ਖੇਡ ਮੰਤਰੀ ਮੇਰੇ ਗੁਵਾਚੇ ਤਗਮੇ ਹਾਸਲ ਕਰਨ ਦੀ ਤਾਂਘ ਸਮਝਣਗੇ : ਬਲਬੀਰ ਸਿੰਘ ਸੀਨੀਅਰ

0
266

balbir-singh-senior
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਪਣੇ ਗੁਆਚੇ ਤਗ਼ਮਿਆਂ ਲਈ ਪਿਛਲੇ 5 ਸਾਲਾਂ ਤੋਂ ਦਿੱਲੀ ਦੇ ਚੱਕਰ ਲਾ ਰਹੇ ਤੀਹਰੇ ਓਲੰਪਿਕ ਤਗ਼ਮਾ ਜੇਤੂ ਬਲਬੀਰ ਸਿੰਘ ਸੀਨੀਅਰ ਨੂੰ ਆਸ ਜਾਗੀ ਹੈ ਕਿ ਨਵੇਂ ਖੇਡ ਮੰਤਰੀ ਰਾਜਵਰਧਨ ਰਾਠੌੜ ਖ਼ੁਦ ਓਲੰਪਿਕ ਤਗ਼ਮਾ ਜੇਤੂ ਹੋਣ ਕਰ ਕੇ ਉਨ੍ਹਾਂ ਦੀ ਤਕਲੀਫ ਸਮਝਣਗੇ।
3 ਵਾਰ ਓਲੰਪਿਕ ਤਗ਼ਮਾ ਜਿੱਤ ਚੁੱਕੇ ਹਾਕੀ ਦੇ ਸਾਬਕਾ ਧੁਰੰਦਰ ਬਲਬੀਰ ਸੀਨੀਅਰ 94 ਸਾਲਾਂ ਦੇ ਹੋਣ ਵਾਲੇ ਹਨ ਅਤੇ ਪਿਛਲੇ 5 ਸਾਲਾਂ ਤੋਂ ਖੇਡ ਮੰਤਰਾਲੇ ਤੋਂ ਲੈ ਕੇ ਭਾਰਤੀ ਖੇਡ ਅਥਾਰਟੀ ਦੇ ਚੱਕਰ ਲਾ ਰਹੇ ਹਨ। ਉਨ੍ਹਾਂ ਦਾ ਸੁਪਨਾ ਹੈ ਕਿ ਉਨ੍ਹਾਂ ਦੀਆਂ ਲਾਪਤਾ ਧਰੋਹਰਾਂ ਮਤਲਬ 36 ਤਗ਼ਮੇ, 120 ਇਤਿਹਾਸਕ ਤਸਵੀਰਾਂ ਅਤੇ 1956 ਮੈਲਬਰਨ ਓਲੰਪਿਕ ਦਾ ਉਨ੍ਹਾਂ ਦਾ ਕਪਤਾਨ ਵਾਲਾ ਬਲੇਜ਼ਰ ਉਹ ਦੁਬਾਰਾ ਦੇਖ ਸਕਣ। ਉਨ੍ਹਾਂ ਮੈਲਬਰਨ ਵਿੱਚ ਲਗਾਤਾਰ ਦੂਜੀ ਵਾਰ ਭਾਰਤੀ ਦਲ ਦੀ ਅਗਵਾਈ ਕੀਤੀ ਸੀ ਅਤੇ ਇਸ ਨਾਲ ਉਨ੍ਹਾਂ ਦੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੀ ਧੀ ਸੁਸ਼ਬੀਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਹੁਤ ਘੱਟ ਲੋਕ ਦੇਸ਼ ਵਾਸਤੇ ਤਗ਼ਮੇ ਜਿੱਤਣ ਵਿੱਚ ਲੱਗਣ ਵਾਲੀ ਮਿਹਨਤ ਤੇ ਮਹਿਸੂਸ ਹੋਣ ਵਾਲੇ ਮਾਣ ਨੂੰ ਸਮਝ ਸਕਦੇ ਹਨ ਅਤੇ ਕਰਨਲ ਰਾਠੌੜ ਉਨ੍ਹਾਂ ਵਿੱਚੋਂ ਇਕ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਓਲੰਪਿਕ ਜੇਤੂ ਦੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਣਗੇ। ਉਨ੍ਹਾਂ ਕਿਹਾ ਕਿ ਸਾਬਕਾ ਖੇਡ ਮੰਤਰੀ ਸਰਵਾਨੰਦ ਸੋਨੋਵਾਲ ਤੇ ਸਾਈ ਅਧਿਕਾਰੀਆਂ ਨੇ ਸਾਲ 2014 ਵਿੱਚ ਮਾਮਲੇ ਦੀ ਜਾਂਚ ਦਾ ਵਾਅਦਾ ਕੀਤਾ ਸੀ ਜੋ ਤਿੰਨ ਸਾਲ ਬਾਅਦ ਵੀ ਪੂਰਾ ਨਹੀਂ ਹੋਇਆ।