ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾਇਆ

0
411

cricket-ketmithali-raj
ਕੋਲੰਬੋ/ਬਿਊਰੋ ਨਿਊਜ਼ :
ਕਪਤਾਨ ਮਿਤਾਲੀ ਰਾਜ ਅਤੇ ਮੋਨਾ ਮੇਸ਼ਰਾਮ ਦੇ ਅਰਧ ਸੈਂਕੜਿਆਂ ਅਤੇ ਸ਼ਿਖਾ ਪਾਂਡੇ ਤੇ ਏਕਤਾ ਬਿਸ਼ਟ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਮਹਿਲਾ ਟੀਮ ਨੇ ਸੁਪਰ ਸਿਕਸ ਦੇ ਆਪਣੇ ਪਹਿਲੇ ਮੈਚ ਵਿੱਚ ਇਥੇ ਦੱਖਣ ਅਫਰੀਕਾ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਆਈਸੀਸੀ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਭਾਰਤ ਨੇ ਆਪਣਾ ਵਿਜੈ ਅਭਿਆਨ ਜਾਰੀ ਰੱਖਿਆ। ਲੀਗ ਦੌਰ ਵਿੱਚ ਆਪਣੇ ਸਾਰੇ ਮੈਚ ਜਿੱਤਣ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਨਿਰਧਾਰਤ 50 ਓਵਰਾਂ ਵਿੱਚ ਅੱਠ ਵਿਕਟਾਂ ‘ਤੇ 205 ਦੌੜਾਂ ਬਣਾਈਆਂ। ਮਿਤਾਲੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ 64 ਦੌੜਾਂ ਬਣਾਈਆਂ। ਉਸ ਨੇ ਮੋਨਾ (55) ਨਾਲ ਦੂਜੀ ਵਿਕਟ ਲਈ 96 ਦੌੜਾਂ ਦੀ ਭਾਈਵਾਲੀ ਕੀਤੀ। ਦੱਖਣ ਅਫਰੀਕਾ ਵੀ ਲੀਗ ਦੌਰ ਵਿੱਚ ਆਪਣੇ ਸਾਰੇ ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ ਚਾਰ ਅੰਕਾਂ ਨਾਲ ਸੁਪਰ ਸਿਕਸ ਵਿੱਚ ਪਹੁੰਚਿਆ ਸੀ। ਉਸ ਨੂੰ ਭਾਰਤ ਦੇ ਤੇਜ਼ ਅਤੇ ਸਪਿੰਨ ਗੇਂਦਾਂ ਦੇ ਮਿਲੇ ਜੁਲੇ ਹਮਲੇ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਹੋਈ ਅਤੇ ਪੂਰੀ ਟੀਮ 46.4 ਓਵਰਾਂ ਵਿੱਚ 156 ਦੌੜਾਂ ਹੀ ਬਣਾ ਸਕੀ। ਦੱਖਣ ਅਫਰੀਕਾ ਵੱਲੋਂ ਭਾਰਤੀ ਮੂਲ ਦੀ ਵਿਕਟਕੀਪਰ ਬੱਲੇਬਾਜ਼ ਤ੍ਰਿਸ਼ ਚੇਟੀ (52) ਹੀ ਕੁਝ ਸੰਘਰਸ਼ ਕਰ ਸਕੀ। ਭਾਰਤ ਵੱਲੋਂ ਸ਼ਿਖਾ ਪਾਂਡੇ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ 34 ਦੌੜਾਂ ਦੇ ਨੁਕਸਾਨ ‘ਤੇ ਚਾਰ ਵਿਕਟਾਂ ਲਈਆਂ। ਏਕਤਾ ਬਿਸ਼ਟ ਨੇ 10 ਓਵਰਾਂ ਵਿੱਚ 22 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ। ਦੀਪਤੀ ਸ਼ਰਮਾ, ਪੂਨਮ ਯਾਦਵ ਅਤੇ ਰਾਜੇਸ਼ਵਰੀ ਨੇ ਇਕ ਇਕ ਵਿਕਟ ਲਿਆ।