ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਟੂਰਨਾਮੈਂਟ 29 ਤੇ 30 ਅਕਤੂਬਰ ਨੂੰ

0
581

guru-nanak-sports-club
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਫਰਿਜ਼ਨੋ ਨੇੜਲੇ ਸ਼ਹਿਰ ਸਨਵਾਕੀਨ ਅਤੇ ਕਰਮਨ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਕਰਮਨ ਵਿਖੇ ਹੋਈ ਜਿਸ ਦੌਰਾਨ ਸਾਲਾਨਾ ਟੂਰਨਾਮੈਂਟ ਦੀ ਮਿਤੀ 29 ਅਤੇ 30 ਅਕਤੂਬਰ ਮਿੱਥੀ ਗਈ। ਇਹ ਟੂਰਨਾਮੈਂਟ ਸਨਵਾਕੀਨ ਸ਼ਹਿਰ ਦੇ ਸਕੂਲ ਦੇ ਮੈਦਾਨਾਂ ਵਿੱਚ ਹੋਵੇਗਾ ਜੋ ਕਿ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਬਿਲਕੁਲ ਨਜ਼ਦੀਕ ਹੈ।  ਇਸ ਅਨੁਸਾਰ 29 ਅਕਤੂਬਰ ਸ਼ਨੀਵਾਰ ਨੂੰ ਬੱਚਿਆਂ ਦੀ ਬਾਸਕਟ ਬਾਲ, ਵਾਲੀਬਾਲ, ਸ਼ਾਕਰ, ਕੁਸ਼ਤੀਆਂ, ਭਾਰ ਚੁੱਕਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰਵਾਇਤੀ ਖੇਡਾਂ ਹੋਣਗੀਆਂ। ਇਸੇ ਦਿਨ ਪੰਜਾਬੀ ਪਰਿਵਾਰਕ ਪਿਕਨਿਕ ਵੀ ਹੋਵੇਗੀ। ਇਸ ਦੌਰਾਨ ਬੱਚਿਆਂ ਅਤੇ ਔਰਤਾਂ ਲਈ ਬਹੁਤ ਸਾਰੀਆਂ ਖੇਡਾਂ, ਲੋਕ ਬੋਲੀਆਂ-ਗੀਤ ਮੁਕਾਬਲਾ ਅਤੇ ਗਿੱਧਾ-ਭੰਗੜਾ ਵੀ ਦੇਖਣ ਯੋਗ ਹੋਵੇਗਾ। ਇਸ ਦੇ ਦੂਸਰੇ ਦਿਨ 30 ਅਕਤੂਬਰ ਦਿਨ ਐਤਵਾਰ ਨੂੰ ਪ੍ਰਮੁੱਖ ਤੌਰ ‘ਤੇ ਬਾਕੀ ਖੇਡਾਂ ਤੋਂ ਇਲਾਵਾ ਉਪਨ ਕਬੱਡੀ ਅਤੇ ਅੰਡਰ 21 ਸਾਲ ਦੀ ਉਮਰ ਦੇ ਖਿਡਾਰੀਆਂ ਦੀ ਕਬੱਡੀ ਹੋਵੇਗੀ।  ਇਨ੍ਹਾਂ ਮੈਚਾਂ ਵਿੱਚ ਕੋਈ ਵੀ ਟੀਮ ਹਿੱਸਾ ਲੈ ਸਕਦੀ ਹੈ। ਪਰ ਪ੍ਰਬੰਧਕਾਂ ਦੇ ਬਣਾਏ ਨਿਯਮਾਂ ਮੁਤਾਬਕ ਖਿਡਾਰੀ ਕਾਨੂੰਨੀ ਤੌਰ ‘ਤੇ ਅਮਰੀਕਾ ਦੇ ਵਸਨੀਕ ਹੋਣੇ ਚਾਹੀਦੇ ਹਨ। ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਟੀਮਾਂ ਦੀ ਐਂਟਰੀ ਦੋ ਹਫਤੇ ਪਹਿਲਾਂ ਹੋਣੀ ਜ਼ਰੂਰੀ ਹੈ। ਇਨ੍ਹਾਂ ਖੇਡਾਂ ਵਿੱਚ ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਦਿੱਤੇ ਜਾਣਗੇ। ਗੱਡੀਆਂ ਲਈ ਮੁਫ਼ਤ ਪਾਰਕਿੰਗ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਹੋਣਗੇ। ਔਰਤਾਂ ਅਤੇ ਬੱਚਿਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਹੋਣਗੇ। ਗੁਰੂ ਦਾ ਲੰਗਰ ਦੋਵੇਂ ਦਿਨ ਅਤੁੱਟ ਵਰਤੇਗਾ। ਪ੍ਰਬੰਧਕਾ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਦੋਵੇਂ ਦਿਨ ਹਾਜ਼ਰੀਆਂ ਭਰਨ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।