ਵੋਟਾਂ ਦੀ ਲੀਡ : ਅਮਰਿੰਦਰ ਮੋਹਰੀ, ਸਿੱਧੂ ਦੂਜੇ ਤੇ ਜਲਾਲਪੁਰ ਤੀਜੇ ਨੰਬਰ ‘ਤੇ

0
395

votan-di-lead
ਪਟਿਆਲਾ/ਬਿਊਰੋ ਨਿਊਜ਼ :
ਚੋਣ ਨਤੀਜਿਆਂ ਦੌਰਾਨ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ 52407 ਵੋਟਾਂ ਦੀ ਲੀਡ  ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਹੈ। ਇਸ ਪੱਖੋਂ ਪਹਿਲੀਆਂ ਸੱਤ ਪੁਜ਼ੀਸ਼ਨਾਂ ਕਾਂਗਰਸ ਨੂੰ ਹੀ ਮਿਲੀਆਂ ਅਤੇ ਪਹਿਲੀਆਂ ਪੰਜ ਵਿੱਚੋਂ ਤਿੰਨ ਪਟਿਆਲਾ ਜ਼ਿਲ੍ਹੇ ਵਿੱਚ ਰਹੀਆਂ। ਚੋਣਾਂ ਵਿੱਚ 42809 ਵੋਟਾਂ ਦੀ ਲੀਡ ਨਾਲ ਨਵਜੋਤ ਸਿੰਘ ਸਿੱੱਧੂ ਦੂਜੇ ਨੰਬਰ ‘ਤੇ ਰਹੇ ਅਤੇ ਘਨੌਰ ਤੋਂ 36557 ਵੋਟਾਂ ਦੀ ਲੀਡ ਤਹਿਤ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਤੀਜਾ ਨੰਬਰ ਹਾਸਲ ਕੀਤਾ। ਲੁਧਿਆਣਾ ਦੱਖਣੀ ਤੋਂ ਭਾਰਤ ਭੂਸ਼ਣ 36521 ਵੋਟਾਂ ਦੀ ਲੀਡ ਨਾਲ ਚੌਥੇ  ਨੰਬਰ ਰਹੇ ਤੇ ਪੰਜਵਾਂ ਨੰਬਰ ਰਾਜਪੁਰਾ ਤੋਂ 32565 ਵੋਟਾਂ ਦੀ ਲੀਡ ਲੈ ਕੇ ਹਰਦਿਆਲ ਕੰਬੋਜ ਨੇ ਹਾਸਲ ਕੀਤਾ। ਜਲਾਲਪੁਰ ਤੇ ਕੰਬੋਜ ਕੁੜਮ ਹਨ ਤੇ ਦੂਜੀ ਵਾਰ ਜਿੱਤੇ ਹਨ।
ਜਲੰਧਰ ਉੱਤਰੀ ਤੋਂ ਅਵਤਾਰ ਸਿੰਘ (32291) ਛੇਵੇਂ ਅਤੇ ਦੀਨਾਨਗਰ ਤੋਂ ਅਰੁਣਾ ਚੌਧਰੀ (31917) ਸੱਤਵੇਂ ਨੰਬਰ ‘ਤੇ ਰਹੇ।  ਲੋਕ ਇਨਸਾਫ ਪਾਰਟੀ ਦੇ ਬਲਵਿੰਦਰ  ਸਿੰਘ ਬੈਂਸ (ਲੀਡ 30917) ਦਾ ਅੱਠਵਾਂ ਅਤੇ  ਸੰਗਰੂਰ ਤੋਂ ਕਾਂਗਰਸ ਦੇ  ਵਿਜੈਇੰਦਰ  ਸਿੰਗਲਾ (ਲੀਡ 30812) ਦਾ ਨੌਵਾਂ ਨੰਬਰ ਰਿਹਾ। ਸੁਨਾਮ  ਤੋਂ ‘ਆਪ’ ਦੇ ਅਮਨ ਅਰੋੜਾ (ਲੀਡ 30307) ਦਾ ਦਸਵਾਂ ਨੰਬਰ ਰਿਹਾ ਹੈ ਪਰ ਉਹ ‘ਆਪ’ ਵਿੱਚ ਪਹਿਲੇ ਨੰਬਰ ‘ਤੇ ਹਨ।
ਅਕਾਲੀ ਦਲ ਵਿੱਚੋਂ ਸਭ ਤੋਂ ਵੱਧ (26815) ਲੀਡ ਪਰਮਿੰਦਰ ਸਿੰਘ ਢੀਂਡਸਾ ਦੀ ਰਹੀ। ਦੂਜੇ ਨੰਬਰ ‘ਤੇ ਬਿਕਰਮ ਸਿੰਘ ਮਜੀਠਾ (22884), ਤੀਜੇ ਨੰਬਰ ‘ਤੇ ਪ੍ਰਕਾਸ਼ ਸਿੰਘ ਬਾਦਲ (22770) ਰਹੇ। ਸੁਖਬੀਰ ਸਿੰਘ ਬਾਦਲ (18500) ਦਾ ਚੌਥਾ ਨੰਬਰ ਰਿਹਾ।