ਭਾਰਤ ਨੇ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਲ ਕੀਤੀ

0
846
Mumbai: India's U-19 player Shubman Gill celebrating his century against England during the Youth ODI at Wankhede Stadium in Mumbai on Monday. PTI Photo by Mitesh Bhuvad(PTI2_6_2017_000168B)
ਕੈਪਸ਼ਨ-ਸੈਂਕੜਾ ਲਾਉਣ ਤੋਂ ਬਾਅਦ ਖੁਸ਼ੀ ਦੇ ਰੌਂਅ ਵਿਚ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ। 

ਮੁੰਬਈ/ਬਿਊਰੋ ਨਿਊਜ਼ :
ਜ਼ਬਰਦਸਤ ਫਾਰਮ ਵਿੱਚ ਚੱਲ ਰਹੇ ਓਪਨਰ ਸ਼ੁਭਮ ਗਿੱਲ (160 ਦੌੜਾਂ) ਅਤੇ ਨਵੇਂ ਖਿਡਾਰੀ ਪ੍ਰਿਥਵੀ ਸ਼ਾਅ (105 ਦੌੜਾਂ) ਦੇ ਬਿਹਤਰੀਨ ਸੈਂਕੜਿਆਂ ਅਤੇ ਉਨ੍ਹਾਂ ਵਿਚਕਾਰ 231 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤੀ ਅੰਡਰ-19 ਟੀਮ ਨੇ ਇੰਗਲੈਂਡ ਨੂੰ ਇੱਥੇ ਚੌਕੇ ਇਕ ਰੋਜ਼ਾ ਮੈਚ ਵਿੱਚ 230 ਦੌੜਾਂ ਦੇ ਵਿਸ਼ਾਲ ਫ਼ਰਕ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾ ਲਈ ਹੈ।
ਭਾਰਤੀ ਸੀਨੀਅਰ ਟੀਮ ਨੇ ਇੰਗਲੈਂਡ ਤੋਂ ਹਾਲ ਹੀ ਵਿੱਚ ਟੈਸਟ ਲੜੀ 4-0 ਤੋਂ, ਇਕ ਰੋਜ਼ਾ ਮੈਚਾਂ ਦੀ ਲੜੀ 2-1 ਤੋਂ ਅਤੇ ਟਵੰਟੀ-20 ਲੜੀ 2-1 ਤੋਂ ਜਿੱਤ ਲਈ ਸੀ। ਸੀਨੀਅਰ ਟੀਮ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਅੰਡਰ-19 ਟੀਮ ਨੇ ਇੰਗਲੈਂਡ ਦੀ ਅੰਡਰ-19 ਟੀਮ ਖ਼ਿਲਾਫ਼ ਇਕ ਰੋਜ਼ਾ ਮੈਚਾਂ ਦੀ ਲੜੀ ‘ਤੇ ਕਬਜ਼ਾ ਕਰ ਲਿਆ ਹੈ।
ਭਾਰਤੀ ਟੀਮ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ‘ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਸਾਰੀ ਟੀਮ ਨੂੰ 37.4 ਓਵਰਾਂ ਵਿੱਚ 152 ਦੌੜਾਂ ‘ਤੇ ਆਊਟ ਕਰ ਦਿੱਤਾ।
