ਹਿੰਦੂ ਸੰਘਰਸ਼ ਸੈਨਾ ਆਗੂ ਦੀ ਹਤਿਆ ਨਿੱਜੀ ਰੰਜਿਸ਼ ਤਹਿਤ ਹੋਈ

0
309

hindu-agu-da-katal
ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਨੇ ਕੀਤਾ ਅਹਿਮ ਖੁਲਾਸਾ
ਅੰਮ੍ਰਿਤਸਰ/ਬਿਊਰੋ ਨਿਊਜ਼:
ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੀ ਦਿਨ-ਦਿਹਾੜੇ ਹੋਈ ਹੱਤਿਆ ਦੇ ਮਾਮਲੇ ਨੂੰ ਅਤਿਵਾਦੀ ਕਾਰਵਾਈ ਕਰਾਰ ਦੇਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਪਿੱਛੇ ਕਿਸੇ ਸਿੱਖ ਅਤਿਵਾਦੀ ਜਥੇਬੰਦੀ ਜਾਂ ਗਰਮਖਿਆਲੀ ਜਥੇਬੰਦੀ ਦਾ ਹੱਥ ਨਹੀਂ ਹੈ।
ਹੁਣ ਤੱਕ ਹਿੰਦੂ ਸੰਘਰਸ਼ ਸੈਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਦੀ ਹੱਤਿਆ ਲਈ ਪੁਲਿਸ ਸਿੱਖ ਖਾੜਕੂਆਂ ਨੂੰ ਜ਼ਿੰਮੇਵਾਰ ਦੱਸ ਰਹੀ ਸੀ, ਇਸ ਮਾਮਲੇ ‘ਚ ਵੀਰਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕਿ ਪੁਲਿਸ ਦੇ ਵਿਸ਼ੇਸ਼ ਸੈੱਲ (ਐਂਟੀ ਟੈਰੇਰਿਸਟ ਫੋਰਸ) ਦੇ ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਇਹ ਖ਼ੁਲਾਸਾ ਕੀਤਾ ਕਿ ਇਹ ਕਤਲ ਕਿਸੇ ਖਾੜਕੂ ਜਥੇਬੰਦੀ ਵਲੋਂ ਨਹੀਂ ਬਲਕਿ ਨਿੱਜੀ ਰੰਜਿਸ਼ ਅਧੀਨ ਹੋਇਆ ਹੈ। ਹੁਣ ਤੱਕ ਦੀ ਕੀਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਿਪਨ ਸ਼ਰਮਾ ਦਾ ਕਤਲ ਕਿਸੇ ਖਾੜਕੂ ਨੇ ਨਹੀਂ ਕੀਤਾ ਤੇ ਨਾ ਹੀ ਕਿਸੇ ਗੈਂਗਸਟਰ ਦਾ ਇਸ ‘ਚ ਹੱਥ ਹੈ ਸਗੋਂ ਇਹ ਕਤਲ ਆਪਸੀ ਰੰਜਿਸ਼ ਦਾ ਸਿੱਟਾ ਹੈ, ਜਿਸ ਦੇ ਕਾਤਲਾਂ ਬਾਰੇ ਪਤਾ ਲਗਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਦੇਵੇਗੀ, ਉਨ੍ਹਾਂ ਦੋਹਾਂ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਸ ਕਤਲ ਉਪਰੰਤ ਪਹਿਲਾਂ ਪੁਲਿਸ ਕਮਿਸ਼ਨਰ ਐਸ. ਸ੍ਰੀ ਵਾਸਤਵਾ ਨੇ ਕਿਹਾ ਸੀ ਕਿ ਇਹ ਕਤਲ ਸਿੱਖ ਖਾੜਕੂਆਂ ਜਾਂ ਗੈਂਗਸਟਰਾਂ ਵਲੋਂ ਕੀਤਾ ਗਿਆ ਹੋ ਸਕਦਾ ਹੈ।
ਵਰਨਣਯੋਗ ਹੈ ਕਿ ਪੁਲਿਸ ਵਲੋਂ ਕਾਤਲਾਂ ਨੂੰ ਸਿੱਖ ਨੌਜਵਾਨ ਕਹਿ ਕੇ ਕੀਤੇ ਪ੍ਰਚਾਰ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਹੇਠ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮਿਲ ਕੇ ਦੱਸਿਆ ਸੀ ਕਿ ਪੁਲਿਸ ਦੇ ਅਜਿਹੇ ਪ੍ਰਚਾਰ ਕਾਰਨ ਪੰਜਾਬ ਦੇ ਦੋਹਾਂ ਭਾਈਚਾਰਿਆਂ ਵਿਚਕਾਰ ਮਾਹੌਲ ਤਣਾਅਪੂਰਨ ਹੋ ਸਕਦਾ ਹੈ। ਵਫ਼ਦ ਨੇ ਪੁਲਿਸ ਨੂੰ ਤੁਰੰਤ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ। ਸ. ਢੋਟ ਨੇ ਦੱਸਿਆ ਕਿ ਰੋਸ ਪ੍ਰਦਰਸ਼ਨਾਂ ਦੌਰਾਨ ਸੰਤ ਭਿੰਡਰਾਂ ਵਾਲਿਆਂ ਖ਼ਿਲਾਫ਼ ਨਾਅਰੇ ਲਾਉਣਾ ਮੰਦਭਾਗਾ ਹੈ ਜਿਨ੍ਹਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪੁਲੀਸ ਵੱਲੋਂ ਹਮਲਾਵਰ ਨੌਜਵਾਨ ਦੀ ਇੱਕ ਫੋਟੋ ਵੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਵਜੋਂ ਦਿੱਤੀ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਇਨਾਮ ਰੱਖਿਆ ਗਿਆ ਹੈ। ਹਾਲ ਹੀ ਵਿੱਚ ਹਮਲਾਵਰ ਦੀ ਤਸਵੀਰ ਦੇ ਨਾਲ ਇੱਕ ਗੈਂਗਸਟਰ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ, ਜੋ ਆਪਸ ਵਿੱਚ ਮੇਲ ਖਾਂਦੀਆਂ ਹਨ ਅਤੇ ਸ਼ੱਕ ਨੂੰ ਪੁਖ਼ਤਾ ਕਰਦੀਆਂ ਹਨ ਕਿ ਹਮਲਾਵਰ ਅਤੇ ਗੈਂਗਸਟਰ ਇੱਕ ਹੀ ਹੈ।