ਸ਼ਿਕਾਗੋ ਕਬੱਡੀ ਕੱਪ ਪੰਜਾਬ ਸਪੋਰਟ ਕਲੱਬ ਸਿਆਟਲ ਨੇ ਜਿੱਤਿਆ

0
409

01-dsc_7645
ਲਖਬੀਰ ਢੀਂਡਸਾ ਦੀ ਵਾਲੀਵਾਲ ਟੀਮ ਰਹੀ ਜੇਤੂ
ਸ਼ਿਕਾਗੋ/ਬਿਊਰੋ ਨਿਊਜ਼ :
ਸ਼ੇਰੇ ਪੰਜਾਬ ਸਪੋਰਟ ਕਲੱਬ ਸ਼ਿਕਾਗੋ ਮਿਡਵੈਸਟ ਵਲੋਂ ਐਲਕ ਗਰੋਵ ਦੇ ਬਜ਼ੀ ਵੁੱਡਜ਼ ਫੋਰੈਸਟ ਪ੍ਰੀਜ਼ਰਵ ਵਿਖੇ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਕੈਲੀਫੋਰਨੀਆ, ਨਾਰਥ ਕੈਰੋਲੀਨਾ, ਸਿਆਟਲ ਤੇ ਸ਼ਿਕਾਗੋ ਦੀਆਂ ਟੀਮਾਂ ਨੇ ਹਿੱਸਾ ਲਿਆ। ਸਾਰੇ ਮੈਚ ਦਿਲਚਸਪ ਰਹੇ ਤੇ ਫਾਈਨਲ ਮੈਚ ਪੰਜਾਬ ਸਪੋਰਟ ਕਲੱਬ ਸਿਆਟਲ ਅਤੇ ਬਾਬਾ ਸੇਵਾ ਦਾਸ ਕਬੱਡੀ ਕਲੱਬ ਨਾਰਥ ਕੈਰੋਲੀਨਾ ਵਿਚਾਲੇ ਹੋਇਆ। ਪੰਜਬਾ ਸਪੋਰਟਸ ਕਲੱਬ ਨੂੰ ਮੋਹਨਾ ਜੋਧਾਂ ਅਤੇ ਬਰੈਡੀ ਗਿੱਲ ਨੇ ਸਪਾਂਸਰ ਕੀਤਾ ਅਤੇ ਬਾਬਾ ਸੇਵਾ ਦਾਸ ਕਬੱਡੀ ਕਲੱਬ ਨੂੰ ਸ. ਕਾਬੁਲ ਸਿੰਘ ਵਲੋਂ ਸਪਾਂਸਰ ਕੀਤਾ ਗਿਆ। ਪੰਜਾਬ ਸਪੋਰਟ ਕਲੱਬ ਸਿਆਟਲ ਨੇ ਜੇਤੂ ਕੱਪ ‘ਤੇ ਕਬਜ਼ਾ ਕੀਤਾ। ਪਹਿਲਾਂ ਇਨਾਮ ਅਮ੍ਰਿਤਪਾਲ ਸਿੰਘ ਗਿੱਲ ਤੇ ਐਮ.ਆਰ. ਦੁਬੇ ਐਡਵੋਕੇਟ (ਪਟਿਆਲਾ) ਅਤੇ ਦੂਜਾ ਇਨਾਮ ਗਿੱਲ ਬਰਦਰਜ਼- ਜਸਵਿੰਦਰ ਸਿੰਘ ਗਿੱਲ ਤੇ ਨਾਜਰ ਸਿੰਘ ਗਿੱਲ ਵਲੋਂ ਦਿੱਤਾ ਗਿਆ। ਬੈਸਟ ਸਟਾਪਰ ਪਾਪਾ ਜਲਾਲਪੁਰ ਤੇ ਬੈਸਟ ਰੇਡਰਜ਼ ਸੰਦੀਪ ਸੁਰਖਪੁਰ ਤੇ ਲਾਡੀ ਰਹੇ।
ਵਾਲੀਵਾਲ ਮੈਚਾਂ ਦੌਰਾਨ 6 ਟੀਮਾਂ ਨੇ ਹਿੱਸਾ ਲਿਆ ਤੇ ਫਾਈਨਲ ਮੈਚ ਸ਼ਿਕਾਗੋ ਤੋਂ ਪੁਰਾਣੇ ਵਿਰੋਧੀ ਟੋਨੀ ਸੰਘੇੜਾ ਦੀ ਟੀਮ ਕੇਨੋਸ਼ਾ ਤੋਂ ਲਖਬੀਰ ਢੀਂਡਸਾ ਵਿਚਾਲੇ ਹੋਇਆ, ਜਿਸ ਵਿਚ ਲਖਬੀਰ ਢੀਂਡਸਾ ਦੀ ਟੀਮ ਜੇਤੂ ਰਹੀ। ਟੋਨੀ ਸੰਘੇੜਾ ਦੀ ਟੀਮ ਇਕ ਪੁਆਇੰਟ ਗਵਾ ਕੇ ਰਨਰ ਅੱਪ ਰਹੀ। ਵਾਲੀਵਾਲ ਮੈਚ ਸ. ਅਮਰਜੀਤ ਸਿੰਘ ਢੀਂਡਸਾ ਤੇ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ ਸੀ।