ਸ਼ੁਭਮ ਤੇ ਪ੍ਰਿਥਵੀ ਨੇ ਦੂਜੇ ਵਿਕਟ ਲਈ 27.1 ਓਵਰਾਂ ਵਿੱਚ 231 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਸ਼ੁਭਮ ਨੇ ਇਸ ਲੜੀ ਦਾ ਆਪਣਾ ਦੂਜਾ ਸੈਂਕੜਾ ਬਣਾਇਆ ਅਤੇ 120 ਗੇਂਦਾਂ ‘ਤੇ 160 ਦੌੜਾਂ ਵਿੱਚ 23 ਚੌਕੇ ਅਤੇ ਇਕ ਛੱਕਾ ਲਾਇਆ। ਝਾਰਖੰਡ ਦੇ ਸ਼ੁਭਮ ਨੇ ਪਿਛਲੇ ਮੈਚ ਵਿੱਚ ਹੀ ਨਾਬਾਦ 138 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਹੁਣ ਉਸ ਨੇ 160 ਦੌੜਾਂ ਬਣਾਈਆਂ। ਮੁੰਬਈ ਦੇ ਨਵੇਂ ਖਿਡਾਰੀ 17 ਸਾਲਾ ਪ੍ਰਿਥਵੀ ਨੇ ਆਪਣੇ ਕਰਿਸ਼ਮਾਈ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ 89 ਗੇਂਦਾਂ 105 ਦੌੜਾਂ ਵਿੱਚ 12 ਚੌਕੇ ਤੇ ਦੋ ਛੱਕੇ ਲਾਏ।
ਕਪਤਾਨ ਹਿਮਾਂਸ਼ੂ ਰਾਣਾ ਨੇ 33 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਪਹਿਲੇ ਵਿਕਟ ਲਈ ਸ਼ੁਭਮ ਨਾਲ 83 ਦੌੜਾਂ ਜੋੜੀਆਂ। ਅਭਿਸ਼ੇਕ ਸ਼ਰਮਾ ਨੇ 24 ਅਤੇ ਮਯੰਕ ਰਾਵਨ ਨੇ 14 ਦੌੜਾਂ ਬਣਾਈਆਂ। ਆਰਥਰ ਗਾਡਸਲ, ਡੈਲਰੇ ਰਾਲੈਂਸ ਤੇ ਹੈਨਰੀ ਬਰੁਕਸ ਨੇ ਦੋ ਦੋ ਵਿਕਟਾਂ ਲਈਆਂ।
ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਆਪਣੀਆਂ ਚਾਰ ਵਿਕਟਾਂ ਮਾਤਰ 41 ਦੌੜਾਂ ‘ਤੇ ਗੁਆਉਣ ਤੋਂ ਬਾਅਦ ਮੁਕਾਬਲੇ ਵਿੱਚ ਨਾ ਪਰਤ ਸਕੀ। ਕਮਲੇਸ਼ ਨਾਗਰਕੋਟੀ ਤੇ ਸ਼ਿਵਮ ਮਾਵੀ ਨੇ ਦੋ ਦੋ ਵਿਕਟਾਂ ਲੈ ਕੇ ਇੰਗਲੈਂਡ ਦੇ ਸਿਖ਼ਰਲੇ ਕ੍ਰਮ ਨੂੰ ਤੋੜ ਦਿੱਤਾ। ਔਲੀ ਪੌਪ ਨੇ 59 ਅਤੇ ਵਿੱਲ ਜੈਕਸ ਨੇ 44 ਦੌੜਾਂ ਬਣਾਈਆਂ ਪਰ ਮੇਹਮਾਨ ਟੀਮ 152 ਦੌੜਾਂ ‘ਤੇ ਆਊਟ ਹੋ ਗਈ। ਨਾਗਰਕੋਟੀ ਨੇ ਅੱਠ ਓਵਰਾਂ ਵਿੱਚ 31 ਦੌੜਾਂ ਦੇ ਕੇ ਚਾਰ ਵਿਕਟਾਂ, ਸ਼ਿਵਮ ਨੇ ਪੰਜ ਓਵਰਾਂ ਵਿੱਚ 18 ਦੌੜਾਂ ਦੇ ਕੇ ਦੋ ਵਿਕਟਾਂ, ਵਿਵੇਕਾਨੰਦ ਤਿਵਾਰੀ ਨੇ 5.4 ਓਵਰਾਂ ਵਿੱਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਰਾਹੁਲ ਚਾਹਰ ਨੇ 27 ਦੌੜਾਂ ਦੇ ਕੇ ਇਕ ਵਿਕਟ ਲਈ।