ਚੀਨ ਦੇ ਰਾਸ਼ਟਰਪਤੀ ਜਿਨਪਿੰਗ ਖ਼ਾਤਰ ਬਦਲਿਆ ਜਾਵੇਗਾ ਕਮਿਊਨਿਸਟ ਪਾਰਟੀ ਦਾ ਸੰਵਿਧਾਨ

0
305

xi-jinping
ਪੇਈਚਿੰਗ/ਬਿਊਰੋ ਨਿਊਜ਼:
ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਮਿਆਦ ਸਬੰਧੀ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਾਲ ਰਾਸ਼ਟਰਪਤੀ ਸ਼ੀ ਜਿਨਪਿੰਗ (64 ਸਾਲ) ਨੂੰ ਆਪਣੀ ਦੂਜੀ ਮਿਆਦ ਖ਼ਤਮ ਹੋਣ ‘ਤੇ ਵੀ ਅਹੁਦੇ ‘ਤੇ ਬਣੇ ਰਹਿਣ ਦਾ ਅਧਿਕਾਰ ਮਿਲ ਜਾਵੇਗਾ ਜੋ ਸੰਨ 2023 ‘ਚ ਖ਼ਤਮ ਹੋਵੇਗਾ। ਸਰਕਾਰੀ ਸਿਨਹੂਆ ਖ਼ਬਰ ਏਜੰਸੀ ਨੇ ਅੱਜ ਕਿਹਾ ਕਿ ਸੀਪੀਸੀ ਸੈਂਟਰ ਕਮੇਟੀ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਲਗਾਤਾਰ ਦੋ ਵਾਰ ਅਹੁਦੇ ‘ਤੇ ਬਰਕਰਾਰ ਰੱਖਣ ਦੀ ਮੱਦ ਨੂੰ ਹਟਾਉਣ ਸਬੰਧੀ ਤਜਵੀਜ਼ ਪੇਸ਼ ਕੀਤੀ ਹੈ। ਇਸ ਮੱਦ ਕਾਰਨ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਦੋ ਵਾਰ ਲਗਾਤਾਰ ਅਹੁਦੇ ‘ਤੇ ਬਣੇ ਰਹਿਣ ਮਗਰੋਂ ਉਨ੍ਹਾਂ ਦੀ ਮਿਆਦ ਅੱਗੇ ਨਹੀਂ ਵਧਾਈ ਜਾ ਸਕਦੀ।
ਆਧੁਨਿਕ ਚੀਨ ‘ਚ ਸਭ ਤੋਂ ਤਾਕਤਵਰ ਮੰਨੇ ਜਾਂਦੇ ਆਗੂ ਸ਼ੀ ਨੂੰ ਇਸ ਕਵਾਇਦ ਨਾਲ ਅਣਮਿੱਥੇ ਸਮੇਂ ਲਈ ਰਾਸ਼ਟਰਪਤੀ ਅਹੁਦੇ ‘ਤੇ ਕਾਇਮ ਰੱਖਿਆ ਜਾ ਸਕੇਗਾ। ਰਾਸ਼ਟਰਪਤੀ ਸ਼ੀ, ਜੋ ਸੀਪੀਸੀ ਅਤੇ ਫ਼ੌਜ ਦੇ ਮੁਖੀ ਵੀ ਹਨ, ਨੇ ਆਪਣੇ ਪੰਜ ਸਾਲ ਦੀ ਦੂਜੀ ਮਿਆਦ ਪਿਛਲੇ ਸਾਲ ਸ਼ੁਰੂ ਕੀਤੀ ਹੈ। ਪਿਛਲੇ ਸਾਲ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ‘ਚ ਕੋਈ ਵੀ ਉੱਤਰਾਧਿਕਾਰੀ ਵਜੋਂ ਆਗੂ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੋਂ ਸੰਭਾਵਨਾ ਬਣ ਗਈ ਸੀ ਕਿ ਸ਼ੀ ਦੂਜੀ ਮਿਆਦ ਮਗਰੋਂ ਵੀ ਚੀਨ ਦੇ ਮੁਖੀ ਵਜੋਂ ਕੰਮਕਾਜ ਸੰਭਾਲੀ ਰੱਖਣਾ ਚਾਹੁੰਦੇ ਹਨ।