ਇਸ ਸਮਾਰੋਹ ਵਿਚ ਮੇਜਰ ਗੁਰਚਰਨ ਸਿੰਘ ਝੱਜ ਮੁੱਖ ਮਹਿਮਾਨ, ਜਥੇਦਾਰ ਤਾਰਾ ਸਿੰਘ ਸਾਲਹਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਤੋਂ ਇਲਾਵਾ ਚੇਅਰਪਰਸਨ ਸ. ਦੀਦਾਰ ਸਿੰਘ ਧਨੋਆ, ਡਾ. ਮੁਖਤਿਆਰ ਸਿੰਘ ਨੰਦਰਾ, ਹਰਕਿਸ਼ਨ ਸਿੰਘ ਭੱਟੀ ਵੀ ਮੌਜੂਦ ਸਨ। ਸ. ਬਲਵਿੰਦਰ ਸਿੰਘ ਚੱਠਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਨ੍ਹਾਂ ਮੈਚਾਂ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਆਨੰਦ ਮਾਣਿਆ। ਇਨ੍ਹਾਂ ਮੈਚਾਂ ਦੀ ਐਂਟਰੀ ਤੇ ਪਾਰਕਿੰਗ ਮੁਫ਼ਤ ਰੱਖੀ ਗਈ ਸੀ। ਇਸ ਮੌਕੇ ਖਾਣੇ ਦੀਆਂ ਸਟਾਲਾਂ ਤੋਂ ਇਲਾਵਾ ਹਰ ਉਮਰ ਵਰਗ ਲਈ ਵੱਖਰੀਆਂ ਵੱਖਰੀਆਂ ਗੇਮਾਂ ਵੀ ਸਨ। ਬਰੇਕਫਾਸਟ ਪੰਜਾਬ ਸਵੀਟਸ ਦੇ ਸੋਢੀ ਤੇ ਰੋਮੀ ਵਲੋਂ ਦਿੱਤਾ ਗਿਆ। ਚਾਹ-ਪਕੌੜਿਆਂ ਤੇ ਜਲੇਬੀਆਂ ਦੀ ਸੇਵਾ ਐਸ.ਆਰ.ਐਸ. ਪੈਲਾਟਾਈਨ ਦੇ ਗਰੁੱਪ ਵਲੋਂ ਨਿਭਾਈ ਗਈ। ਟੱਚ ਆਫ਼ ਸਪਾਈਸ ਦੇ ਕੇ.ਕੇ. ਪੰਮਾ ਵਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ। ਪੰਜਾਬੀ ਗਾਇਕ ਬਲਜੀਤ ਮਾਲਵਾ ਨੇ ਲੋਕਾਂ ਦਾ ਮਨੋਰੰਜਨ ਕੀਤਾ। ਰੀ-ਮੈਕਸ ਦੇ ਜੈਸੀ ਨੇ ਵੀ ਪੇਸ਼ਕਾਰੀ ਦਿੱਤੀ। ਮੈਚ ਕਮੈਂਟੇਟਰ ਮੱਖਣ ਅਲੀ ਨੇ ਵਧੀਆ ਕੰਮ ਕੀਤਾ। ਕਬੱਡੀ ਕੋਚ ਪਰਮਜੀਤ ਸਿੰਘ ਕੰਮੀ ਦਾ ਖਿਡਾਰੀਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਸਿਖਲਾਈ ਦਿੱਤੀ ਸੀ, ਵਲੋਂ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚ ਵਿੱਕੀ ਸਮੀਪੁਰੀਆ, ਨੀਲੋਂ ਬਰਦਰਜ਼, ਰਾਜਾ ਤੱਲ੍ਹਣ, ਰਾਣਾ ਭੰਡਾਲ ਵੀ ਸ਼ਾਮਲ ਸਨ। ਮੈਚ ਰੈਫ਼ਰੀਆਂ ਰਾਜਾ ਤੱਲ੍ਹਣ, ਰਾਣਾ ਭੰਡਾਲ, ਪੰਮੀ ਕੋਚ ਦਾ ਵੀ ਸਨਮਾਨ ਕੀਤਾ ਗਿਆ। ਅੰਤ ਵਿਚ ਸ. ਬਲਵਿੰਦਰ ਸਿੰਘ ਚੱਠਾ ਨੇ ਸਾਰਿਆਂ ਦਾ ਧੰਨਵਾਦ ਕੀਤਾ।