕੇ ਨਾਬਾਦ ਰਿਹਾ। ਕ੍ਰਿਸ ਵੋਕਸ ਨੇ 19 ਗੇਂਦਾਂ ਉਤੇ 34 ਦੌੜਾਂ ਬਣਾ ਕੇ ਅਹਿਮ ਯੋਗਦਾਨ ਦਿੱਤਾ। ਉਹ ਰਨ ਆਊਟ ਹੋਇਆ। ਭਾਰਤੀ ਗੇਂਦਬਾਜ਼ਾਂ ਵਿਚੋਂ ਸਭ ਤੋਂ ਸਫ਼ਲ ਹਾਰਦਿਕ ਪਾਂਡਿਆ ਰਿਹਾ। ਉਸ ਨੇ 10 ਓਵਰਾਂ ਵਿੱਚ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਡੇਜਾ ਨੇ 62 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾ ਨੂੰ ਇਕ ਵਿਕਟ ਮਿਲੀ।
ਇਸ ਦੇ ਜਵਾਬ ਵਿੱਚ ਭਾਰਤੀ ਟੀਮ ਨੌਂ ਵਿਕਟਾਂ ‘ਤੇ 316 ਦੌੜਾਂ ਹੀ ਬਣਾ ਸਕੀ। ਕੇਦਾਰ ਜਾਧਵ ਨੇ 75 ਗੇਂਦਾਂ ‘ਤੇ 90 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੇ ਕੰਢੇ ਉਤੇ ਪਹੁੰਚਾਇਆ ਪਰ ਆਖਰੀ ਸਮੇਂ ਉਸ ਦੀ ਵਿਕਟ ਡਿੱਗਣ ਨਾਲ ਇਹ ਮੈਚ ਇੰਗਲੈਂਡ ਦੀ ਝੋਲੀ ਪਿਆ। ਕਪਤਾਟ ਵਿਰਾਟ ਕੋਹਲੀ ਨੇ 63 ਗੇਂਦਾਂ ਉਤੇ 55 ਦੌੜਾਂ ਬਣਾਈਆਂ। ਪਿਛਲੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਬਣਾਉਣ ਵਾਲੇ ਯੁਵਰਾਜ ਸਿੰਘ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਹ 56 ਗੇਂਦਾਂ ਉਤੇ 45 ਦੌੜਾਂ ਬਣਾ ਕੇ ਪਲੰਕਟ ਦੀ ਗੇਂਦ ਉਤੇ ਕੈਚ ਆਊਟ ਹੋ ਗਿਆ। ਸਾਬਕਾ ਕਪਤਾਨ ਤੇ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੇ 36 ਗੇਂਦਾਂ ‘ਤੇ 25 ਦੌੜਾਂ ਦਾ ਯੋਗਦਾਨ ਦਿੱਤਾ। ਉਹ ਜੇ ਬਾਲ ਦੀ ਗੇਂਦ ਉਤੇ ਬਟਲਰ ਹੱਥੋਂ ਕੈਚ ਆਊਟ ਹੋਇਆ। ਹਾਰਦਿਕ ਪਾਂਡਿਆ ਨੇ 43 ਗੇਂਦਾਂ ‘ਤੇ 56 ਦੌੜਾਂ ਬਣਾਈਆਂ।
ਭਾਰਤ ਨੇ ਇਸ ਮੈਚ ਵਿੱਚ ਸਲਾਮੀ ਜੋੜੀ ਵਿੱਚ ਤਬਦੀਲੀ ਕੀਤੀ ਸੀ ਅਤੇ ਲੋਕੇਸ਼ ਰਾਹੁਲ ਤੇ ਅਜਿੰਕਿਆ ਰਹਾਣੇ ਨੇ ਸ਼ੁਰੂਆਤ ਕੀਤੀ ਪਰ ਉਹ ਚੰਗੀ ਸ਼ੁਰੂਆਤ ਨਾ ਦੇ ਸਕੇ। ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦੋਂ ਕਿ ਕ੍ਰਿਸ ਵੋਕਸ ਤੇ ਜੇ ਬਾਲ ਨੇ ਦੋ ਦੋ ਵਿਕਟਾਂ ਲਈਆਂ। ਇਹ ਪੂਰੀ ਲੜੀ ਵੱਡੇ ਸਕੋਰ ਵਾਲੀ ਰਹੀ ਅਤੇ ਤਿੰਨੇ ਮੈਚਾਂ ਦੀਆਂ ਸਾਰੀਆਂ ਪਾਰੀਆਂ ਵਿੱਚ 300 ਤੋਂ ਵੱਧ ਦੌੜਾਂ ਬਣੀਆਂ।
ਈਡਨ ਗਾਰਡਨ ਵਿੱਚ ਧੋਨੀ ਦਾ ਸਨਮਾਨ :
ਕੋਲਕਾਤਾ: ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਖੇਡ ਵਿੱਚ ਭਾਰਤੀ ਕਪਤਾਨ ਵਜੋਂ ਬੇਮਿਸਾਲ ਯੋਗਦਾਨ ਲਈ ਇੱਥੇ ਸਨਮਾਨਤ ਕੀਤਾ। ਈਡਨ ਗਾਰਡਨ ਵਿੱਚ ਤੀਜੇ ਇਕ ਰੋਜ਼ਾ ਮੈਚ ਦੌਰਾਨ ਧੋਨੀ ਨੂੰ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਸਨਮਾਨਤ ਕੀਤਾ। ਧੋਨੀ ਨੇ ਇੰਗਲੈਂਡ ਖ਼ਿਲਾਫ਼ ਲੜੀ ਸ਼ੁਰੂ ਹੋਣ ਤੋਂ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ।