ਵਿਸ਼ਵ ਸਿੱਖ ਪਾਰਲੀਮੈਂਟ ਦੇ ਵਫਦ ਵੱਲੋਂ ਲਹਿੰਦੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ

0
46

world-sikh-parliament
ਲਾਹੌਰ/ਬਿਊਰੋ ਨਿਊਜ਼ :
ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਨੇ ਭਾਈ ਜੋਗਾ ਸਿੰਘ ਯੂਕੇ ਅਤੇ ਭਾਈ ਅਵਤਾਰ ਸਿੰਘ ਸੰਘੇੜਾ ਦੀ ਅਗਵਾਈ ਵਿਚ ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਨਾਲ ਮੁਲਾਕਾਤ ਕੀਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਕ ਚਿੱਠੀ ਉਹਨਾਂ ਨੂੰ ਸੌਂਪੀ ਗਈ।
ਮੁਲਾਕਾਤ ਦੌਰਾਨ ਭਾਈ ਜੋਗਾ ਸਿੰਘ ਨੇ ਸਿੱਖ ਸੰਗਤਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਮੰਗ ਨੂੰ ਪਾਕਿਸਤਾਨੀ ਸਰਕਾਰ ਵਲੋਂ ਪ੍ਰਵਾਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਪਾਕਿਸਤਾਨੀ ਆਗੂਆਂ ਵਲੋਂ ਭਾਰਤ ਸਰਕਾਰ ਵਲੋਂ ਪਾਏ ਜਾ ਰਹੇ ਅੜਿੱਕਿਆਂ ਦੇ ਬਾਵਜੂਦ ਲਏ ਗਏ ਇਸ ਫੈਸਲੇ ਨੂੰ ਦਲੇਰਾਨਾ ਅਤੇ ਸਿਧਾਂਤਕ ਕਰਾਰ ਦਿੱਤਾ ਹੈ। ਵਫਦ ਵਿਚ ਭਾਈ ਹਰਵਿੰਦਰ ਸਿੰਘ, ਭਾਈ ਰਣਜੀਤ ਸਿੰਘ ਵੀ ਸ਼ਾਮਲ ਸਨ ।
ਵਰਲਡ ਸਿੱਖ ਪਾਰਲੀਮੈਂਟ ਵਲੋਂ ਦਿੱਤੀ ਗਈ ਇਸ ਚਿੱਠੀ ਵਿਚ ਅਗਲੇ ਸਾਲ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਪਾਕਿਸਤਾਨ ਵਿਚ ਵੱਡੇ ਪੱਧਰ ਉਤੇ ਮਨਾਉਣ ਦਾ ਸੁਝਾਅ ਦਿੱਤਾ।
ਪਾਕਿਸਤਾਨ ਸਰਕਾਰ ਦੇ ਉਹਨਾਂ ਅਦਾਰਿਆਂ, ਜਿਹਨਾਂ ਨੇ ਗੁਰਪੁਰਬ ਮਨਾਉਣ ਲਈ ਪ੍ਰਬੰਧ ਕਰਨੇ ਹਨ, ਵਰਲਡ ਸਿੱਖ ਪਾਰਲੀਮੈਂਟ ਨੇ ਉਨ੍ਹਾਂ ਨਾਲ ਵਰਕਿੰਗ ਕਮੇਟੀਆਂ ਬਣਾ ਕੇ ਇਹਨਾਂ ਸਮਾਗਮਾਂ ਨੂੰ ਵੱਡੇ ਪੱਧਰ ‘ਤੇ ਮਿਲਾਉਣ ਲਈ ਸਾਂਝੇ ਉਪਰਾਲੇ ਕੀਤੇ ਜਾਣ ਬਾਰੇ ਵੀ ਚਰਚਾ ਕੀਤੀ ਗਈ।
ਉਹਨਾਂ ਗਵਰਨਰ ਮੁਹੰਮਦ ਸਰਵਰ ਰਾਹੀਂ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਜਲਦ ਹੀ ਦੁਨੀਆ ਭਰ ਤੋਂ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ ਬੁਲਾਉਣ ਤਾਂ ਕਿ ਅਗਲੇ ਸਾਲ ਦੇ ਪ੍ਰੋਗਰਾਮਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਸਮੂਹ ਸਿੱਖਾਂ ਦੀ ਸਲਾਹ ਅਤੇ ਸਹਿਯੋਗ ਲਿਆ ਜਾ ਸਕੇ ।
ਭਾਈ ਜੋਗਾ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਬਾਰੇ ਵੀ ਉਹਨਾਂ ਨੂੰ ਆਗਾਹ ਕਰਵਾਇਆ ਅਤੇ ਦੱਸਿਆ ਕਿ ਵਰਲਡ ਸਿੱਖ ਪਾਰਲੀਮੈਂਟ ਕੌਮਾਂਤਰੀ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਤੇ ਸਿੱਖਾਂ ਦੇ ਹੱਕਾਂ ਲਈ ਕੰਮ ਕਰਨ ਲਈ ਬਣਾਈ ਗਈ ਹੈ ।
ਗਵਰਨਰ ਮੁਹੰਮਦ ਸਰਵਰ ਨੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦਿੱਤੇ ਸੁਝਾਵਾਂ ਉੱਤੇ ਅਤੇ ਕੀਤੀਆਂ ਬੇਨਤੀਆਂ ਉਤੇ ਜਲਦ ਹੀ ਕੰਮ ਕਰਨ ਦਾ ਭਰੋਸਾ ਦਿਵਾਇਆ ।